ਸੋਸ਼ਲ ਮੀਡਿਆ ਦੋਧਾਰੀ ਤਲਵਾਰ

0
744

ਸੋਸ਼ਲ ਮੀਡਿਆ ਦੇ ਜਿੰਨੇ ਫਾਇਦੇ ਹਨ, ਓਨੇ ਨੁਕਸਾਨ ਵੀ ਹਨ। ਇਸ ਦਾ ਇਸਤੇਮਾਲ ਜ਼ਿੰਮੇਵਾਰੀ ਨਾਲ ਕਰਨਾ ਬੜਾ ਜ਼ਰੂਰੀ ਹੈ, ਪਰ ਬਹੁਗਿਣਤੀ ਇਸ ਗੱਲ ਨੂੰ ਤਵੱਜੋ ਨਹੀਂ ਦਿੰਦੀ। ਸੋਸ਼ਲ ਨੈੱਟਵਰਕਿੰਗ ਸਾਈਟਾਂ (ਫੇਸਬੁੱਕ, ਵਟਸਐਪ, ਯੂਟਿਊਬ ਆਦਿ) ਨੇ ਆਪਸੀ ਸੰਚਾਰ ਨੂੰ ਜਿੰਨਾ ਸੌਖਾ ਕਰ ਦਿਤਾ ਹੈ, ਉਂਨਾ ਹੀ ਸਾਡੀ ਸੋਚ ਨੂੰ ਉਲਝਾਇਆ ਹੈ। ਅਸੀਂ ਅੱਜ ‘ਇਨਫਰਮੇਸ਼ਨ ਓਵਰਲੋਡ’ ਸਮਾਜ ਵਿਚ ਰਹਿ ਰਹੇ ਹਾਂ ਜਿਥੇ ਮੀਡਿਆ ਦੇ ਵੱਖਰੇ ਵੱਖਰੇ ਸਾਧਨਾਂ ਤੋਂ ਬਹੁਤ ਜ਼ਿਆਦਾ ਸੂਚਨਾ ਸਾਡੇ ਤਕ ਪਹੁੰਚਦੀ ਹੈ ਤੇ ਇਸ ਸੂਚਨਾ ਨੂੰ ਫਿਲਟਰ ਕਰਨਾ ਅਤੇ ਸਹੀ-ਗ਼ਲਤ ਦਾ ਨਿਖੇੜਾ ਕਰਨਾ ਬਹੁਤ ਹੀ ਔਖਾ ਹੈ।
ਅਮਰੀਕੀ ਲੇਖਕ ਨਿਕੋਲਸ ਕਾਰ (Nicolas Carr) ਨੇ ਆਪਣੀ ਕਿਤਾਬ ‘ਦ ਸ਼ੈਲੋਜ’ (The Shallows: How the Internet is changing the way we think, read and remember) ਵਿਚ ਬੜੇ ਹੀ ਵਿਸਥਾਰ ਨਾਲ ਲਿਖਿਆ ਹੈ ਕਿ ਇੰਟਰਨੈੱਟ ਸਾਡੇ ਦਿਮਾਗ ’ਤੇ ਕਿਸ-ਕਿਸ ਤਰ੍ਹਾਂ ਦੇ ਪ੍ਰਭਾਵ ਪਾਉਂਦਾ ਹੈ। ਇਹੋ ਉੱਘੇ ਕੈਨੇਡੀਅਨ ਦਾਰਸ਼ਨਿਕ ਮਾਰਸ਼ਲ ਮੈਕਲੁਹਾਨ (Marshal McLuhan) ਨੇ ਕਾਫੀ ਪਹਿਲਾਂ ਕੀਤੀ ਸੀ, ਕਿ ਮੀਡਿਆ ਸਿਰਫ ਸੂਚਨਾ ਦਾ ਸਾਧਨ ਨਹੀਂ ਹੈ, ਇਹ ਸਾਨੂੰ ਸੋਚ ਵੀ ਪ੍ਰਦਾਨ ਕਰਦਾ ਹੈ ਤੇ ਸਾਡੀ ਸੋਚ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਕੇ ਇਕ ਸ਼ਕਲ ਵੀ ਦਿੰਦਾ ਹੈ। ਇਸ ਲਈ ਸੋਸ਼ਲ ਮੀਡਿਆ ਤੋਂ ਜਿਸ ਤਰ੍ਹਾਂ ਦੀ ਵੀ ਸੂਚਨਾ ਅਸੀਂ ਲੈ ਰਹੇ ਹਾਂ, ਚਾਹੇ ਕੋਈ ਵੀਡੀਓ ਹੈ ਜਾਂ ਮੈਸੇਜ ਹੈ ਜੋ ਅਸੀਂ ਦੇਖ, ਸੁਣ ਜਾਂ ਪੜ੍ਹ ਰਹੇ ਹਾਂ ਤੇ ਅੱਗੇ ਸ਼ੇਅਰ ਕਰ ਸਾਂਝਾ ਕਰ ਰਹੇ ਹਾਂ। ਇਹ ਸਾਡੀ ਸੋਚ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਹਨ। ਸੋਸ਼ਲ ਮੀਡਿਆ ਦੀ ਸ਼ਕਤੀ ਦਾ ਪਤਾ ਅਰਬ ਸਪਰਿੰਗ ਦੌਰਾਨ ਜ਼ਿਆਦਾ ਲੱਗਿਆ ਸੀ ਜੋ ਕਿ ਲੋਕਤੰਤਰ ਪੱਖੀ ਵਿਦਰੋਹ ਦੀਆਂ ਲੜੀਵਾਰ ਘਟਨਾਵਾਂ ਸਨ, ਜਿਨ੍ਹਾਂ ਦੌਰਾਨ ਪਹਿਲਾ ਮੁਜ਼ਾਹਰਾ ਕੇਂਦਰੀ ਟਿਊਨੀਸ਼ੀਆ ਵਿਚ ਹੋਇਆ, ਜਦੋਂ ਇਕ ਰੇਹੜੀ ਵਾਲੇ ਨੇ ਖ਼ੁਦ ਨੂੰ ਅੱਗ ਲਗਾ ਲਈ ਸੀ|

ਅਸੀਂ ਪੋਸਟ-ਟਰੂਥ (Post Truth) ਕਾਲ ਵਿਚ ਰਹਿ ਰਹੇ ਹਾਂ, ਜਿਥੇ ਇਹੋ ਜਿਹੇ ਹਾਲਾਤ ਹਨ ਕਿ ਤੱਥ ਸਾਨੂੰ ਆਮ ਤੌਰ ‘ਤੇ ਪ੍ਰਭਾਵਿਤ ਨਹੀਂ ਕਰਦੇ ਬਲਕਿ ਜਨਤਕ ਰਾਏ ਨੂੰ ਭਾਵਨਾਤਮਕ ਅਤੇ ਵਿਅਕਤੀਗਤ ਵਿਸ਼ਵਾਸ ਨਾਲ ਪ੍ਰਭਾਵਿਤ ਕੀਤਾ ਜਾਂਦਾ ਹੈ। ਸੋਸ਼ਲ ਮੀਡਿਆ ਨੇ ਇਸ ਪੋਸਟ-ਟਰੂਥ ਕਾਲ ਨੂੰ ਹੋਰ ਵੀ ਵਿਸ਼ਾਲ ਕਰ ਦਿਤਾ ਹੈ। ਇਸ ਲਈ ਤੱਥਾਂ ਨੂੰ ਤੋੜ-ਮਰੋੜ ਕੇ, ਝੂਠ ਨੂੰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਸੋਸ਼ਲ ਮੀਡਿਆ ਵਰਤੋਂਕਾਰ ਉਸ ਨੂੰ ਸੱਚ ਮੰਨ ਲੈਂਦੇ ਹਨ ਤੇ ਸ਼ੇਅਰ ਕਰ ਕੇ ਵਾਇਰਲ ਕਰ ਦਿੰਦੇ ਹਨ। ਇਸ ਚੀਜ਼ ਦੀ ਵਰਤੋਂ ਨਹਿਰੂ ਬਨਾਮ ਪਟੇਲ, ਗਾਂਧੀ ਬਨਾਮ ਸੁਭਾਸ਼ ਚੰਦਰ ਬੋਸ ਤੇ ਕਈ ਇਤਿਹਾਸਕ ਮੁੱਦਿਆਂ ਲਈ ਕੀਤੀ ਗਈ। ਜਾਅਲੀ ਖ਼ਬਰਾਂ ਦਾ ਸਿਲਸਲਾ ਵੀ ਪੋਸਟ-ਟਰੂਥ ਕਾਲ ਦਾ ਮੁੱਖ ਗੁਣ ਹੈ। ਕਿਸੇ ਵੀ ਸਿਆਸੀ ਜਾਂ ਗੈਰ-ਸਿਆਸੀ ਮੁੱਦੇ ’ਤੇ ਸੂਚਨਾ ਦਾ ਵਹਾਅ ਏਨੀ ਤੇਜ਼ੀ ਨਾਲ ਫੈਲਦਾ ਹੈ ਕਿ ਅਸਲ ਮੁਦਾ ਗ਼ਲਤ ਸੂਚਨਾ ਦੇ ਥੱਲੇ ਕਿਤੇ ਦੱਬ ਜਾਂਦਾ ਹੈ। ਅਜਿਹਾ ਇਕ ਰਣਨੀਤੀ ਤਹਿਤ ਕੀਤਾ ਜਾਂਦਾ ਹੈ। ਅੱਜ ਕੱਲ੍ਹ ਹਕੂਮਤਾਂ ਨੇ ਟ੍ਰੋਲ ਆਰਮੀਜ਼ ਬਣਾਈਆਂ ਹੁੰਦੀਆਂ ਹਨ, ਜੋ ਮਿਥੀ ਰਣਨੀਤੀ ਤਹਿਤ ਚੱਲਦੀਆਂ ਤੇ ਸੱਚ ਲਿਖਣ ਵਾਲ਼ਿਆਂ ਜਾਂ ਸਵਾਲ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਇਹ ਟ੍ਰੋਲਸ ਹਰ ਮੁੱਦੇ ’ਤੇ ਗ਼ਲਤ ਸੂਚਨਾ ਨੂੰ ਤੇਜ਼ੀ ਨਾਲ ਫੈਲਾ ਕੇ ਲੋਕ ਰਾਇ ਬਣਉਂਦੇ ਹਨ ਤੇ ਬਹੁਗਿਣਤੀ ਇਸ ਦਾ ਸ਼ਿਕਾਰ ਬਣ ਕੇ ਉਨ੍ਹਾਂ ਦੇ ਉਦੇਸ਼ ਨੂੰ ਪੂਰਾ ਕਰਦੀ ਹੈ।

ਤਿੰਨ ਕਿਸਾਨੀ ਕਾਨੂੰਨਾਂ ਦੀ ਹੀ ਗੱਲ ਕਰੀਏ ਤਾਂ ਇਨ੍ਹਾਂ ਮੁਤੱਲਕ ਸੋਸ਼ਲ ਮੀਡਿਆ ਪੂਰੀ ਤਰ੍ਹਾਂ ਭਰਿਆ ਤੇ ਭਖ਼ਿਆ ਪਿਆ ਹੈ। ਹਕੂਮਤ ਵਲੋਂ ਇਸ ਅੰਦੋਲਨ ਨੂੰ ਨਕਾਰਨ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ, ਜਿਸ ਵਿਚ ਝੂਠੀਆਂ ਖ਼ਬਰਾਂ ਤੇ ਸੂਚਨਾ ਨੂੰ ਸੋਸ਼ਲ ਮੀਡਿਆ ’ਤੇ ਬੜੀ ਹੀ ਤੇਜ਼ੀ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਖਾਲਿਸਤਾਨ ਤੋਂ ਲੈ ਕੇ ਅੱਤਵਾਦੀ, ਦੇਸ਼-ਧ੍ਰੋਹੀ ਤਕ ਸਭ ਸ਼ਬਦ ਕਿਸਾਨ ਲਈ ਵਰਤੇ ਜਾ ਰਹੇ ਹਨ। ਅੱਜ-ਕੱਲ੍ਹ ਸਿਆਸੀ ਪਾਰਟੀਆਂ ਸੋਸ਼ਲ ਮੀਡਿਆ ਖ਼ਪਤਕਾਰਾਂ ਦੀ ਡੇਟਾ ਮਾਈਨਿੰਗ (Data Mining) ਕਰ ਆਪਣੇ ਫਾਇਦੇ ਲਈ ਵਰਤਦੀਆਂ ਹਨ। ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਇਸੇ ਦਾ ਸਬੂਤ ਹੈ। ਫੇਸਬੁੱਕ ਤੇ ਕੈਂਬ੍ਰਿਜ ਐਨਾਲਿਟਿਕਾ ਨਾਮਕ ਕੰਪਨੀ ਨੇ ਲੱਖਾਂ ਲੋਕਾਂ ਦਾ ਨਿੱਜੀ ਡੇਟਾ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਰਾਜਨੀਤਿਕ ਇਸ਼ਤਿਹਾਰਬਾਜ਼ੀ ਲਈ ਵਰਤੀਆ ਸੀ। ਅਸੀਂ ਬੇਬਾਕ ਹੋ ਕਿ ਹਰ ਤਰ੍ਹਾਂ ਦੀਆਂ ਫੋਟੋਆਂ, ਆਪਣੀ ਨਿਜੀ ਸੂਚਨਾ, ਲੋਕੇਸ਼ਨ ਆਦਿ ਸਾਂਝੀ ਕਰ ਦਿੰਦੇ ਹਨ। ਇਨ੍ਹਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਦੇਖਣ ਦੀ ਜ਼ਰੂਰਤ ਹੈ।

ਭਾਰਤ ਇੰਟਰਨੈੱਟ ਦੀ ਬਹੁਤ ਵੱਡੀ ਮੰਡੀ ਬਣ ਗਿਆ ਹੈ ਅਤੇ ਬਹੁਗਿਣਤੀ ਦੀ ਪਹੁੰਚ ਸੋਸ਼ਲ ਮੀਡਿਆ ਤਕ ਹੋ ਗਈ ਹੈ। ਇਸੇ ਲਈ ਕੋਈ ਵੀ ਕੁਝ ਵੀ ਲਿਖਦਾ ਹੈ। ਪਹਿਲਾਂ ਲਿਖਤ ਸ਼ਬਦਾਂ ਦੀ ਅਹਿਮੀਅਤ ਕਾਫ਼ੀ ਹੁੰਦੀ ਸੀ ਕਿਉਂਕਿ ਉਹ ਸ਼ਬਦ ਕਈ ਪੜਾਵਾਂ ’ਤੇ ਸੁਧਾਰੇ ਜਾਣ ਤੋਂ ਬਾਅਦ ਲੋਕਾਂ ਤਕ ਪਹੁੰਚਦੇ ਸੀ। ਸਮਝ ਨਾ ਹੋਣ ਕਰਕੇ ਕੁਝ ਵੀ ਝੂਠ, ਗ਼ਲਤ ਸਾਂਝਾ ਕਰ ਕੇ ਵਾਇਰਲ ਕਰਨਾ ਖਤਰਨਾਕ ਹੈ। ਅਸੀਂ ਅਜੇ ਮੀਡਿਆ ਲਿਟਰੇਸੀ (ਸਮਝਦਾਰੀ) ਤੋਂ ਪਰੇ ਹਾਂ, ਮੀਡਿਆ ਵੱਲੋਂ ਦਿਤੀ ਜਾਣਕਾਰੀ ਜਾਂ ਸੂਚਨਾ ਨੂੰ ਕਿਸ ਤਰ੍ਹਾਂ ਸਮਝਣਾ ਚਾਹੀਦਾ ਹੈ, ਇਹ ਬਹੁਗਿਣਤੀ ਨੂੰ ਨਹੀਂ ਆਉਂਦਾ। ਕੁਝ ਵੀ ਸੋਸ਼ਲ ਮੀਡਿਆ ’ਤੇ ਲਿਖਣ ਤੇ ਸਾਂਝਾ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਘੋਖਣਾ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੀ ਨਿਸ਼ਾਨੀ ਹੈ। …….. ਡਾ. ਬਨਿੰਦਰ ਰਾਹੀ