ਚੀਨ ’ਚ ਪੰਜਾਬੀ ’ਵਰਸਿਟੀ ਦੇ ਤੀਰਅੰਦਾਜ਼ਾਂ ਨੇ ਲਾਈ ਮੈਡਲਾਂ ਦੀ ਝੜੀ

0
84

ਪਟਿਆਲਾ : ਚੀਨ ਵਿਖੇ ਚੱਲ ਰਹੀਆਂ ‘ਵਿਸ਼ਵ ਯੂਨੀਵਰਸਿਟੀ ਖੇਡਾਂ’ ’ਚ ਭਾਰਤ ਨੇ ਤੀਰਅੰਦਾਜ਼ੀ ਦੇ ਵੱਖ-ਵੱਖ ਮੁਕਬਲਿਆਂ ’ਚ ਮੈਡਲ ਪ੍ਰਾਪਤ ਕੀਤੇ। ਪੰਜਾਬੀ ਯੂਨੀਵਰਸਿਟੀ ਦੇ ਚਾਰ ਤੀਰਅੰਦਾਜ਼ ਖਿਡਾਰੀ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਨੇ ਤੀਰਅੰਦਾਜ਼ੀ ਦੇ ਇਨ੍ਹਾਂ ਵੱਖ-ਵੱਖ ਈਵੈਂਟਸ ਦੀਆਂ ਟੀਮਾਂ ’ਚ ਸ਼ਿਰਕਤ ਕੀਤੀ ਅਤੇ ਚਾਰਾਂ ਨੇ ਹੀ ਆਪਣੇ ਆਪਣੇ ਈਵੈਂਟ ’ਚ ਮੈਡਲ ਪ੍ਰਾਪਤ ਕਰ ਲਏ ਹਨ। ਅਮਨ ਸੈਣੀ ਨੇ ਸੋਨ ਤਗ਼ਮਾ ਤੇ ਕਾਂਸੀ ਦਾ ਤਗ਼ਮਾ ਜਿੱਤਿਆ, ਸੰਗਮਪ੍ਰੀਤ ਸਿੰਘ ਨੇ ਕਾਂਸੀ ਤਗ਼ਮਾ ਜਿੱਤਿਆ, ਅਵਨੀਤ ਕੌਰ ਨੇ ਚਾਂਦੀ ਦਾ ਤਗ਼ਮਾ ਅਤੇ ਤਨੀਸ਼ਾ ਵਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵੱਲੋਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਤੋਂ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਟੀਮ ਨੇ ਕੰਪਾਊਂਡ ਮਿਕਸਡ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੁਸ਼ੀ ਪ੍ਰਗਟਾਉਂਦਿਆਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਹੈ।
ਸੂਬੇ ਦੇ ਖੇਡ ਮਾਮਲਿਆਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਨ੍ਹਾਂ ਖਿਡਾਰੀਆਂ ਦੀ ਜਿੱਤ ’ਤੇ ਵਿਸ਼ੇਸ਼ ਵਧਾਈ ਦਿੱਤੀ ਹੈ। ਉਨ੍ਹਾਂ ਆਪਣੇ ਟਵਿੱਟਰ ’ਤੇ ਲਿਖਿਆ ਕਿ, ‘ਚੀਨ ਵਿਖੇ ਚੱਲ ਰਹੀਆਂ ’~ਵਿਸ਼ਵ ਯੂਨੀਵਰਸਿਟੀ ਖੇਡਾਂ’ ਵਿੱਚ ਭਾਰਤ ਵੱਲੋਂ ਹਿੱਸਾ ਲੈਂਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਚਾਰ ਤੀਰਅੰਦਾਜ਼ ਖਿਡਾਰੀਆਂ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਨੇ ਵੱਖ-ਵੱਖ ਟੀਮ ਤੇ ਵਿਅਕਤੀਗਤ ਈਵੈਂਟਾਂ ’ਚ ਇੱਕ ਸੋਨੇ, ਇਕ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ.ੇ ਜਿੱਤੇ। ਜੇਤੂ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।’