ਖਾਲਸੇ ਦੀ ਸਿਰਜਣਾ ਦਾ ਦਿਨ

0
562

ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਇਨਕਲਾਬੀ ਹੋਣ ਦੇ ਨਾਲ-ਨਾਲ ਮਹਾਨ ਚਿੰਤਕ ਵੀ ਸਨ। ਗੁਰੂ ਨਾਨਕ ਸਾਹਿਬ ਵੱਲੋਂ ਮਨੁੱਖੀ ਬਰਾਬਰੀ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਨਿਤਾਣੇ ਲੋਕ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਦਸਮੇਸ਼ ਪਿਤਾ ਨੇ ਸੰਪੂਰਨ ਕੀਤਾ। ਉਨ੍ਹਾਂ ਧਰਮ, ਜਾਤ, ਰੰਗ, ਨਸਲ, ਅਮੀਰੀ ਆਦਿ ਦੇ ਨਾਂ ’ਤੇ ਪਏ ਵਿਤਕਰੇ ਮੇਟ ਕੇ ਅਜਿਹੇ ਸਮਾਜ ਦੀ ਸਿਰਜਣਾ ਕੀਤੀ, ਜਿਸ ਨੂੰ ਸੱਚਮੁੱਚ ਲੋਕਰਾਜ ਆਖਿਆ ਜਾ ਸਕਦਾ ਸੀ। ਗੁਰੂ ਜੀ ਨੇ ਚਿਰਾਂ ਤੋਂ ਦੱਬੇ, ਕੁਚਲੇ, ਨਿਮਾਣੇ, ਨਿਤਾਣੇ ਤੇ ਅਛੂਤ ਸਮਝੇ ਜਾਂਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਹੱਕਾਂ ਦੀ ਪ੍ਰਾਪਤੀ ਲਈ ਤਲਵਾਰ ਚੁੱਕਣ ਲਈ ਤਿਆਰ ਕੀਤਾ। ਸਵੈ-ਭਰੋਸਾ ਗਵਾ ਚੁੱਕੇ ਲੋਕਾਂ ਨੂੰ ਸਿਰਫ਼ ਆਪਣੇ ਹੱਕਾਂ ਦੀ ਹੀ ਨਹੀਂ ਸਗੋਂ ਮਜ਼ਲੂਮਾਂ ਦੀ ਰਾਖੀ ਲਈ ਵੀ ਸੰਘਰਸ਼ ਦੇ ਰਾਹ ਤੋਰਨ ਲਈ ਗੁਰੂ ਜੀ ਨੇ ਹੋਰ ਤਰੀਕਿਆਂ ਦੇ ਨਾਲੋ-ਨਾਲ ਭਾਰਤ ਦੇ ਮਿਥਿਹਾਸ, ਧਾਰਮਿਕ ਰੀਤਾਂ ਅਤੇ ਤਿਉਹਾਰਾਂ ਦੀ ਵਰਤੋਂ ਕੀਤੀ ਤਾਂ ਜੋ ਉਹ ਸੱਚ ਤੋਂ ਜਾਣੂ ਹੋ ਸਕਣ ਅਤੇ ਤਾਕਤ, ਕਰਮਾਂ, ਧਾਰਮਿਕ ਝੂਠ ਆਦਿ ਦੇ ਭੈਅ ਤੋਂ ਮੁਕਤ ਹੋ ਸਕਣ। ਹੋਲੀ ਨੂੰ ਹੋਲੇ ਦਾ ਰੂਪ ਦੇ ਕੇ ਆਮ ਲੋਕਾਂ ਨੂੰ ਬਹਾਦਰੀ ਦੇ ਰਾਹ ਤੋਰਿਆ।
ਇਸੇ ਤਰ੍ਹਾਂ ਵਿਸਾਖੀ ਨੂੰ ਜਿਹੜਾ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਣ ਤਿਉਹਾਰ ਮੰਨਿਆ ਜਾਂਦਾ ਹੈ, ਖਾਲਸੇ ਦੀ ਸਿਰਜਣਾ ਲਈ ਚੁਣਿਆ। ਵਿਸਾਖੀ ਖੁਸ਼ਹਾਲੀ ਦਾ ਪ੍ਰਤੀਕ ਅਤੇ ਚੰਗੇ ਦਿਨਾਂ ਦੇ ਆਉਣ ਦਾ ਸੰਕੇਤ ਹੈ। ਇਸੇ ਦਿਨ ਕਿਸਾਨ ਹਾੜ੍ਹੀ ਦੀ ਫ਼ਸਲ ਦੀ ਵਾਢੀ ਸ਼ੁਰੂ ਕਰਦਾ ਹੈ। ਵਪਾਰੀ ਅਤੇ ਕਾਰੋਬਾਰੀ ਅਦਾਰੇ ਇਸੇ ਦਿਨ ਤੋਂ ਆਪਣਾ ਨਵਾਂ ਸਾਲ ਸ਼ੁਰੂ ਕਰਦੇ ਸਨ। ਸਰਕਾਰ ਦਾ ਵੀ ਵਿੱਤੀ ਵਰ੍ਹਾ ਇਸੇ ਦਿਨ ਤੋਂ ਸ਼ੁਰੂ ਹੁੰਦਾ ਹੈ। ਇਸੇ ਦਿਨ ਤੋਂ ਹੀ ਪਿੰਡਾਂ ਅਤੇ ਸ਼ਹਿਰਾਂ ਵਿਚ ਨਵੀਂ ਚਹਿਲ ਪਹਿਲ ਸ਼ੁਰੂ ਹੁੰਦੀ ਹੈ। ਵਿਸਾਖੀ ਦੀ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਜੀਵਨ ਵਿਚ ਵਿਸ਼ੇਸ਼ ਮਹੱਤਤਾ ਹੈ। ਗੁਰੂ ਜੀ ਨੇ ਇਸੇ ਦਿਨ ਨੂੰ ਖਾਲਸੇ ਦੀ ਸਿਰਜਣਾ ਲਈ ਚੁਣਿਆ। ਲੋਕ ਚੇਤਨਾ ਜਗਾਉਣ ਅਤੇ ਮੌਤ ਦੇ ਭੈਅ ਨੂੰ ਦੂਰ ਕਰਨ ਲਈ ਪੰਜਵੇਂ ਗੁਰੂ ਅਰਜਨ ਦੇਵ ਅਤੇ ਉਨ੍ਹਾਂ ਦੇ ਪੋਤਰੇ ਨੌਵੇਂ ਗੁਰੂ ਤੇਗ ਬਹਾਦਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸ਼ਹੀਦੀਆਂ ਮੁੱਢਲੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਨ। ਗੁਰੂ ਗੋਬਿੰਦ ਸਿੰਘ ਨੇ ਪਿਤਾ ਗੁਰੂ ਤੇਗ ਬਹਾਦਰ ਨੂੰ ਨੌਂ ਸਾਲ ਦੀ ਉਮਰ ਵਿਚ ਹੀ ਲੋਕ ਹੱਕਾਂ ਦੀ ਰਾਖੀ ਲਈ ਸ਼ਹੀਦੀ ਦੇਣ ਤੋਰਿਆ ਸੀ। ਇੰਜ ਲੋਕ ਮਨਾਂ ’ਚੋਂ ਮੌਤ ਅਤੇ ਤਾਕਤ ਦੇ ਭੈਅ ਨੂੰ ਦੂਰ ਕਰਨ ਲਈ ਇਸ ਵੰਸ਼ ਦੀਆਂ ਪੰਜ ਪੀੜ੍ਹੀਆਂ ਨੇ ਪਹਿਲਾਂ ਆਪ ਕੁਰਬਾਨੀਆਂ ਦੀ ਪਿਰਤ ਪਾਈ।
ਇਨ੍ਹਾਂ ਕੁਰਬਾਨੀਆਂ ਨੇ ਲੋਕਾਂ ਵਿਚ ਸੰਤ-ਸਿਪਾਹੀ ਬਣਨ ਦੀ ਯੋਗਤਾ ਭਰੀ। ਹੁਣ ਉਹ ਕੇਵਲ ਆਪਣੇ ਹੱਕਾਂ ਦੀ ਲੜਾਈ ਨਹੀਂ ਸਨ ਲੜ ਸਕਦੇ ਸਗੋਂ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ ਬਣ ਸਕਦੇ ਸਨ। ਇਸ ਜਾਗ੍ਰਿਤੀ ਨੂੰ ਸਥਾਈ ਰੂਪ ਦੇਣ ਲਈ ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ। ਉਨ੍ਹਾਂ ਉਸ ਖਾਲਸੇ ਦੀ ਸਿਰਜਣਾ ਕੀਤੀ ਜਿਹੜਾ ਸੰਤ-ਸਿਪਾਹੀ ਦਾ ਰੂਪ ਬਣਿਆ। ਉਸ ਦਾ ਜੀਵਨ ਸੰਤ ਵਾਂਗ ਸੱਚਾ ਸੁੱਚਾ, ਵੈਰ ਵਿਰੋਧ ਅਤੇ ਹਊਮੈ ਤੋਂ ਨਿਰਲੇਪ, ਪਰ ਸੱਚ ਹੱਕ ਅਤੇ ਮਜ਼ਲੂਮਾਂ ਦੀ ਰਾਖੀ ਲਈ ਤਲਵਾਰ ਚਲਾਉਣ ਲਈ ਤਤਪਰ ਸਿਪਾਹੀ ਦਾ ਰੂਪ ਸੀ। ਗੁਰੂ ਜੀ ਦੇ ਖਾਲਸੇ ਰੂਪੀ ਸਿੰਘ ਸਜਣ ਲਈ ਵੀ ਸੀਸ ਨੂੰ ਹਥੇਲੀ ’ਤੇ ਰੱਖਣਾ ਪਿਆ ਸੀ। ਗੁਰੂ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਰੇ ਦੀਵਾਨ ਵਿਚ ਮਿਆਨ ’ਚੋਂ ਲਿਸ਼ਕਦੀ ਤਲਵਾਰ ਕੱਢ ਕੇ ਇਕ ਸਿਰ ਦੀ ਮੰਗ ਕੀਤੀ, ਜਿਹੜਾ ਉਨ੍ਹਾਂ ਦੀ ਤਲਵਾਰ ਦੀ ਆਪਣੇ ਖੂਨ ਨਾਲ ਪਿਆਸ ਮਿਟਾਵੇ। ਸਭ ਤੋਂ ਪਹਿਲਾਂ ਲਾਹੌਰ ਦੇ ਭਾਈ ਦਇਆ ਸਿੰਘ ਨੇ ਆਪਣਾ ਸੀਸ ਭੇਟ ਕੀਤਾ। ਉਨ੍ਹਾਂ ਪਿਛੋਂ ਭਾਈ ਧਰਮ ਸਿੰਘ ਦਿੱਲੀ, ਭਾਈ ਮੁਹਕਮ ਸਿੰਘ ਦਵਾਰਕਾ, ਭਾਈ ਸਾਹਿਬ ਸਿੰਘ ਬਿਦਰ ਅਤੇ ਭਾਈ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਅੱਗੇ ਆਏ। ਇੰਜ ਉਨ੍ਹਾਂ ਪੰਜ ਜਿਉਂਦਾ ਸ਼ਹੀਦਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਨਾਲ ਸਿੰਘ ਸਜਾ ਕੇ ਪੰਜ ਪਿਆਰਿਆਂ ਦਾ ਨਾਂ ਦਿੱਤਾ। ਗੁਰੂ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਆਪਣੇ ਆਪ ਨੂੰ ਵੀ ਉਸੇ ਪੰਗਤੀ ਵਿਚ ਖੜ੍ਹਾ ਕਰ ਦਿੱਤਾ। ਪੰਜਾਂ ਪਿਆਰਿਆਂ ਤੋਂ ਉਨ੍ਹਾਂ ਅੰਮ੍ਰਿਤ ਛੱਕ ਕੇ ਗੁਰੂ ਚੇਲੇ ਦਾ ਫ਼ਰਕ ਮੇਟਿਆ।
ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ ਵਿਚ ਮਨੁੱਖੀ ਵਿਤਕਰੇ ਮਿਟਾ ਕੇ ਸਾਰਿਆਂ ਨੂੰ ਬਰਾਬਰੀ ਬਖ਼ਸ਼ੀ। ਉਨ੍ਹਾਂ ਨੇ ਆਪਣੇ ਕਥਨ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਨੂੰ ਅਮਲੀ ਰੂਪ ਦਿੱਤਾ। ਗੁਰੂ ਜੀ ਨੇ ਲੋਕਾਂ ਨੂੰ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਬਰਾਬਰੀ ਦਿੱਤੀ। ਗੁਰੂ ਜੀ ਨੇ ਕਿਰਤੀ ਕਾਮਿਆਂ ਵਿਚ ਅਜਿਹੀ ਦਲੇਰੀ ਭਰੀ ਕਿ ਉਹ ਚਿੜੀਆਂ ਤੋਂ ਬਹਾਦਰ ਬਣੇ ਅਤੇ ਬਾਜ ਰੂਪੀ ਸ਼ਾਹੀ ਫ਼ੌਜ ਨੂੰ ਮਾਤ ਦਿੱਤੀ। ਗਰੂ ਜੀ ਨੇ ਆਪਣੇ ਫ਼ੌਜੀਆਂ ਵਿਚ ਅਜਿਹਾ ਇਖਲਾਕ ਭਰਿਆ ਕਿ ਉਹ ਸੰਤ-ਸਿਪਾਹੀ ਬਣ ਗਏ। ਇਹ ਸੰਤ-ਸਿਪਾਹੀ ਮਜ਼ਲੂਮਾਂ ਦੇ ਰੱਖਿਅਕ ਬਣੇ। ਗੁਰੂ ਜੀ ਨੇ ਸ਼ਖ਼ਸੀ ਰਾਜ ਨੂੰ ਖ਼ਤਮ ਕਰ ਕੇ ਪੰਚਾਇਤੀ ਰਾਜ ਦੀ ਜੁਗਤ ਸੰਸਾਰ ਨੂੰ ਦਿੱਤੀ। ਉਨ੍ਹਾਂ ਸਾਰੇ ਫ਼ੈਸਲੇ ਸੰਗਤ ਦੇ ਸਾਹਮਣੇ ਪੰਜ ਪਿਆਰਿਆਂ ਰਾਹੀਂ ਕਰਵਾਏ। ਉਨ੍ਹਾਂ ਰਹਿਤ ਨੂੰ ਪ੍ਰਧਾਨਗੀ ਦਿੱਤੀ। ਉਹ ਸ਼ਖ਼ਸ ਹੀ ਵੱਡਾ ਹੈ, ਜਿਹੜਾ ਰਹਿਤ ਵਿਚ ਰਹਿੰਦਾ ਹੈ ਭਾਵ ਉੱਚੇ ਅਤੇ ਸੁੱਚੇ ਕਿਰਦਾਰ ਦਾ ਮਾਲਕ ਹੈ।
ਸ਼ਹਾਦਤ ਦੀ ਸਿੱਖ ਧਰਮ ਵਿਚ ਪਰੰਪਰਾ ਨੂੰ ਪਰਿਪੱਕ ਕਰਦਿਆਂ ਉਨ੍ਹਾਂ ਧਰਮ ਦੀ ਖ਼ਾਤਰ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ। ਉਨ੍ਹਾਂ ਆਪਣੇ ਸਿੱਖਾਂ ਦੇ ਮਨਾਂ ’ਚ ਮੌਤ ਦੇ ਡਰ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਭੈਅ ਰਹਿਤ ਕੀਤਾ। ਸੰਸਾਰ ਵਿਚ ਅੱਜ ਵੀ ਜਿੱਥੇ ਕਿਤੇ ਲੋਕਾਈ ’ਤੇ ਮੁਬੀਬਤ ਆਉਂਦੀ ਹੈ, ਗੁਰੂ ਜੀ ਵੱਲੋਂ ਸਾਜੀ ਸਿੱਖ ਕੌਮ ਅੱਜ ਵੀ ਸਹਾਇਤਾ ਲਈ ਸਭ ਤੋਂ ਪਹਿਲਾਂ ਪਹੁੰਚਦੀ ਹੈ। ਲੋੜ ਪੈਣ ’ਤੇ ਦੇਸ਼ ਦੀ ਆਜ਼ਾਦੀ ਅਤੇ ਸੁਰੱੱਖਿਆ ਲਈ ਸਭ ਤੋਂ ਵਧ ਕੁਰਬਾਨੀਆਂ ਇਨ੍ਹਾਂ ਨੇ ਹੀ ਦਿੱਤੀਆਂ। ਪਿਛੋਂ ਭੁੱਖਮਰੀ ਦੂਰ ਕਰਕੇ ਅਨਾਜ ਦੇ ਭੰਡਾਰ ਵੀ ਇਨ੍ਹਾਂ ਹੀ ਭਰੇ।
………. ਡਾ. ਰਣਜੀਤ ਸਿੰਘ