ਨਵੀਂ ਦਿੱਲੀ : ਹਾਲਾਂਕਿ ਆਮ ਤੌਰ ‘ਤੇ ਲੋਕ ਵਿਆਹ ਦੇ ਸਮੇਂ ਸੋਨੇ ਦੇ ਗਹਿਣੇ ਤੇ ਹੋਰ ਚੀਜ਼ਾਂ ਖਰੀਦਦੇ ਹਨ ਪਰ ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ ਜਾਂ ਦੂਜੇ ਸ਼ਬਦਾਂ ਵਿੱਚ ਇਹ ਸੋਨੇ ਵਿੱਚ ਨਿਵੇਸ਼ ਕਰਨ ਦਾ ਇੱਕ ਵਧੀਆ ਮੌਕਾ ਹੈ।
ਤਿਉਹਾਰੀ ਸੀਜ਼ਨ, ਖਾਸ ਕਰਕੇ ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਦੌਰਾਨ ਦੇਸ਼ ਵਿੱਚ ਸੋਨੇ ਦੀ ਮੰਗ ਸਭ ਤੋਂ ਵੱਧ ਹੁੰਦੀ ਹੈ। ਸੋਨੇ ਵਿੱਚ ਨਿਵੇਸ਼ ਕਰਨਾ ਇੱਕ ਅਜਿਹਾ ਸੁਰੱਖਿਅਤ ਨਿਵੇਸ਼ ਹੈ ਕਿ ਨੁਕਸਾਨ ਹੋਣਾ ਨਾ ਦੇ ਬਰਾਬਰ ਹੈ।
ਹੁਣ ਤੱਕ ਸੋਨੇ ਨੇ ਦਿੱਤਾ 20 ਫ਼ੀਸਦੀ ਤੋਂ ਜ਼ਿਆਦਾ ਰਿਟਰਨ
ਪਿਛਲੀ ਦੀਵਾਲੀ ਮਤਲਬ 2022 ਦੀ ਦੀਵਾਲੀ ਤੋਂ ਲੈ ਕੇ ਹੁਣ ਤੱਕ ਸੋਨੇ ਨੇ 20 ਫ਼ੀਸਦੀ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ। ਘਰੇਲੂ ਬਾਜ਼ਾਰ ‘ਚ ਸੋਨੇ ਦੀ ਕੀਮਤ ਲਗਭਗ 10,000 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 60,700 ਰੁਪਏ ਹੋ ਗਈ ਹੈ।
ਗੁੱਡ ਰਿਟਰਨਜ਼ ਵੈੱਬਸਾਈਟ ਦੇ ਅਨੁਸਾਰ, ਫਿਲਹਾਲ ਰਾਜਧਾਨੀ ਦਿੱਲੀ ‘ਚ 24 ਅਕਤੂਬਰ ਨੂੰ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 61,840 ਰੁਪਏ ਹੈ।
ਤਿਉਹਾਰੀ ਸੀਜ਼ਨ ਵਿੱਚ ਕੀਮਤਾਂ ’ਚ ਜਾਰੀ ਰਹਿ ਸਕਦੀ ਹੈ ਤੇਜ਼ੀ
ਮਾਹਿਰਾਂ ਅਨੁਸਾਰ ਆਉਣ ਵਾਲੇ ਤਿਉਹਾਰੀ ਸੀਜ਼ਨ ‘ਚ ਸੋਨੇ ਦੀਆਂ ਕੀਮਤਾਂ ਉੱਚੀਆਂ ਰਹਿਣਗੀਆਂ। ਪਿਛਲੇ ਹਫ਼ਤੇ 20 ਅਕਤੂਬਰ ਨੂੰ ਸੋਨੇ ਦੀਆਂ ਕੀਮਤਾਂ ਪੰਜ ਮਹੀਨਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈਆਂ ਸਨ। ਪਿਛਲੇ ਦੋ ਹਫ਼ਤਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ 9 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਤਰਰਾਸ਼ਟਰੀ ਬਾਜ਼ਾਰਾਂ ‘ਚ ਹਾਜਿਰ ਸੋਨਾ 0.2 ਫ਼ੀਸਦੀ ਚੜ੍ਹ ਕੇ 1,976.99 ਡਾਲਰ ਪ੍ਰਤੀ ਔਂਸਤ ‘ਤੇ ਰਿਹਾ ਜਦੋਂ ਕਿ ਅਮਰੀਕੀ ਸੋਨਾ ਵਾਇਦਾ 1,988.10 ਡਾਲਰ ‘ਤੇ ਸਥਿਰ ਰਿਹਾ।
ਕੱਲ੍ਹ ਕੀ ਸੀ ਸੋਨੇ ਦੀ ਕੀਮਤ?
ਹਾਲਾਂਕਿ ਬੀਤੇ ਦਿਨ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ ਸੀ। HDFC ਸਕਿਓਰਿਟੀਜ਼ ਦੇ ਅਨੁਸਾਰ ਸੋਮਵਾਰ 23 ਅਕਤੂਬਰ ਨੂੰ ਦਿੱਲੀ ‘ਚ ਸੋਨੇ ਦੀ ਕੀਮਤ 250 ਰੁਪਏ ਦੀ ਗਿਰਾਵਟ ਨਾਲ 61,600 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ ਸੀ।
ਚਾਂਦੀ ਵੀ ਕੱਲ੍ਹ 250 ਰੁਪਏ ਸਸਤੀ ਹੋ ਕੇ 75,000 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਸੀ। ਅੱਜ ਦੁਸਹਿਰੇ ਦੇ ਮੌਕੇ ‘ਤੇ ਸ਼ੇਅਰ ਬਾਜ਼ਾਰ ਬੰਦ ਰਹੇ।
ਮੰਗ ਵਧਣ ਕਾਰਨ ਵਧ ਸਕਦੀ ਹੈ ਕੀਮਤ
ਵਪਾਰ ਦੇ ਸਧਾਰਨ ਨਿਯਮਾਂ ਅਨੁਸਾਰ, ਜੇਕਰ ਮੰਗ ਵਧਦੀ ਹੈ ਤਾਂ ਕੀਮਤਾਂ ਵਧਦੀਆਂ ਹਨ। ਇਸੇ ਤਰ੍ਹਾਂ ਇਸ ਤਿਉਹਾਰੀ ਸੀਜ਼ਨ ‘ਚ ਵੀ ਮੰਗ ਵਧਣ ਦੇ ਮੱਦੇਨਜ਼ਰ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ।