ਇਹ ਕੈਸੀ ਸ਼ਜਾ?

0
319

ਹਿਊਸਟਨ, 10 ਅਕਤੂਬਰ : ਅਮਰੀਕੀ ਸੂਬੇ ਟੈਕਸਸ ’ਚ ਭਾਰਤੀ ਮੂਲ ਦੀ ਇਕ ਤਿੰਨ ਸਾਲਾ ਲੜਕੀ ਉਸ ਦੇ ਪਾਲਕ ਪਿਤਾ ਵੱਲੋਂ ਕਥਿਤ ਪੂਰਾ ਦੁੱਧ ਨਾ ਪੀਤੇ ਜਾਣ ’ਤੇ ਦਿੱਤੀ ਸਜ਼ਾ ਮਗਰੋਂ ਲਾਪਤਾ ਹੋ ਗਈ। ਵੇਰਵਿਆਂ ਮੁਤਾਬਕ ਲੜਕੀ ਮਾਨਸਿਕ ਵਿਕਾਸ ਨਾਲ ਸਬੰਧਤ ਕਿਸੇ ਬਿਮਾਰੀ ਤੋਂ ਪੀੜਤ ਹੈ ਤੇ ਉਸ ਦੇ ਪਿਤਾ ਨੇ ਉਸ ਨੂੰ ਇਕੱਲੀ ਨੂੰ ਦੁੱਧ ਨਾ ਪੀਣ ’ਤੇ ਸਜ਼ਾ ਵੱਜੋਂ ਦੇਰ ਰਾਤ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ। ਇਸ ਤੋਂ 15 ਮਿੰਟ ਬਾਅਦ ਜਦ ਉਹ ਲੜਕੀ ਨੂੰ ਦੇਖਣ ਬਾਹਰ ਗਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਵੈਸਲੇ ਮੈਥਿਊਸ ਨੇ ਸ਼ੇਰਿਨ (3) ਨੂੰ ਦੋ ਸਾਲ ਪਹਿਲਾਂ ਭਾਰਤ ਦੇ ਇਕ ਯਤੀਮਖ਼ਾਨੇ ਤੋਂ ਗੋਦ ਲਿਆ ਸੀ। ਨਿੱਕੀ ਲੜਕੀ ਸ਼ਨਿੱਚਰਵਾਰ ਸੁਵੱਖਤੇ 3 ਵਜੇ ਤੋਂ ਬਾਅਦ ਲਾਪਤਾ ਹੈ। ਵੈਸਲੇ ਨੂੰ ਸ਼ਨਿੱਚਰਵਾਰ ਰਾਤ ਹੀ ਰਿਚਰਡਸਨ ਪੁਲੀਸ ਵੱਲੋਂ ਬੱਚੇ ਨੂੰ ਇਕੱਲਾ ਛੱਡ ਉਸ ਦੀ ਜਾਨ ਖ਼ਤਰੇ ’ਚ ਪਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਮਗਰੋਂ 250,000 ਡਾਲਰ ਦਾ ਬਾਂਡ ਭਰਨ ਮਗਰੋਂ ਰਿਹਾਅ ਕਰ ਦਿੱਤਾ ਗਿਆ। ਹਾਲਾਂਕਿ ਵੈਸਲੇ ਨੇ ਘਰ ਦੇ ਬਾਹਰ ਘਟਨਾ ਵਾਲੇ ਦਿਨ ਕਿਸੇ ਜੰਗਲੀ ਜਾਨਵਰ ਦੇ ਹੋਣ ਬਾਰੇ ਦੱਸਿਆ ਪਰ ਪੁਲੀਸ ਨੂੰ ਇਸ ਸਬੰਧੀ ਕੋਈ ਸਬੂਤ ਨਹੀਂ ਮਿਲਿਆ।

ਐਫਬੀਆਈ ਨੇ ਸਨਿੱਚਰਵਾਰ ਤੋਂ ਲਾਪਤਾ ਤਿੰਨ ਵਰ੍ਹਿਆਂ ਦੀ ਭਾਰਤੀ ਬੱਚੀ ਸ਼ੇਰਿਨ ਮੈਥਿਊਜ਼ ਦੇ ਘਰ ਦੀ ਤਲਾਸ਼ੀ ਲਈ।
ਅਮਰੀਕੀ ਮੀਡੀਆ ਮੁਤਾਬਕ ਬੀਤੀ ਰਾਤ ਐਫਬੀਆਈ ਅਧਿਕਾਰੀਆਂ ਨੇ ਘਰ ਅੰਦਰ ਜਾ ਕੇ ਉਥੋਂ ਦਾ ਮੁਆਇਨਾ ਕੀਤਾ। ‘ਡਲਾਸ ਮੋਰਨਿੰਗ ਨਿਊਜ਼’ ਮੁਤਾਬਕ ਪੁਲੀਸ ਨੇ ਗੁਆਂਢ ’ਚ ਪੈਂਦੇ ਘਰਾਂ ਦੀ ਵੀ ਤਹਿਕੀਕਾਤ ਕੀਤੀ ਅਤੇ ਸ਼ੇਰਿਨ ਦੀ ਭਾਲ ’ਚ ਖੋਜੀ ਕੁੱਤਿਆਂ ਅਤੇ ਹੈਲੀਕਾਪਟਰ ਦੀਆਂ ਸੇਵਾਵਾਂ ਲਈਆਂ। ਉਧਰ ਸ਼ੇਰਿਨ ਦੀ ਚਾਰ ਸਾਲਾਂ ਦੀ ਭੈਣ ਨੂੰ ਪਰਿਵਾਰ ਤੋਂ ਲੈ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ ਹੈ।                  -ਪੀਟੀਆਈ