ਇਨਕਲਾਬੀ ਨਾਇਕ ਅਰਨੈਸਟੋ ਚੀ ਗੁਵੇਰਾ

0
721

ਸੰਸਾਰ ਦਾ ਇਤਿਹਾਸ ਮਹਾਨ ਯੋਧਿਆਂ, ਸੂਰਮਿਆਂ, ਸ਼ਹੀਦਾਂ, ਨਾਇਕਾਂ ਅਤੇ ਆਗੂਆਂ ਦੀਆਂ ਮਹਾਨ ਸ਼ਾਨਾਮੱਤੀਆਂ, ਪ੍ਰੇਰਨਾਮਈ ਕੁਰਬਾਨੀਆਂ ਅਤੇ ਗਾਥਾਵਾਂ ਨਾਲ ਭਰਿਆ ਪਿਆ ਹੈ, ਪਰ ਅਰਨੈਸਟੋ ਚੀ ਗੁਵੇਰਾ ਦੀ ਗਾਥਾ ਸਾਰੇ ਸੰਸਾਰ ਦੇ ਇਤਿਹਾਸ ਵਿੱਚੋਂ ਵਿਲੱਖਣ ਅਤੇ ਲਾਸਾਨੀ ਹੈ। ਉਸ ਨੇ ਆਪਣੇ ਜੀਵਨ ਨੂੰ ਅਮਲੀ ਤੌਰ ‘ਤੇ ਇਨਕਲਾਬ ਨੂੰ ਸਮਰਪਿਤ ਕਰ ਕੇ ਸਾਰੇ ਸੰਸਾਰ ਨੂੰ ਇਹ ਵਿਖਾ ਦਿੱਤਾ ਕਿ ਸਹੀ ਅਰਥਾਂ ਵਿੱਚ ਅੰਤਰਰਾਸ਼ਟਰਵਾਦ ਕੀ ਹੁੰਦਾ ਹੈ। ਸੰਸਾਰ ਇਤਿਹਾਸ ਦਾ ਇਹ ਵਿਲੱਖਣ ਯੋਧਾ ਅਰਜਨਟਾਈਨਾ ਵਿੱਚ ਜਨਮਿਆ, ਲਾਤੀਨੀ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਗਿਆ, ਗੁਆਟੇਮਾਲਾ ਵਿੱਚ ਸਾਮਰਾਜਵਾਦ ਵਿਰੁੱਧ ਲੜਿਆ, ਕਿਊਬਾ ਵਿੱਚ ਇਨਕਲਾਬ ਨੂੰ ਜੇਤੂ ਬਣਾਇਆ ਅਤੇ ਪੱਕੇ ਪੈਰੀਂ ਕੀਤਾ ਅਤੇ ਫਿਰ ਹੋਰ ਦੇਸ਼ਾਂ ਵਿੱਚ ਇਨਕਲਾਬ ਲਈ ਲੜਨ ਵਾਸਤੇ ਕਿਊਬਾ ਨੂੰ ਛੱਡ ਦਿੱਤਾ। ਉਹ ਬੋਲੀਵੀਆ ਵਿੱਚ ਜੂਝਦਿਆਂ ਨੌਂ ਅਕਤੂਬਰ, 1967 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ। ਵਿਸ਼ਵ ਦੇ ਇਤਿਹਾਸ ਵਿੱਚ ਅਜਿਹੀ ਹੋਰ ਮਿਸਾਲ ਨਹੀਂ ਮਿਲਦੀ।
ਸੰਸਾਰ ਇਨਕਲਾਬ ਦੇ ਇਸ ਮਹਾਂਨਾਇਕ ਦਾ ਜਨਮ 14 ਜੂਨ, 1928 ਨੂੰ ਅਰਜਨਟਾਈਨਾ ਦੇ ਸ਼ਹਿਰ ਰੋਸਾਰੀਓ ਵਿਖੇ ਹੋਇਆ। ਉਸ ਦੇ ਪਿਤਾ ਅਰਨੈਟੋ ਗੁਵੇਰਾ ਲਾਇੰਚ ਆਇਰਿਸ਼ ਮੂਲ ਦੇ ਸਨ ਅਤੇ ਮਾਤਾ ਸੀਲਿਆ ਡੀ ਲਾ ਸੇਰਨਾ ਸਪੈਨਿਸ਼ ਮੂਲ ਦੀ ਸੀ। ਦੋ ਸਾਲ ਦੀ ਉਮਰ ਵਿੱਚ ਹੀ ਉਹ ਦਮੇ ਦੇ ਰੋਗ ਦਾ ਸ਼ਿਕਾਰ ਹੋ ਗਿਆ ਅਤੇ ਸਾਰੀ ਉਮਰ ਇਸ ਰੋਗ ਨੇ ਉਸ ਦਾ ਪਿੱਛਾ ਨਹੀਂ ਛੱਡਿਆ। 1946 ਤੋਂ1953 ਤਕ ਚੀ ਨੇ ਅਰਜਨਟਾਈਨਾ ਦੀ ਰਾਜਧਾਨੀ ਬਿਓਨਸ ਆਇਰਸ਼ ਵਿੱਚ ਨੈਸ਼ਨਲ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕਰ ਕੇ ਇੱਕ ਕੁਆਲੀਫਾਈਡ ਡਾਕਟਰ ਦੀ ਡਿਗਰੀ ਹਾਸਲ ਕੀਤੀ। ਪੜ੍ਹਾਈ ਦੇ ਦੌਰਾਨ ਹੀ 1951-52 ਵਿੱਚ ਉਸ ਨੇ ਲਾਤੀਨੀ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕੀਤੀ। ਇਸ ਨਾਲ ਉਸ ਦੀ ਸੋਚ ਅਤੇ ਨਜ਼ਰੀਆ ਵਿਸ਼ਾਲ ਅਤੇ ਵਿਸ਼ਵ-ਵਿਆਪੀ ਬਣਨਾ ਸ਼ੁਰੂ ਹੋ ਗਿਆ। ਪੜ੍ਹਾਈ ਪੂਰੀ ਕਰਨ ਤੋਂ ਬਾਅਦ 1953-54 ਵਿੱਚ ਉਹ ਇੱਕ ਵਾਰ ਫਿਰ ਲਾਤੀਨੀ ਅਮਰੀਕੀ ਦੇਸ਼ਾਂ ਦੀ ਯਾਤਰਾ ‘ਤੇ ਨਿਕਲ ਪਿਆ। 1954 ਵਿੱਚ ਉਸ ਨੇ ਗੁਆਟੇਮਾਲਾ ਵਿਖੇ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਵੱਲੋਂ ਉੱਥੋਂ ਦੇ ਚੁਣੇ ਹੋਏ ਰਾਸ਼ਟਰਪਤੀ ਅਰਬੇਨਜ਼ ਦੀ ਸਰਕਾਰ ਦਾ ਤਖ਼ਤਾ ਪਲਟਣ ਦੀ ਕਾਰਵਾਈ ਵਿਰੁੱਧ ਸੰਘਰਸ਼ ਵਿੱਚ ਹਿੱਸਾ ਲਿਆ ਪਰ ਜਮਹੂਰੀ ਸਰਕਾਰ ਦੀ ਹਾਰ ਤੋਂ ਬਾਅਦ ਉਹ ਮੈਕਸੀਕੋ ਚਲਾ ਗਿਆ, ਜਿੱਥੇ 1955 ਵਿੱਚ ਉਸ ਦੀ ਮੁਲਾਕਾਤ ਕਿਊਬਾ ਦੇ ਇਨਕਲਾਬੀ ਆਗੂ ਫੀਡਲ ਨਾਲ ਹੋਈ। ਇਸ ਪਿੱਛੋਂ ਉਹ ਕਿਊਬਾ ਮੁਹਿੰਮ ਦਾ ਮੈਂਬਰ ਬਣ ਗਿਆ ਸੀ। ਜੂਨ 1956 ਵਿੱਚ ਉਸ ਨੂੰ ਮੈਕਸੀਕੋ ਸਿਟੀ ਵਿੱਚ ਫੀਡਲ ਕਾਸਟਰੋ ਦੇ ਯੂਨਿਟ ਦੇ ਮੈਂਬਰ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਰ ਦੋ ਮਹੀਨੇ ਬਾਅਦ ਹੀ ਉਹ ਰਿਹਾਅ ਹੋਣ ਵਿੱਚ ਸਫ਼ਲ ਹੋ ਗਿਆ।
25 ਨਵੰਬਰ, 1956 ਨੂੰ ”ਗਰੈਨਮਾ” ਨਾਂ ਦੇ ਸਮੁੰਦਰੀ ਜਹਾਜ਼ ਵਿੱਚ ਸਵਾਰ ਹੋ ਕੇ ਫੀਡਲ ਕਾਸਟਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ 82 ਇਨਕਲਾਬੀਆਂ ਨੇ ਮੈਕਸੀਕੋ ਤੋਂ ਕਿਊਬਾ ਲਈ ਚਾਲੇ ਪਾ ਦਿੱਤੇ। ਦੋ ਦਸੰਬਰ ਨੂੰ ਗਰੈਨਮਾ, ਕਿਊਬਾ ਦੀ ਧਰਤੀ ‘ਤੇ ਪਹੁੰਚ ਗਿਆ। ਦੋ ਸਾਲ ਤੋਂ ਵੱਧ ਸਮਾਂ ਤਾਨਾਸ਼ਾਹ ਬਤਿਸਤਾ ਦੀਆਂ ਫ਼ੌਜਾਂ ਅਤੇ ਇਨਕਲਾਬੀਆਂ ਵਿਚਕਾਰ ਗਹਿਗੱਚ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਚੀ ਨੇ ਕਈ ਜੇਤੂ ਮੁਹਿੰਮਾਂ ਦੀ ਅਗਵਾਈ ਕੀਤੀ। ਦਸੰਬਰ, 1958 ਵਿੱਚ ਸਾਂਤਾ ਕਲਾਰਾ ‘ਤੇ ਹਮਲਾ ਬੋਲਿਆ ਗਿਆ। ਚੀ ਗਵੇਰਾ ਨੇ ਇਸ ਹਮਲੇ ਦੀ ਅਗਵਾਈ ਕੀਤੀ। ਇੱਕ ਜਨਵਰੀ, 1959 ਨੂੰ ਸਾਂਤਾ ਕਲਾਰਾ ਆਜ਼ਾਦ ਹੋ ਗਿਆ। ਦੋ ਜਨਵਰੀ ਨੂੰ ਚੀ ਦੇ ਫ਼ੌਜੀ ਦਸਤੇ ਨੇ ਕਿਊਬਾ ਦੀ ਰਾਜਧਾਨੀ ਹਵਾਨਾ ਵਿੱਚ ਪ੍ਰਵੇਸ਼ ਕੀਤਾ ਅਤੇ ਕਿਊਬਾ ਦਾ ਇਨਕਲਾਬ ਸਫ਼ਲ ਹੋ ਗਿਆ ਅਤੇ ਫੀਡਲ ਕਾਸਟਰੋ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਸਰਕਾਰ ਸਥਾਪਤ ਹੋ ਗਈ। ਚੀ ਨੂੰ ਕਿਊਬਾ ਦੇ ਰਾਸ਼ਟਰੀ ਬੈਂਕ ਦਾ ਡਾਇਰੈਕਟਰ ਬਣਾਇਆ ਗਿਆ। ਉਸ ਨੇ ਕਿਊਬਾ ਦੇ ਚੈਕੋਸਲਵਾਕੀਆ, ਜਰਮਨ ਡੈਮੋਕਰੇਟਿਕ ਰਿਪਬਲਿਕ ਵਰਗੇ ਸਮਾਜਵਾਦੀ ਦੇਸ਼ਾਂ ਦਾ ਦੌਰਾ ਕੀਤਾ ਅਤੇ ਕਿਊਬਾ ਇਨਕਲਾਬ ਲਈ ਆਰਥਿਕ ਅਤੇ ਨੈਤਿਕ ਸਮਰਥਨ ਹਾਸਲ ਕੀਤਾ। 23 ਫਰਵਰੀ, 1961 ਨੂੰ ਚੀ ਗੁਵੇਰਾ ਨੂੰ ਕਿਊਬਾ ਦਾ ਉਦਯੋਗ ਮੰਤਰੀ ਅਤੇ ਕੇਂਦਰੀ ਯੋਜਨਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਉਸ ਨੇ ਨੌਂ ਦਸੰਬਰ 1964 ਨੂੰ ਯੂ.ਐੱਨ.ਓ. ਦੀ ਜਨਰਲ ਅਸੈਂਬਲੀ ਦੇ ਸਮਾਗਮ ਵਿੱਚ ਕਿਊਬਾ ਦੇ ਡੈਲੀਗੇਸ਼ਨ ਦੀ ਅਗਵਾਈ ਕੀਤੀ। ਯੂ.ਐੱਨ.ਓ. ਦੀ ਜਨਰਲ ਅਸੈਂਬਲੀ ਨੂੰ ਕ੍ਰਾਂਤੀਕਾਰੀ ਕਿਊਬਾ ਦੇ ਪ੍ਰਤੀਨਿਧ ਦੇ ਤੌਰ ‘ਤੇ ਸੰਬੋਧਨ ਕਰਦਿਆਂ ਚੀ ਨੇ ਭਾਈਚਾਰੇ ਸਾਹਮਣੇ ਇਨਕਲਾਬ ਦਾ ਪੱਖ ਸਫ਼ਲਤਾ ਨਾਲ ਪੇਸ਼ ਕੀਤਾ।
ਸਾਲ 1965 ਵਿੱਚ ਚੀ ਗੁਵੇਰਾ ਨੇ ਅਲਜੀਰੀਆ, ਕਾਂਗੋ, ਗੁਆਇਨਾ, ਘਾਣਾ, ਤਨਜ਼ਾਨੀਆਂ, ਮਿਰ ਆਦਿ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਕੀਤੀ ਅਤੇ ਤਿੰਨ ਮਹੀਨੇ ਬਾਅਦ 14 ਮਾਰਚ, 1965 ਨੂੰ ਵਾਪਸ ਹਵਾਨਾ ਪਰਤਿਆ। ਉਸ ਦੀ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਦਾ ਉਦੇਸ਼ ਅਫ਼ਰੀਕਨ ਰਾਸ਼ਟਰੀ ਮੁਕਤੀ ਸੰਘਰਸ਼ਾਂ ਵਿੱਚ ਏਕਤਾ ਅਤੇ ਆਪਸੀ ਮਿਲਵਰਤਨ ਲਈ ਯਤਨ ਕਰਨਾ ਸੀ। ਜਦ ਉਸ ਨੂੰ ਯਕੀਨ ਹੋ ਗਿਆ ਕਿ ਕਿਊਬਾ ਵਿੱਚ ਇਨਕਲਾਬ ਪੱਕੇ ਪੈਰੀਂ ਹੋ ਗਿਆ ਹੈ ਤਾਂ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਕਿਊਬਾ ਵਿੱਚ ਉਸ ਦੀ ਜ਼ਿੰਮੇਵਾਰੀ ਖ਼ਤਮ ਹੋ ਗਈ ਹੈ ਅਤੇ ਹੁਣ ਉਸ ਦੀ ਲੋੜ ਕਿਊਬਾ ਨਾਲੋਂ ਵੱਧ ਉਨ੍ਹਾਂ ਦੇਸ਼ਾਂ ਦੇ ਲੋਕਾਂ ਨੂੰ ਹੈ ਜਿਨ੍ਹਾਂ ਵਿੱਚ ਅਜੇ ਇਨਕਲਾਬ ਲਈ ਸੰਘਰਸ਼ ਚੱਲ ਰਹੇ ਹਨ। ਅਫ਼ਰੀਕੀ ਦੇਸ਼ਾਂ ਦੀ ਯਾਤਰਾ ਤੋਂ 14 ਮਾਰਚ, 1965 ਨੂੰ ਹਵਾਨਾ ਪਰਤਣ ਤੋਂ ਬਾਅਦ ਚੀ ਗੁਵੇਰਾ ਜਨਤਕ ਤੌਰ ‘ਤੇ ਵਿਖਾਈ ਨਹੀਂ ਦਿੱਤੇ। ਇਨ੍ਹਾਂ ਦਿਨਾਂ ਵਿੱਚ ਉਸ ਨੇ ਫੀਡਲ ਕਾਸਟਰੋ, ਆਪਣੇ ਮਾਤਾ-ਪਿਤਾ ਅਤੇ ਬੱਚਿਆਂ ਦੇ ਨਾਂ ਵਿਦਾਈ ਪੱਤਰ ਲਿਖੇ। ਸੰਸਾਰ ਇਨਕਲਾਬ ਦਾ ਇਹ ਮਹਾਨ ਪੁੱਤਰ, ਕਿਊਬਾ ਦਾ ਉਦਯੋਗ ਮੰਤਰੀ, ਸੁੱਖ ਸਹੂਲਤਾਂ, ਸ਼ਾਂਤੀ, ਮਾਨ-ਸਨਮਾਨ ਦਾ ਜੀਵਨ, ਪਰਿਵਾਰ ਆਦਿ ਸਭ ਕੁਝ ਤਿਆਗ ਕੇ ਕ੍ਰਾਂਤੀ ਦੀ ਜੁਆਲਾ ਨੂੰ ਸੰਸਾਰ ਦੇ ਹੋਰ ਦੇਸ਼ਾਂ ਵਿੱਚ ਭਖਾਉਣ ਤੇ ਤੇਜ਼ ਕਰਨ ਲਈ ਘਣੇ ਜੰਗਲਾਂ ਲਈ ਰਵਾਨਾ ਹੋ ਗਿਆ।
ਸੱਤ ਨਵੰਬਰ, 1966 ਨੂੰ ਚੀ ਗੁਵੇਰਾ ਬੋਲੀਵੀਆ ਵਿੱਚ ਨਾਨਕਾ ਰੁਆਸੂ ਦਰਿਆ ਦੇ ਗੁਰੀਲਾ ਬੇਸ ਵਿੱਚ ਪਹੁੰਚ ਗਿਆ। 23 ਮਾਰਚ, 1967 ਨੂੰ ਉਸ ਨੇ ਬੋਲੀਵੀਆ ਵਿੱਚ ਗੁਰੀਲਾ ਯੂਨਿਟ ਜਥੇਬੰਦ ਕੀਤਾ ਜਿਸ ਨੂੰ ਬੋਲੀਵੀਆ ਦੀ ਰਾਸ਼ਟਰੀ ਮੁਕਤੀ ਫ਼ੌਜ ਦਾ ਨਾਂ ਦਿੱਤਾ ਗਿਆ। ਇਸ ਫ਼ੌਜ ਨੇ ਚੀ ਗੁਵੇਰਾ ਦੀ ਅਗਵਾਈ ਵਿੱਚ ਆਪਣੀ ਫ਼ੌਜੀ ਕਾਰਵਾਈ ਸ਼ੁਰੂ ਕੀਤੀ। ਇਸ ਕਾਰਵਾਈ ਦੌਰਾਨ ਚੀ ਅਤੇ ਉਸ ਦੇ ਸਾਥੀਆਂ ਨੂੰ ਭਿਆਨਕ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਜੰਗਲ ਵਿੱਚ ਭੁੱਖ ਅਤੇ ਪਿਆਸ ਦਾ ਸ਼ਿਕਾਰ ਹੋਣਾ ਪਿਆ। ਅੱਠ ਅਕਤੂਬਰ ਨੂੰ ਯੂਰੋਹੌਲੇ ਦੀ ਲੜਾਈ ਵਿੱਚ ਉਹ ਆਪਣੇ ਸਾਥੀਆਂ ਸਮੇਤ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਸਰਕਾਰ ਫ਼ੌਜ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਰਾਤ ਇੱਕ ਸਕੂਲ ਵਿੱਚ ਰੱਖਿਆ ਗਿਆ। ਨੌਂ ਅਕਤੂਬਰ, 1967 ਵਾਲੇ ਦਿਨ ਸੀ. ਆਈ. ਏ. ਦੇ ਇਸ਼ਾਰਿਆਂ ‘ਤੇ ਰਿੰਗੁਏਰਾ ਪਿੰਡ ਵਿੱਚ ਰੇਂਜਰਾਂ ਨੇ ਸਾਰੇ ਕੌਮਾਂਤਰੀ ਨਿਯਮਾਂ ਅਤੇ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗਦਿਆਂ ਚੀ ਅਤੇ ਉਸ ਦੇ ਸਾਥੀਆਂ ਨੂੰ ਸ਼ਹੀਦ ਕਰ ਦਿੱਤਾ।
ਅੱਜ ਚੀ ਗੁਵੇਰਾ ਸਮੁੱਚੇ ਸੰਸਾਰ ਵਿੱਚ ਇਨਕਲਾਬ ਦਾ ਚਿੰਨ੍ਹ ਬਣ ਚੁੱਕਾ ਹੈ। ਉਹ ਸੰਸਾਰ ਦੇ ਅਰਬਾਂ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਲਈ ਕ੍ਰਾਂਤੀ ਦਾ ਮਹਾਂਨਾਇਕ ਹੈ। ਚੀ ਗੁਵੇਰਾ ਅੱਜ ਸੰਸਾਰ ਭਰ ਵਿੱਚ ਕ੍ਰਾਂਤੀਕਾਰੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਕਰਦਾ ਰਹੇਗਾ।