ਜੈਵ ਵਿਭਿੰਨਤਾ ਲਈ ਖ਼ਤਰਾ ਬਣਿਆ ਪ੍ਰਦੂਸ਼ਣ

0
376

ਵੰਨ-ਸੁਵੰਨੇ ਪੌਦਿਆਂ, ਝੀਲਾਂ, ਝਰਨਿਆਂ ਤੇ ਜੀਵ-ਜੰਤੂਆਂ ਦੀ ਬਦੌਲਤ ਧਰਤੀ ਸੁੰਦਰ ਤੇ ਵਾਤਾਵਰਣ ਸੰਤੁਲਿਤ ਬਣਿਆ ਰਹਿੰਦਾ ਹੈ।  ਇਨ੍ਹਾਂ ਦੀਆਂ ਵੱਖ ਵੱਖ ਪ੍ਰਜਾਤੀਆਂ ਦੀ ਵਿਭਿੰਨਤਾ ਨੂੰ ਜੈਵ ਵਿਭਿੰਨਤਾ ਕਿਹਾ ਜਾਂਦਾ ਹੈ। ਧਰਤੀ ਅਤੇ ਸਮੁੰਦਰ ਲੱਖਾਂ-ਕਰੋੜਾਂ ਪ੍ਰਜਾਤੀਆਂ ਦਾ ਘਰ ਹੈ। ਇਹ ਸਾਰੀਆਂ ਪ੍ਰਜਾਤੀਆਂ ਗੁੰਝਲਦਾਰ ਤਰੀਕੇ ਨਾਲ ਇਕ-ਦੂਜੇ ’ਤੇ ਨਿਰਭਰ ਹਨ। ਇਨ੍ਹਾਂ ਜਾਤੀਆਂ ਵਿੱਚ ਕੁਝ ਜਾਤੀਆਂ ਸਵੈ-ਨਿਰਭਰ ਤੇ ਕੁਝ ਭੋਜਨ ਲੜੀਆਂ ਦੁਆਰਾ ਆਪਸ ਵਿੱਚ ਜੁੜੀਆਂ ਹੋਈਆਂ ਹਨ।
* ਜੈਵ ਵਿਭਿੰਨਤਾ ਦੀ ਮਹੱਤਤਾ: ਜੈਵ ਵਿਭਿੰਨਤਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਇਸ ਦੀ ਹੋਂਦ ਨੂੰ ਬਚਾ ਕੇ ਰੱਖਣ ਦਾ ਜ਼ਿੰਮਾ ਮਨੁੱਖ ਸਿਰ ਹੈ। ਜੈਵ ਵਿਭਿੰਨਤਾ ਲਈ ਸਰਕਾਰ ਨੇ ਭਾਵੇਂ ਕਾਨੂੰਨ ਬਣਾਇਆ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਜੈਵ ਵਿਭਿੰਨਤਾ ਕਮੇਟੀਆਂ ਵੀ ਬਣੀਆਂ ਹੋਈਆਂ ਹਨ, ਇਸ ਦੇ ਬਾਵਜੂਦ ਜੈਵ ਵਿਭਿੰਨਤਾ ਨੂੰ ਪੈਦਾ ਹੋ ਰਹੇ ਖ਼ਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਅੱੱਜ  ਮਨੁੱਖੀ ਲੋੜਾਂ ਹੀ ਜੈਵ ਵਿਭਿੰਨਤਾ ਦੇ ਨੁਕਸਾਨ ਦਾ ਕਾਰਨ ਬਣ ਰਹੀਆਂ ਹਨ।
* ਜੈਵ ਵਿਭਿੰਨਤਾ ਕਿੱਥੇ ਕਿੱਥੇ: ਧਰਤੀ ਹੀ ਐਸਾ ਗ੍ਰਹਿ ਹੈ, ਜਿੱਥੇ ਜੈਵ-ਵਿਭਿੰਨਤਾ ਹੈ, ਕਿਉਂਕਿ ਧਰਤੀ ’ਤੇ ਹੀ ਜੀਵਨ ਹੈ। ਵਿਗਿਆਨੀ ਭਾਵੇਂ ਹੋਰ ਗ੍ਰਹਿਆਂ ’ਤੇ ਜੀਵਨ ਬਾਰੇ ਖੋਜਾਂ ਕਰ ਰਹੇ ਹਨ, ਪਰ ਅਜੇ ਤੱਕ ਪ੍ਰਤੱਖ ਤੌਰ ’ਤੇ ਧਰਤੀ ਉਤੇ ਹੀ ਜੈਵ-ਵਿਭਿੰਨਤਾ ਹੈ। ਧਰਤੀ ’ਤੇ ਜੰਗਲ, ਸੰਮੁਦਰ ਤੇ ਮਾਰੂਥਲ ਹਨ, ਜਿੱਥੇ ਵੱਖ ਵੱਖ ਕਿਸਮਾਂ ਦੇ ਜੀਵ ਜੰਤੂਆਂ ਤੇ ਪੌਦਿਆਂ ਨੇ ਆਪਣਾ ਰੈਣ-ਬਸੇਰਾ ਬਣਾਇਆ ਹੋਇਆ ਹੈ। ਧਰਤੀ ’ਤੇ ਰਹਿਣ ਵਾਲੇ ਬਹੁਤੇ ਜੀਵ ਸਮੰਦਰ ਵਿੱਚ ਨਹੀਂ ਰਹਿ ਸਕਦੇ ਅਤੇ ਸਮੁੰਦਰ ਵਿੱਚ ਰਹਿਣ ਵਾਲੇ ਧਰਤੀ ’ਤੇ ਨਹੀਂ, ਪਰ ਕੁਝ ਜੀਵ ਇਸ ਤਰ੍ਹਾਂ ਦੇ ਵੀ ਹਨ ਜੋ ਸਮੰਦਰ ਅਤੇ ਧਰਤੀ ਦੋਵਾਂ ਵਿੱਚ ਰਹਿ ਸਕਦੇ ਹਨ। ਕੁਝ ਜੀਵ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ, ਇਨ੍ਹਾਂ ਨੂੰ ਸੂਖਮ ਜੀਵ ਕਿਹਾ ਜਾਂਦਾ ਹੈ। ਇਹ ਜੀਵ ਉਨ੍ਹਾਂ ਥਾਵਾਂ ’ਤੇ ਵੀ ਰਹਿ ਸਕਦੇ ਹਨ, ਜਿੱਥੇ ਮਨੁੱਖ ਨਹੀਂ ਰਹਿ ਸਕਦਾ।
* ਖ਼ਤਰੇ ਵਿੱਚ ਹੈ ਜੈਵ ਵਿਭਿੰਨਤਾ: ਮਨੁੱਖ ਲਾਲਚ ਤੇ ਅਥਾਹ ਲੋੜਾਂ ਨੇ ਜਿੱਥੇ ਵਾਤਾਵਰਣ ਦਾ ਨਾਸ ਮਾਰ ਦਿੱਤਾ ਹੈ, ਉੱੱਥੇ ਜੈਵ ਵਿਭਿੰਨਤਾ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ।  ਜੰਗਲਾਂ ਦੀ ਅੰਨ੍ਹਵਾਹ ਕਟਾਈ ਨੇ ਜੀਵਾਂ ਦੀਆਂ ਕਈ ਪ੍ਰਜਾਤੀਆਂ ਅਲੋਪ ਕਰ ਦਿੱਤੀਆਂ ਹਨ।  ਤਕਨੀਕੀ ਯੁੱਗ ਨੇ ਜਿੱਥੇ ਮਨੁੱਖੀ ਜੀਵਨ ਨੂੰ ਸੁੱਖ-ਅਰਾਮ ਦਿੱਤਾ ਹੈ, ਉਥੇ ਹੀ ਵਾਤਾਵਰਣ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈ ਰਿਹਾ ਹੈ। ਹਰ ਸਾਲ ਵੱਡੀ ਗਿਣਤੀ ਪ੍ਰਜਾਤੀਆਂ ਲੁਪਤ ਹੋ ਰਹੀਆਂ ਹਨ। ਹਰ ਤਰ੍ਹਾਂ ਦਾ ਪ੍ਰਦੂਸ਼ਣ ਜੈਵ ਵਿਭਿੰਨਤਾ ਲਈ ਨੁਕਸਾਨਦੇਹ ਹੈ।
1. ਹਵਾ ਪ੍ਰਦੂਸ਼ਣ: ਫੈਕਟਰੀਆਂ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਹਵਾ ਨੂੰ ਪ੍ਰਦੁੂਸ਼ਿਤ ਕਰਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਵਧਦੀਆਂ ਜਾ ਰਹੀਆਂ ਹਨ।  ਹਵਾ ਪ੍ਰਦੂਸ਼ਣ ਨਾਲ ਪਸ਼ੂਆਂ ਤੇ ਹੋਰ ਜੀਵ-ਜੰਤੂਆਂ ਨੂੰ ਵੀ ਨੁਕਸਾਨ ਹੁੰਦਾ ਹੈ।
2. ਜਲ ਪ੍ਰਦੂਸ਼ਣ: ਪਾਣੀ ਤੋਂ ਬਿਨਾਂ ਮਨੁੱਖ, ਜੀਵ-ਜੰਤੂਆਂ ਤੇ ਬਨਸਪਤੀ ਦੀ ਧਰਤੀ ’ਤੇ ਕੋਈ ਹੋਂਦ ਨਹੀਂ। ਫੈਕਟਰੀਆਂ ਦੀ ਰਹਿੰਦ-ਖੁੂੰਹਦ ਤੇ ਜ਼ਹਿਰਾਂ ਦਰਿਆਵਾਂ ਵਿੱਚ ਮਿਲ ਰਹੀਆਂ ਹਨ, ਜਿਸ ਨਾਲ ਪਾਣੀ ਵਿਚਲੇ ਜੀਵ-ਜੰਤੂ ਮਰ ਰਹੇ ਹਨ। ਇੱਥੋਂ ਤੱਕ ਕਿ ਪੀਣਯੋਗ ਪਾਣੀ ਦੀ ਮਾਤਰਾ ਦਿਨ-ਬ-ਦਿਨ ਘਟਦੀ ਜਾ ਰਹੀ ਹੈ, ਜੋ  ਜੈਵ ਵਿਭਿੰਨਤਾ ਲਈ ਵੱਡਾ ਖ਼ਤਰਾ ਹੈ।
3. ਆਵਾਜ਼ ਪ੍ਰਦੁੂਸ਼ਣ: ਕੰਨ ਪਾੜਵੀਆਂ ਆਵਾਜ਼ਾਂ ਨਾਲ ਦਿਲ ਕੰਬਣ ਲੱਗ ਪੈਦਾ ਹੈ। ਮਨੁੱਖ ਦੇ ਨਾਲ ਨਾਲ ਜੀਵ-ਜੰਤੂ ਖ਼ਾਸ ਕਰ ਕੇ ਪੰਛੀਆਂ ’ਤੇ ਸ਼ੋਰ ਪ੍ਰਦੁੂਸ਼ਣ ਦਾ ਮਾੜਾ ਅਸਰ ਪੈਂਦਾ ਹੈ।
4. ਭੌਂ ਪ੍ਰਦੁੂਸ਼ਣ: ਨਾ-ਗਲਣਸ਼ੀਲ ਪਦਾਰਥਾਂ ਦੀ ਵਰਤੋਂ ਕਰਨੀ ਤੇ ਵਰਤੋਂ ਤੋਂ ਬਾਅਦ ਜ਼ਮੀਨ ’ਤੇ ਸੁੱਟ ਦੇਣ ਨਾਲ  ਜਿੱਥੇ ਭੂਮੀ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਗੰਦਗੀ ਵੀ ਫੈਲਦੀ ਹੈ। ਨਾ-ਗਲਣਯੋਗ ਪਦਾਰਥ ਪੰਛੀਆਂ ਤੇ ਹੋਰ ਜੀਵਾਂ ਦੇ ਖਾਤਮੇ ਦਾ ਕਾਰਨ ਬਣਦੇ ਹਨ।
* ਜੈਵ ਵਿਭਿੰਨਤਾ ਬਾਰੇ ਕੁਝ ਤੱਥ: 2021 ਵਿੱਚ ਤਾਜ਼ੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਦੀਆਂ 31 ਫ਼ੀਸਦੀ ਪ੍ਰਜਾਤੀਆਂ ਅਲੋਪ ਹੋਣ ਦਾ ਅਨੁਮਾਨ  ਹੈ। ਸੰਸਾਰ ਵਿੱਚ ਕੁੱਲ 9900 ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚੋਂ 12 ਫ਼ੀਸਦੀ ਅਲੋਪ ਹੋਣ ਦੀ ਕਗਾਰ ’ਤੇ ਹਨ। ਸੰਸਾਰ ਵਿੱਚ ਵੱਖ ਵੱਖ ਕਿਸਮ ਦੇ ਕੱਛੂ ਕੁੱਮਿਆਂ ਦੀ ਗਿਣਤੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ।

ਹਰਭਜਨ ਸਿੰਘ     ਸੰਪਰਕ:  95920-96064