ਵਾਸ਼ਿੰਗਟਨ ਡੀਸੀ : ‘ਸਿੱਖਸ ਫ਼ਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦੇ ਅਮਰੀਕਾ ‘ਚ ਇੱਕ ਸੜਕ ਹਾਦਸੇ ਦੌਰਾਨ ਮੌਤ ਦੀ ਖ਼ਬਰ ਇਸ ਵੇਲੇ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਖ਼ਬਰ ਦੀ ਹਾਲੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ | ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸਾਨ ਫ਼੍ਰਾਂਸਿਸਕੋ ਸਥਿਤ ਭਾਰਤੀ ਕੌਂਸਲਖਾਨੇ ‘ਤੇ ਕੁਝ ਖ਼ਾਲਿਸਤਾਨੀਆਂ ਵੱਲੋਂ ਹਮਲੇ ਤੋਂ ਬਾਅਦ ਪਨੂੰ ਦੀ ਮੌਤ ਦੀ ਖ਼ਬਰ ਨਾਲ ਭੰਬਲ਼ਭੂਸਾ ਉੱਸਰ ਗਿਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਨੂ ਦੀ ਮੌਤ ਦੀ ਖ਼ਬਰ ਅਫਵਾਹ ਹੈ। ਉਹ ਜਲਦੀ ਹੀ ਸਾਹਮਣੇ ਆਵੇਗਾ।
‘ਐਮਜੇ ਕਲੱਬ’ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਸੂਤਰਾਂ ਦੇ ਹਵਾਲੇ ਨਾਲ ਇਸ ਨੂੰ ਵੱਡੀ ਬ੍ਰੇਕਿੰਗ ਨਿਊਜ਼ ਦੱਸਦਿਆਂ ਇਹ ਦਾਅਵਾ ਕੀਤਾ ਹੈ। ਹੈਂਡਲ ਨੇ ਦਾਅਵਾ ਕੀਤਾ ਕਿ ਗੁਰਪਤਵੰਤ ਸਿੰਘ ਪੰਨੂ ਪਿਛਲੇ 2 ਮਹੀਨਿਆਂ ਦੌਰਾਨ ਮਾਰੇ ਗਏ 3 ਖਾਲਿਸਤਾਨੀ ਅੱਤਵਾਦੀਆਂ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਜਵੜ ਦੀ ਮੌਤ ਤੋਂ ਬਾਅਦ ਲੁਕੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ।