ਗ਼ਦਰ ਪਾਰਟੀ ਦੇ ਇਤਿਹਾਸ ਵਿੱਚ ਜਿਹੜੀਆਂ ਅਹਿਮ ਘਟਨਾਵਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿੱਚ ਕਾਬਲ ਵਿੱਚ ਅਕਾਲੀ ਸਟੋਰ ਦਾ ਖੁੱਲ੍ਹਣਾ ਵੀ ਸ਼ਾਮਲ ਹੈ। ਗ਼ਦਰੀ ਬਾਬਾ ਹਰਜਾਪ ਸਿੰਘ ਮਾਹਿਲਪੁਰ ਨੇ ਆਪਣੀ ‘ਜੇਲ੍ਹ ਡਾਇਰੀ ਅਤੇ ਹੋਰ ਲਿਖਤਾਂ’ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਬਾਬਾ ਗੁਰਮੁੱਖ ਸਿੰਘ ਲਲਤੋਂ ਨੂੰ 1921 ਵਿੱਚ ਪੁਲੀਸ ਜੇਲ੍ਹ ਬਦਲੀ ਲਈ ਲਿਜਾ ਰਹੀ ਸੀ ਕਿ ਇੱਕ ਥਾਂ ਉਹ ਸਿਪਾਹੀਆਂ ਤੋਂ ਅੱਖ ਬਚਾ ਕੇ ਗੱਡੀ ਵਿੱਚੋਂ ਉਤਰ ਕੇ ਭੱਜ ਗਏ ਪਰ ਸਿਪਾਹੀਆਂ ਨੇ ਪਿੱਛੇ ਭੱਜ ਕੇ ਉਨ੍ਹਾਂ ਨੂੰ ਫੜ ਲਿਆ। ਦੂਜੀ ਵਾਰ ਜੇਲ੍ਹ ਬਦਲੀ ਸਮੇਂ ਉਹ ਭੱਜਣ ਵਿੱਚ ਕਾਮਯਾਬ ਹੋ ਕੇ ਯੂ.ਪੀ. ਵਿੱਚ ਬਾਬੂ ਸਚਿੰਦਰ ਨਾਥ ਸਨਿਆਲ ਕੋਲ ਪੁੱਜ ਗਏ। ਉੱਥੋਂ ਉਨ੍ਹਾਂ ਦੀ ਸਹਾਇਤਾ ਨਾਲ ਪੰਜਾਬ ਪੁੱਜ ਗਏ। ਕੁਝ ਸਮਾਂ ਪੰਜਾਬ ਠਹਿਰਨ ਪਿੱਛੋਂ ਉਹ ਅਫ਼ਗ਼ਾਨਿਸਤਾਨ ਚਲੇ ਗਏ।
ਮਾਸਟਰ ਊਧਮ ਸਿੰਘ ਕਸੇਲ ਵੀ ਜੇਲ੍ਹ ਵਿੱਚੋਂ ਭੱਜ ਕੇ ਪਹਿਲਾਂ ਹੀ ਅਫ਼ਗਾਨਿਸਤਾਨ ਪੁੱਜ ਚੁੱਕੇ ਸਨ, ਜਿੱਥੇ ਉਨ੍ਹਾਂ ਨੇ ਲਾਲਪੁਰਾ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ, ਜੋ ਛੇਤੀ ਹੀ ਤਰੱਕੀ ਕਰ ਗਿਆ। ਉਹ ਇਸ ਸਕੂਲ ਵਿੱਚ ਪੜ੍ਹਾਉਣ ਕਰਕੇ ਹੀ ਮਾਸਟਰ ਨਾਂ ਨਾਲ ਪ੍ਰਸਿੱਧ ਹੋਏ। ਅਫ਼ਗ਼ਾਨਿਸਤਾਨ ਵਿੱਚ ਖ਼ਾਲਸਾ ਦੀਵਾਨ ਜਲਾਲਾਬਾਦ ਦੀ ਨੀਂਹ ਵੀ ਉਨ੍ਹਾਂ ਨੇ ਹੀ ਰੱਖੀ ਸੀ। ਇਹ ਦੀਵਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਾਲ ਸਬੰਧਿਤ ਹੋ ਗਿਆ। ਕਾਬਲ ਦੇ ਗਵਰਨਰ ਜਨਰਲ ਨਾਦਰ ਖ਼ਾਂ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ। ਉਹ ਹਰ ਸਾਲ ਅੰਮ੍ਰਿਤਸਰ ਜਾਂਦੇ ਸਨ। ਅਫ਼ਗ਼ਾਨਿਸਤਾਨ ਵਿੱਚ ਹੀ ਅਮਰੀਕਾ ਤੋਂ ਆਉਂਦੇ ਹੋਏ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਉਨ੍ਹਾਂ ਨੂੰ ਮਿਲੇ। ਆਪਣੇ ਗੁਜ਼ਾਰੇ ਲਈ ਇਨ੍ਹਾਂ ਸਾਰਿਆਂ ਨੇ ਅਫ਼ਗ਼ਾਨਿਸਤਾਨ ਦੇ ਸ਼ਹਿਰ ਕਾਬਲ ਵਿੱਚ ਦੁਕਾਨ ਖੋਲ੍ਹ ਲਈ, ਜਿਸ ਦਾ ਨਾਂ ਅਕਾਲੀ ਸਟੋਰ ਰੱਖਿਆ ਗਿਆ। ਇਹ ਦੁਕਾਨ ਅਫ਼ਗ਼ਾਨਿਸਤਾਨ ਵਿੱਚ ਪੰਜਾਬੀ ਸਿੱਖਾਂ ਦਾ ਅੱਡਾ ਬਣਨ ਕਰਕੇ ਬਹੁਤ ਕਾਮਯਾਬੀ ਨਾਲ ਚੱਲਦੀ ਰਹੀ। ਇੱਥੇ ਹਰ ਆਉਣ-ਜਾਣ ਵਾਲੇ ਦੇ ਰਹਿਣ ਤੇ ਖਾਣ ਪੀਣ ਦਾ ਚੰਗਾ ਪ੍ਰਬੰਧ ਸੀ। ਮੁਨਿਆਰੀ ਤੋਂ ਇਲਾਵਾ ਇੱਥੇ ਸੋਡੇ ਦੀਆਂ ਬੋਤਲਾਂ ਵੇਚੀਆਂ ਜਾਂਦੀਆਂ ਸਨ।
ਮਾਸਟਰ ਊਧਮ ਸਿੰਘ ਹਰ ਸਾਲ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਸਨ। ਆਖ਼ਰੀ ਵਾਰ 1925 ਵਿੱਚ ਉਹ ਜਦੋਂ ਅੰਮ੍ਰਿਤਸਰ ਆਏ ਤਾਂ ਉਨ੍ਹਾਂ ਭਾਈ ਸੰਤੋਖ ਸਿੰਘ ਨੂੰ ਕਿਰਤੀ ਰਸਾਲਾ ਸ਼ੁਰੂ ਕਰਨ ਦੀ ਪ੍ਰੇਰਨਾ ਦਿੱਤੀ ਤੇ ਆਰਥਿਕ ਸਹਾਇਤਾ ਵੀ ਦਿੱਤੀ। ਜਦੋਂ ਵਾਪਸ ਅਫ਼ਗ਼ਾਨਿਸਤਾਨ ਜਾ ਰਹੇ ਸਨ ਤਾਂ ਰਸਤੇ ਵਿੱਚ ਦੋ ਪਠਾਣ, ਜਿਹੜੇ ਉਨ੍ਹਾਂ ਰਾਹ ਦੱਸਣ ਲਈ ਲਿਆਂਦੇ ਸਨ, ਨੇ ਉਨ੍ਹਾਂ ਦਾ ਕਤਲ ਕਰ ਦਿੱਤਾ। ਘਟਨਾ ਅਨੁਸਾਰ ਜਦੋਂ ਉਹ ਕਬੀਲਿਆਂ ਦੇ ਇਲਾਕੇ ਵਿੱਚ ਗਏ ਤਾਂ ਪਠਾਣਾਂ ਨੇ ਪੈਸਿਆਂ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਬਟੂਆ ਕੱਢ ਕੇ ਪੈਸੇ ਦਿੱਤੇ ਤਾਂ ਪਠਾਣਾਂ ਦਾ ਬਟੂਏ ਵਿੱਚ ਰਕਮ ਵੇਖ ਕੇ ਮਨ ਬੇਇਮਾਨ ਹੋ ਗਿਆ। ਉਨ੍ਹਾਂ ਬਟੂਆ ਖੋਹ ਲਿਆ। ਮਾਸਟਰ ਜੀ ਨੇ ਪਿਸਤੌਲ ਵਖਾ ਕੇ ਬਟੂਆ ਉਨ੍ਹਾਂ ਕੋਲੋਂ ਲੈ ਲਿਆ। ਪਠਾਣ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਕੇ ਬੰਦੂਕਾਂ ਲੈ ਕੇ ਉਸ ਰਸਤੇ ਵਿੱਚ ਆ ਗਏ, ਜਿੱਥੋਂ ਮਾਸਟਰ ਜੀ ਨੇ ਲੰਘਣਾ ਸੀ। ਜਦੋਂ ਮਾਸਟਰ ਜੀ ਉਸ ਥਾਂ ਪੁੱਜੇ ਤਾਂ ਪਠਾਣਾਂ ਨੇ ਗੋਲੀ ਚਲਾ ਦਿੱਤੀ। ਮਾਸਟਰ ਜੀ ਨੇ ਮੁਕਾਬਲਾ ਕੀਤਾ ਪਰ ਅਖ਼ੀਰ ਵਿੱਚ ਸ਼ਹੀਦ ਹੋ ਗਏ। ਲਾਲਪੁਰ ਦੇ ਸਿੱਖਾਂ ਨੇ ਰਾਤੋ ਰਾਤ ਉਨ੍ਹਾਂ ਦੀ ਦੇਹ ਲਿਆ ਕੇ ਸਸਕਾਰ ਕਰ ਦਿੱਤਾ। ਕਤਲ ਵਾਲੀ ਥਾਂ ’ਤੇ ਪਠਾਣਾਂ ਨੇ ਕਬਰ ਬਣਾਈ ਹੋਈ ਹੈ, ਜਿਸ ਨੂੰ ਹਿੰਦੁਸਤਾਨੀ ਦੇਸ਼ ਭਗਤ ਸਮਝ ਕੇ ਸਤਿਕਾਰਿਆ ਜਾਂਦਾ ਹੈ।
ਭਾਰਤ ਸਰਕਾਰ ਨੂੰ ਬਾਬਾ ਗੁਰਮੁਖ ਸਿੰਘ, ਮਾਸਟਰ ਊਧਮ ਸਿੰਘ ਤੇ ਭਾਈ ਰਤਨ ਸਿੰਘ ਦੇ ਕਾਬਲ ਹੋਣ ਦਾ ਪਤਾ ਲੱਗਾ ਤਾਂ ਸਰਕਾਰ ਨੇ ਭਾਈ ਰਤਨ ਸਿੰਘ ਤੇ ਬਾਬਾ ਗੁਰਮੁਖ ਸਿੰਘ ਨੂੰ ਆਪਣੇ ਸਪੁਰਦ ਕਰਨ ਲਈ ਅਫ਼ਗ਼ਾਨਿਸਤਾਨ ਦੀ ਸਰਕਾਰ ਨੂੰ ਚਿੱਠੀ ਲਿਖੀ ਤੇ ਦੋਸ਼ ਲਾਇਆ ਕਿ ਉਹ ਬਗ਼ਾਵਤ ਪੈਦਾ ਕਰਨ ਲਈ ਹਥਿਆਰ ਤੇ ਸਾਹਿਤ ਭੇਜਦੇ ਰਹਿੰਦੇ ਹਨ, ਜੋ ਦੋਵਾਂ ਸਰਕਾਰਾਂ ਦੀ ਸੰਧੀ ਦੀ ਉਲੰਘਣਾ ਹੈ। ਅਫ਼ਗ਼ਾਨਿਸਤਾਨ ਨੇ ਸਬੂਤਾਂ ਦੀ ਮੰਗ ਕੀਤੀ ਤਾਂ ਜੋ ਉੱਥੇ ਹੀ ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾ ਸਕੇ ਪਰ ਹਿੰਦ ਸਰਕਾਰ ਨੇ ਕੋਈ ਜਵਾਬ ਨਾ ਦਿੱਤਾ।
ਜਲਾਲਾਬਾਦ ਦੇ ਇੱਕ ਦੀਵਾਨ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਤੇਜਾ ਸਿੰਘ ਸੁਤੰਤਰ ਤੇ ਭਾਈ ਹਜ਼ਾਰਾ ਸਿੰਘ ਦਾ ਰਾਗੀ ਜਥਾ ਪ੍ਰਚਾਰ ਲਈ ਭੇਜਿਆ ਗਿਆ। ਇੱਥੇ ਹੀ ਗਿਆਨੀ ਤੇਜਾ ਸਿੰਘ ਸੁਤੰਤਰ ਦੀ ਮੁਲਾਕਾਤ ਬਾਬਾ ਗੁਰਮੁਖ ਸਿੰਘ ਤੇ ਮਾਸਟਰ ਊਧਮ ਸਿੰਘ ਕਸੇਲ ਨਾਲ ਹੋਈ। ਇਨ੍ਹਾਂ ਦੋਵਾਂ ਨੇ ਕੋਲੋਂ ਪੈਸੇ ਦੇ ਕੇ ਅਫ਼ਗ਼ਾਨਿਸਤਾਨ ਵਿੱਚ ਨਿਯੁਕਤ ਤੁਰਕੀ ਦੇ ਸਫ਼ੀਰ ਰਾਹੀਂ ਫ਼ੌਜੀ ਵਿੱਦਿਆ ਪ੍ਰਾਪਤ ਕਰਨ ਲਈ ਤੇਜਾ ਸਿੰਘ ਸੁਤੰਤਰ ਨੂੰ ਤੁਰਕੀ ਭੇਜ ਦਿੱਤਾ। ਕੁਝ ਸਮਾਂ ਉਹ ਵਿੱਦਿਆ ਪ੍ਰਾਪਤ ਕਰ ਕੇ ਅਮਰੀਕਾ ਚਲੇ ਗਏ। ਉੱਥੋਂ ਕਮਿਊਨਿਜ਼ਮ ਦੀ ਪੜ੍ਹਾਈ ਕਰਨ ਲਈ ਗ਼ਦਰ ਪਾਰਟੀ ਨੇ ਉਨ੍ਹਾਂ ਨੂੰ ਮਾਸਕੋ ਭੇਜ ਦਿੱਤਾ। ਉਹ 1934 ਵਿੱਚ ਮਾਸਕੋ ਤੋਂ ਹਿੰਦੁਸਤਾਨ ਆ ਗਏ। ਉਹ ਲੁਕ ਛਿਪ ਕੇ ਕੰਮ ਕਰਦੇ ਸਨ ਕਿ ਸਰਕਾਰ ਨੇ ਕੁਝ ਸਮੇਂ ਪਿੱਛੋਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਨਜ਼ਰਬੰਦ ਕਰ ਦਿੱਤਾ। ਜਦੋਂ ਮਈ 1942 ਵਿੱਚ ਕਮਿਊਨਿਸਟ ਪਾਰਟੀ ਨੇ ਪਹਿਲੀ ਵਿਸ਼ਵ ਜੰਗ ਨੂੰ ਇੰਪੀਰੀਅਲ ਜੰਗ ਮੰਨਣ ਦੀ ਥਾਂ ਜਨਤਾ ਦੀ ਜੰਗ ਮੰਨ ਲਿਆ ਤੇ ਇਸ ਵਿੱਚ ਸਰਕਾਰ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਤਾਂ ਬਾਕੀ ਕਮਿਊਨਿਸਟਾਂ ਨਾਲ ਉਨ੍ਹਾਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ।
1927 ਵਿੱਚ ਬਾਬਾ ਗੁਰਮੁਖ ਸਿੰਘ ਨੇ ਅਫ਼ਗ਼ਾਨਿਸਤਾਨ ਸਰਕਾਰ ਪਾਸੋਂ ਅਮਰੀਕਾ ਜਾਣ ਦਾ ਪਾਸਪੋਰਟ ਲੈ ਲਿਆ। ਉਹ ਅਮਰੀਕਾ ਜਾਣ ਲਈ ਮਾਸਕੋ ਚਲੇ ਗਏ। ਉਨ੍ਹੀਂ ਦਿਨੀਂ ਗ਼ਦਰ ਪਾਰਟੀ ਅਮਰੀਕਾ ਦਾ ਇੱਕ ਵਫ਼ਦ ਮਾਸਕੋ ਆਇਆ ਹੋਇਆ ਸੀ। ਬਾਬਾ ਜੀ ਦੀ ਇਸ ਵਫ਼ਦ ਨਾਲ ਮੁਲਾਕਾਤ ਹੋਈ। ਕੁਝ ਦਿਨਾਂ ਬਾਅਦ ਮਾਸਕੋ ਤੋਂ ਤੁਰਕੀ ਚਲੇ ਗਏ। ਤੁਰਕੀ ਵਿੱਚ ਅਮਰੀਕੀ ਸਫ਼ੀਰ ਰਾਹੀਂ ਅਮਰੀਕਾ ਵਿੱਚ 6 ਮਹੀਨੇ ਰਹਿਣ ਦੀ ਆਗਿਆ ਮਿਲ ਗਈ। ਅਮਰੀਕਾ ਜਾ ਕੇ ਉਨ੍ਹਾਂ ਨੇ ਗ਼ਦਰ ਪਾਰਟੀ ਨਾਲ ਮਿਲ ਕੇ ਕੰਮ ਕੀਤਾ। ਉਨ੍ਹਾਂ ਹਜ਼ਾਰਾਂ ਰੁਪਏ ਇਕੱਠੇ ਕਰ ਕੇ ਕਿਰਤੀ ਕਿਸਾਨ ਪਾਰਟੀ ਤੇ ਕਿਰਤੀ ਅਖ਼ਬਾਰ ਲਈ ਭੇਜੇ। ਅਮਰੀਕਾ ਵਿੱਚ ਉਨ੍ਹਾਂ ਨੂੰ ਰਾਜਸੀ ਕੰਮਾਂ ਵਿੱਚ ਦਖ਼ਲ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਵਾ ਲਿਆ ਗਿਆ। ਬਿਮਾਰ ਹੋਣ ਕਰਕੇ ਉਨ੍ਹਾਂ ਨੂੰ 6 ਮਹੀਨੇ ਹੋਰ ਰਹਿਣ ਦੀ ਆਗਿਆ ਮਿਲ ਗਈ। ਰਾਜ਼ੀ ਹੋਣ ਉਤੇ ਉਨ੍ਹਾਂ ਨੂੰ ਜਲਾਵਤਨ ਕਰ ਦਿੱਤਾ ਗਿਆ। ਉਹ 1929 ਦੀਆਂ ਗਰਮੀਆਂ ਵਿੱਚ ਮੁੜ ਕਾਬਲ ਆ ਗਏ। 1931 ਵਿੱਚ ਉਹ ਗ਼ੈਰਕਾਨੂੰਨੀ ਤੌਰ ‘ਤੇ ਭਾਰਤ ਆਏ ਤੇ ਕਰਾਚੀ ਕਾਂਗਰਸ ਵਿੱਚ ਸ਼ਾਮਲ ਹੋਏ। ਉਹ ਤਿੰਨ-ਚਾਰ ਮਹੀਨੇ ਪੰਜਾਬ ਵਿੱਚ ਰਹਿ ਕਿ ਕਿਰਤੀ ਕਿਸਾਨ ਪਾਰਟੀ ਦੀ ਜਥੇਬੰਦੀ ਵਿੱਚ ਹਿੱਸਾ ਲੈਂਦੇ ਰਹੇ। ਫਿਰ ਉਹ ਅਫ਼ਗ਼ਾਨਿਸਤਾਨ ਵਾਪਸ ਆ ਗਏ। ਆਉਣ ਸਮੇਂ ਉਹ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਨੂੰ ਵੀ ਨਾਲ ਲੈ ਆਏ ਤੇ ਕਮਿਊਨਿਜ਼ਮ ਦੀ ਵਿੱਦਿਆ ਲਈ ਉਨ੍ਹਾਂ ਨੂੰ ਮਾਸਕੋ ਭੇਜ ਦਿੱਤਾ।
ਉਸ ਸਮੇਂ ਨਾਦਰ ਖ਼ਾਂ ਅਫ਼ਗ਼ਾਨਿਸਤਾਨ ਦਾ ਬਾਦਸ਼ਾਹ ਸੀ। ਹਿੰਦ ਸਰਕਾਰ ਨੇ ਬਾਬਾ ਗੁਰਮੁਖ ਸਿੰਘ ਤੇ ਰਤਨ ਸਿੰਘ ਨੂੰ ਆਪਣੇ ਹਵਾਲੇ ਕਰਨ ਲਈ ਅਫ਼ਗ਼ਾਨ ਸਰਕਾਰ ਨੂੰ ਕਿਹਾ। ਨਾਦਰ ਖ਼ਾਂ ਨੇ ਉਨ੍ਹਾਂ ਨੂੰ ਹਿੰਦ ਸਰਕਾਰ ਦੇ ਹਵਾਲੇ ਨਾ ਕੀਤਾ ਪਰ ਅਫ਼ਗ਼ਾਨਿਤਾਨ ਵਿੱਚੋਂ ਨਿਕਲਣ ਦੀ ਆਗਿਆ ਦੇ ਦਿੱਤੀ। ਅਕਾਲੀ ਸਟੋਰ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ। ਇਸ ਤਰ੍ਹਾਂ ਗ਼ਦਰੀਆਂ ਦਾ ਇਹ ਅੱਡਾ ਬੰਦ ਹੋ ਗਿਆ ਪਰ ਜਿੰਨਾ ਚਿਰ ਵੀ ਇਹ ਸਟੋਰ ਚੱਲਿਆ, ਇਸ ਨੇ ਸ਼ਲਾਘਾਯੋਗ ਕੰਮ ਕੀਤਾ। ਡਾ. ##ਚਰਨਜੀਤ ਸਿੰਘ ਗੁਮਟਾਲਾ