ਬਾਬੇ ਵੱਧ ਖਰਾਬ

0
407

ਛੇੜਛਾੜ ਮਾਮਲੇ: ਕਾਲਜ ਦੀਆਂ ਵਿਦਿਆਰਥਣਾਂ ਨੌਜਵਾਨਾਂ ਨਾਲੋਂ ਬਜ਼ੁਰਗਾਂ ਤੋਂ ਵੱਧ ਪ੍ਰੇਸ਼ਾਨ
ਚੰਡੀਗੜ੍ਹ, (ਸੁਖਵਿੰਦਰ ਪਾਲ ਸੋਢੀ) : ਚੰਡੀਗੜ੍ਹ ਹਾਲ ਦੀ ਘੜੀ ਔਰਤਾਂ ਤੇ ਲੜਕੀਆਂ ਲਈ ਅਸੁਰੱਖਿਅਤ ਬਣ ਗਿਆ ਹੈ। ਇਥੋਂ ਦੀਆਂ ਬੱਸਾਂ ਵਿੱਚ ਲੜਕਿਆਂ ਨਾਲੋਂ ਬਜ਼ੁਰਗ ਜ਼ਿਆਦਾ ਲੜਕੀਆਂ ਨੂੰ ਪ੍ਰੇਸ਼ਾਨ ਕਰਦੇ ਹਨ। ਇਹ ਪ੍ਰਗਟਾਵਾ ਦੇਵ ਸਮਾਜ ਕਾਲਜ ਸੈਕਟਰ-45 ਦੀਆਂ ਵਿਦਿਆਰਥਣਾਂ ਨੇ ਅੱਜ ਐਸਐਸਪੀ ਨਿਲੰਬਰੀ ਜਗਦਲੇ ਨਾਲ ਰੂਬਰੂ ਹੁੰਦਿਆਂ ਕੀਤਾ।
ਕਾਲਜ ਦੇ ਵਿਮੈਨ ਸੈੱਲ ਵਲੋਂ ‘ਅਜੋਕੇ ਵੇਲੇ ਲੜਕੀਆਂ ਤੇ ਔਰਤਾਂ ਨੂੰ ਕਿਵੇਂ ਸੁਰੱਖਿਅਤ ਕੀਤਾ ਜਾ ਸਕਦਾ’ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਯੂਟੀ ਦੇ ਐਸਐਸਪੀ ਨੇ ਹਾਜ਼ਰੀ ਭਰੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਜ਼ੁਲਮ ਬਾਰੇ ਚੁੱਪ ਨਾ ਬੈਠਣ ਤੇ ਆਪਣੀ ਆਵਾਜ਼ ਮਾਪਿਆਂ ਤੇ ਅਧਿਆਪਕਾਂ ਤਕ ਪਹੁੰਚਾਉਣ।
ਉਨ੍ਹਾਂ ਲੜਕੀਆਂ ਨੂੰ ਖਾਸ ਕਰਕੇ ਸੋਸ਼ਲ ਮੀਡੀਆ ’ਤੇ ਆਪਣੀ ਲੋਕੇਸ਼ਨ ਤੇ ਆਪਣੇ ਆਪ ਬਾਰੇ ਪੂਰੇ ਵੇਰਵੇ ਪਾਉਣ ਤੋਂ ਮਨ੍ਹਾਂ ਕਰਦਿਆਂ ਕਿਹਾ ਕਿ ਲੜਕੀਆਂ ਕਿਸੇ ਵੀ ਹੰਗਾਮੀ ਹਾਲਤ ਵਿੱਚ ਚੰਡੀਗੜ੍ਹ ਪੁਲੀਸ ਦੀ 24 7 ਐਪ ਵਰਤਣ। ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਰਾਤ ਨੂੰ ਕਿਤੇ ਜਾਣਾ ਵੀ ਪਵੇ ਤਾਂ ਉਹ ਰਾਤ ਦੇ 11 ਤੋਂ ਸਵੇਰ ਦੇ 5 ਵਜੇ ਤਕ ਪੁਲੀਸ ਕੋਲ ਸਹਾਇਤਾ ਲੈ ਸਕਦੀਆਂ ਹਨ। ਇਸ ਹਾਲਤ ਵਿੱਚ ਪੀਸੀਆਰ ਲੜਕੀਆਂ ਨੂੰ ਮੁਫਤ ਵਿੱਚ ਘਰ ਪਹੁੰਚਾਵੇਗੀ।
ਕਾਲਜ ਦੀ ਵਿਦਿਆਰਥਣ ਹਰਮਨਪ੍ਰੀਤ ਨੇ ਸਵਾਲ ਪੁੱਛਿਆ ਕਿ ਉਹ ਕਾਲਜ ਦੀ ਛੁੱਟੀ ਹੋਣ ਤੋਂ ਬਾਅਦ ਜਦੋਂ ਬਾਹਰ ਨਿਕਲਦੀਆਂ ਹਨ ਤਾਂ ਬਜ਼ੁਰਗ ਘੂਰਦੇ ਰਹਿੰਦੇ ਹਨ। ਐਸਐਸਪੀ ਨੇ ਦੱਸਿਆ ਕਿ ਇਸ ਹਾਲਤ ਵਿੱਚ ਲੜਕੀਆਂ ਸਿੱਧਾ ਪੁਲੀਸ ਨੂੰ 100 ਨੰਬਰ ‘ਤੇ ਸੰਪਰਕ ਕਰਨ। ਲੜਕੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਤੇ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਨਹੀਂ ਹੋਵੇਗੀ।
ਕਾਲਜ ਦੀ ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਬਹੁਤੀ ਵਾਰ ਸ਼ਿਕਾਇਤਕਰਤਾ ਪੀੜਤ ਲੜਕੀ ਨੂੰ ਹੀ ਦੋਸ਼ੀ ਬਣਾ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਸਵਾਲ ਕੀਤੇ ਜਾਂਦੇ ਹਨ ਕਿ ਉਹ ਅਜਿਹੇ ਕੱਪੜੇ ਕਿਉਂ ਪਾ ਕੇ ਗਈਆਂ ਸਨ ਤੇ ਉਸ ਥਾਂ ਕਿਉਂ ਗਈਆਂ ਸਨ। ਕਾਲਜ ਦੀ ਹੁਣੀ ਬਣੀ ਪ੍ਰਧਾਨ ਸ਼ਾਲਿਨੀ ਸ਼ਰਮਾ ਨੇ ਦੱਸਿਆ ਕਿ ਉਹ ਬੱਸ ਵਿੱਚ ਕਾਲਜ ਆ ਰਹੀ ਸੀ ਤੇ ਇਸ ਦੌਰਾਨ ਇਕ ਬਜ਼ੁਰਗ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਐਸਐਸਪੀ ਨੇ ਕਿਹਾ ਕਿ ਲੜਕੀਆਂ ਨੂੰ ਕਿਸੇ ਹਾਲਤ ਵਿੱਚ ਚੁੱਪ ਨਹੀਂ ਰਹਿਣਾ ਚਾਹੀਦਾ ਕਿਉਂਕਿ ਅਜਿਹਾ ਕਰਨ ‘ਤੇ ਬਜ਼ੁਰਗਾਂ ਤੇ ਲੜਕਿਆਂ ਨੂੰ ਹੱਲਾਸ਼ੇਰੀ ਮਿਲਦੀ ਹੈ।
ਸਕੂਲੀ ਵਿਦਿਆਰਥਣਾਂ ਮਨਚਲਿਆਂ ਤੋਂ ਦੁਖੀ
ਯੂਟੀ ਦੇ ਸਰਕਾਰੀ ਸਕੂਲਾਂ ਦੇ ਬਾਹਰ ਮਨਚਲੇ ਅਕਸਰ ਲੜਕੀਆਂ ਨੂੰ ਤੰਗ ਕਰਦੇ ਹਨ। ਇਹ ਸ਼ਿਕਾਇਤਾਂ ਕਈ ਸਰਕਾਰੀ ਸਕੂਲਾਂ ਦੀਆਂ ਪ੍ਰਿੰਸੀਪਲਾਂ ਨੇ ਅੱਜ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਵੱਲੋਂ ਮਲੋਆ ਵਿੱਚ ਸੱਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕਮਿਸ਼ਨ ਦੀ ਮੁਖੀ ਹਰਜਿੰਦਰ ਕੌਰ ਨੂੰ ਕੀਤੀਆਂ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਦੀ ਅਧਿਆਪਕਾ ਨੇ ਦੱਸਿਆ ਕਿ ਰੋਜ਼ਾਨਾ ਸੈਕਟਰ-8 ਦੇ ਸਕੂਲ ਦੇ ਲੜਕੇ ਉਨ੍ਹਾਂ ਦੇ ਸਕੂਲ ਦੇ ਬਾਹਰ ਆ ਕੇ ਲੜਕੀਆਂ ’ਤੇ ਫਿਕਰੇ ਕਸਦੇ ਹਨ। ਇਸੇ ਤਰ੍ਹਾਂ ਦੀ ਦਾਸਤਾਂ ਸੈਕਟਰ-38 ਤੇ ਕਰਸਾਨ ਦੇ ਅਧਿਆਪਕਾਂ ਨੇ ਦੱਸੀ। ਬੀਬੀ ਹਰਜਿੰਦਰ ਕੌਰ ਨੇ ਸਕੂਲ ਪ੍ਰਿੰਸੀਪਲਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਲਈ ਮਸ਼ਵਰਾ ਜਾਰੀ ਕੀਤਾ।