ਸਰਾਪ ਬਣਿਆ ਸੋਸ਼ਲ ਮੀਡੀਆ

0
456

21ਵੀਂ ਸਦੀ ਦਾ ਦੂਸਰਾ ਦਹਾਕਾ ਆਪਣੇ ਅਖੀਰੀ ਦੌਰ ਵਿੱਚ ਹੋਣ ਦੇ ਮੌਕੇ ਸੰਸਾਰ ਭਰ ਅੰਦਰ ਆਧੁਨਿਕ ਤਕਨਾਲੋਜੀ ਦੀ ਕਾਢ ਸੋਸ਼ਲ ਮੀਡੀਆ ਆਪਣੇ ਜੋਬਨ ਉੱਤੇ ਹੈ। ਸੋਸ਼ਲ ਮੀਡੀਆ ਨੇ ਫੇਸਬੁੱਕ, ਵੱਟਸਐਪ , ਟਵਿੱਟਰ ਆਦਿ ਸਮੇਤ ਅਨੇਕਾਂ ਹੋਰ ਰੂਪਾਂ ਰਾਹੀਂ ਦੁਨੀਆਂ ਭਰ ਦੇ ਹਰ ਉਮਰ ਦੇ ਅਰਬਾਂ ਲੋਕਾਂ ਨੂੰ ਆਪਣੀ ਪਕੜ ਵਿੱਚ ਲੈ ਲਿਆ ਹੈ। ਅੱਜ ਤੜਕੇ ਉੱਠਣ ਸਾਰ ਬਹੁਤਾਤ ਨੌਜਵਾਨਾਂ ਦੇ ਹੱਥ ਵਿੱਚ ਆਪਣਾ ਸਮਾਰਟ ਫੋਨ ਹੁੰਦਾ ਹੈ। ਖ਼ਤਰਨਾਕ ਢੰਗ ਨਾਲ ਸੈਲਫੀਆਂ ਲੈਂਦੇ ਹੋਏ ਜਾਨ ਗਵਾ ਦੇਣ ਦਾ ਮਸਲਾ ਅਜੋਕੇ ਭਾਰਤੀ ਸਮਾਜ ਅੰਦਰ ਆਮ ਬਣ ਚੁੱਕਾ ਹੈ। ਅਜੋਕੇ ਮਾਪਿਆਂ ਨੂੰ ਆਪਣੇ ਕਿਸ਼ੋਰ ਅਵਸਥਾ ਵਿੱਚੋਂ ਗੁਜ਼ਰ ਰਹੇ ਬੱਚਿਆਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਅ ਕੇ ਰੱਖਣਾ ਅੱਜ ਦੋਇਮ ਹੋ ਗਿਆ ਹੈ ਜਦੋਂਕਿ ਚੜ੍ਹਦੀ ਉਮਰ ਦੇ ਇਨ੍ਹਾਂ ਪਾੜ੍ਹਿਆਂ ਨੂੰ ਬਲਿਊਵੇਲ੍ਹ ਵਰਗੀਆਂ ਖ਼ਤਰਨਾਕ ਇੰਟਰਨੈਟ ਖੇਡਾਂ ਤੋਂ ਬਚਾਅ ਕੇ ਰੱਖਣਾ ਤਰਜੀਹ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਨੇ ਸਮਾਜ ਅੰਦਰੋਂ ਸਹਿਣਸ਼ੀਲਤਾ ਦਾ ਪੱਧਰ ਚਿੰਤਾਜਨਕ ਪੱਧਰ ਤਕ ਘਟਾ ਦਿੱਤਾ ਹੈ। ਵੱਟਸਐਪ ਗਰੁੱਪਾਂ ਨੇ ਵੱਖੋ-ਵੱਖਰੇ ਵਰਗਾਂ ਅੰਦਰ ਆਪਸੀ ਟਕਰਾਅ ਨੂੰ ਖ਼ਤਰਨਾਕ ਪੱਧਰ ਤਕ ਪਹੁੰਚਾ ਦਿੱਤਾ ਹੈ। ਗਰੁੱਪ ਦਾ ਕੋਈ ਇੱਕ ਮੈਂਬਰ ਸਮੂਹਿਕ ਸਮਝਦਾਰੀ ਤੋਂ ਵਖਰੇਵਾਂ ਰੱਖਦਾ ਨਾਕਾਰਾਤਮਕ ਸੁਨੇਹਾ ਗਰੁੱਪ ਵਿੱਚ ਪਾ ਛੱਡਦਾ ਹੈ ਤਾਂ ਗਰੁੱਪ ਅੰਦਰ ਸ਼ੁਰੂ ਹੋਈ ਬੇਲੋੜੀ ਬਹਿਸ ਦੇਰ ਰਾਤ ਤਕ ਜਾਰੀ ਰਹਿੰਦੀ ਹੈ, ਕਈ ਵਾਰੀ ਦੂਸਰੀ ਸਵੇਰ ਨੂੰ ਵੀ ਜਾ ਛੂੰਹਦੀ ਹੈ। ਗਰੁੱਪ ਚਾਹੇ ਪਰਿਵਾਰਕ ਹੋਵੇ ਜਾਂ ਸਮਾਜਿਕ ਅਕਸਰ ਉਸ ਅੰਦਰ ਗਰੁੱਪ ਨੂੰ ਬਣਾਉਣ ਦੇ ਮੁੱਢਲੇ ਉਦੇਸ਼ ਤੋਂ ਹਟਵੀਂ ਬਹਿਸ ਲਗਾਤਾਰ ਚੱਲਦੀ  ਰਹਿੰਦੀ ਹੈ। ਅਨੇਕਾਂ ਸਮਾਜਿਕ, ਦਫ਼ਤਰੀ ਗਰੁੱਪਾਂ ਵਿੱਚ ਮਰਦ, ਔਰਤ ਸਾਂਝੇ ਤੌਰ ’ਤੇ ਮੈਂਬਰ ਹੁੰਦੇ ਹਨ। ਅਜਿਹੇ ਗਰੁੱਪਾਂ ਵਿੱਚ ਕੋਈ ਵੀ ਪੋਸਟ ਪਾਉਣ ਤੋਂ ਪਹਿਲਾਂ ਹਰੇਕ ਮੈਂਬਰ ਨੂੰ ਭਾਰੀ ਸਾਵਧਾਨੀ ਤੋਂ ਕੰਮ ਲੈਣਾ ਚਾਹੀਦਾ ਹੈ, ਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਵੇਲੇ-ਕੁਵੇਲੇ ਕੋਈ ਵਿਰਲਾ ਟਾਵਾਂ ਗਰੁੱਪ ਮੈਂਬਰ ਅਜਿਹੇ ਸਾਂਝੇ ਗਰੁੱਪ ਵਿੱਚ ਕੋਈ ਅਨੈਤਿਕ ਪੋਸਟ ਜਾਂ ਵੀਡੀਓ ਪਾ ਛੱਡਦਾ ਹੈ। ਜਿਸਦੇ ਚੱਲਦੇ ਜਿੱਥੇ ਸਮੂਹ ਮੈਂਬਰਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਅਜਿਹੀ ਘਟਨਾ ਉਪਰੰਤ ਅੰਤਿਮ ਨਤੀਜਾ ਗਰੁੱਪ ਐਡਮਿਨ ਵੱਲੋਂ ਸਬੰਧਿਤ ਗਰੁੱਪ ਦੇ ਖ਼ਾਤਮੇ ਦੇ ਰੂਪ ਵਿੱਚ ਹੁੰਦਾ ਹੈ। ਅਨੇਕਾਂ ਮੈਂਬਰ ਗਰੁੱਪ ਵਿੱਚ ਰੋਜ਼ਾਨਾ ਸ਼ੁਭ ਸਵੇਰ, ਸ਼ੁਭ ਰਾਤਰੀ ਦੇ ਸੁਨੇਹੇ ਪਾਉਣਾ ਆਪਣਾ ਜੱਦੀ ਹੱਕ ਸਮਝਦੇ ਹਨ। ਕਈ ਹੋਰ ਗਰੁੱਪ ਵਿੱਚ ਆਏ ਦਿਨ ਆਪਣੀਆਂ ਵੱਖਰੇ ਅੰਦਾਜ਼ਾਂ ਵਿੱਚ ਖਿੱਚੀਆਂ ਤਸਵੀਰਾਂ ਪਾਉਣ ਦੇ ਸ਼ੁਦਾਅ ਦੀ ਹੱਦ ਤਕ ਮਜਬੂਰ ਹੁੰਦੇ ਹਨ। ਵੱਟਸਐਪ ਦੀ ਦੁਰਵਰਤੋਂ ਨੇ ਪਰਿਵਾਰਕ ਤੇ ਸਮਾਜਿਕ ਰਿਸ਼ਤਿਆਂ ਵਿੱਚ ਆਪਸੀ ਸਾਂਝ ਨੂੰ ਵੱਡੀ ਪੱਧਰ ਉੱਤੇ ਢਾਅ ਲਗਾਈ ਹੈ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਤਰੇੜਾਂ ਪਾਉਣ ਲਈ ਵੱਟਸਐਪ ਇੱਕ  ਤਕੜੇ ਕਾਰਕ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਸੋਸ਼ਲ ਮੀਡੀਆ ਦੀ ਦੁਰਵਰਤੋਂ ਨਾਲ ਅਨੇਕਾਂ ਨੌਜਵਾਨ ਮਨੋਵਿਗਿਆਨਕ ਵਿਕਾਰਾਂ ਦਾ ਸ਼ਿਕਾਰ ਹੋ ਰਹੇ ਹਨ। ਮੁੱਕਦੀ ਗੱਲ ਅੱਜ ਅਸੀਂ ਤਕਨਾਲੋਜੀ ਰੂਪੀ ਇਸ ਵਿਗਿਆਨਕ ਵਰ ਨੂੰ ਇੱਕ ਸਰਾਪ ਬਣਾਉਣ ਤਕ ਦਾ ਸਫ਼ਰ ਤੈਅ ਕਰ ਲਿਆ ਹੈ। ਇਸ ਤੋਂ ਬਚਾਅ ਦਾ ਇੱਕੋ-ਇੱਕ ਰਾਹ ਇਹ ਹੈ ਕਿ ਹਰੇਕ ਬਾਲਗ ਵਿਅਕਤੀ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਲਈ ਆਪਣੇ ਆਪ ਨੂੰ ਜ਼ਾਬਤੇ ਵਿੱਚ ਰੱਖਣਾ ਯਕੀਨੀ ਬਣਾਵੇ। ਮਾਪੇ ਅਤੇ ਅਧਿਆਪਕ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਲਈ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਕਰਕੇ ਰੋਲ ਮਾਡਲ ਬਣਨ। ਸਰਕਾਰਾਂ ਦਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਤਕਨਾਲੋਜੀ ਦੇ ਸਿਖ਼ਰ ਦੇ ਅਜੋਕੇ ਦੌਰ ਵਿੱਚ ਇਸ ਦੀ ਦੁਰਵਰਤੋਂ ਨੂੰ ਰੋਕਣ ਹਿੱਤ ਸਖ਼ਤ ਕਾਨੂੰਨ ਦਾ ਪ੍ਰਬੰਧ ਕੀਤਾ  ਜਾਵੇ।

ਗੁਰਪ੍ਰੀਤ ਸਿੰਘ ਹੀਰਾ ਸੰਪਰਕ: 96460-02556