ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ।
ਬੱਸਾਂ ਦੀ ਖੜ-ਖੜ, ਗਰਮੀ, ਪਸੀਨਾ, ਭੀੜ ਤੇ ਕੰਡੱਕਟਰਾਂ ਦੀਆਂ ਬੇਹੂਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਕਾਹਲਾ ਪੈਂਦਾ। ‘ਪਰ ਕੁਝ ਦਿਨਾਂ ਦੀ ਤਾਂ ਗੱਲ ਏ’ ਸੋਚ, ਉਹ ਸਭੋ ਕੁਝ ਜ਼ਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਊ ਦਿੱਸਦਾ ਸੀ।
‘ਇਹ ਬੈਗ ਵਾਲੀ ਕੁੜੀ ਕਾਸੇ ਵਿਚ ਨੌਕਰ ਏ?’ ਇਕ ਦਿਨ ਇਕ ਭਾਈ ਨੇ ਜੀਤ ਨੂੰ ਪੁਛਿਆ।
‘ਆਹੋ ਜੀ! ਡਾਕਟਰਨੀ ਏ, ਵੱਡੀ ਡਾਕਟਰਨੀ। ਆਂਹਦੇ ਨੇ ਪੂਰਾ ਤਿੰਨ ਸੌ ਰੁਪਈਆ ਤਨਖਾਹ ਲੈਂਦੀ ਏ’ ਜੀਤ ਨੇ ਟਿਕਟ ਫੜਾਂਦਿਆਂ ਹੌਲੀ ਜਿਹੀ ਦੱਸਿਆ।
‘ਜੀ ਅੱਜਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ। ਤਦੇ ਤਾਂ ਆਦਮੀਆਂ ਦਾ ਰੋਅ੍ਹਬ ਨਹੀਂ ਰਿਹਾ’ ਨਾਲ ਦੀ ਸੀਟ ਤੇ ਬੈਠੇ ਅੱਧਖੜ੍ਹ ਜੇਹੇ ਬੰਦੇ ਨੇ ਆਖਿਆ।
‘ਜੀ, ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਅੱਖ ਚੁੱਕਦੀਆਂ ਨੇ…. ਤੇ ਆਹ ਕੁੜੀ ਡਾਕਟਰਨੀ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਨਾਂ, ਦੇਖੀ ਐ, ਸੁਹਰੀ ਦੇ ਜਾਣੀਂ ਮੂੰਹ ਵਿਚ ਬੋਲ ਨੀਂ… ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ‘ਤੇ ਬੈਠੇ ਇਕ ਸਰਦਾਰ ਨੇ ਆਖਿਆ।
‘ਯਾ ਰੱਬ! ਸਾਡੀ ਵੀ ਕਿਸੇ…’ ਫਿਕਰਾ ਵਿਚ ਹੀ ਰਹਿ ਗਿਆ ਜਦੋਂ ਟਿਕਟ ਫੜਾਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੁਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ‘ਕਿਉਂ ਬਈ ਓਏ ਜਾਣ ਦੀ ਸਲਾਹ ਕਿ ਲਾਹ ਦਿਆਂ ਹੁਣੇ ਈ ਭੁੰਜੇ?’
‘ਮੈਂ ਤਾਂ ਕੰਡੱਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਓ….।’
ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ, ਉਹ ਅੱਗੋਂ ਦਸਾਂ ਦਾ ਨੋਟ ਕੱਢ ਕੇ ਦੇਣ ਲੱਗੀ।
‘ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ,’ ਆਖ, ਉਹ ਅਗਾਂਹ ਲੰਘ ਗਿਆ।
ਅੱਗੋਂ ਇਕ ਬੁੱਢੀ ਨੇ ਹੋਰ ਦਸਾਂ ਦਾ ਨੋਟ ਹੀ ਕੱਢਿਆ ‘ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਢੇ ਦਸ ਆਨੇ ਸਾਰਾ ਭਾੜੈ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਓ। ਚੰਗਾ ਜਾਹ ਪੈਸੇ ਭਨਾ ਲਿਆ ਉਤਰ ਕੇ,’ ਜੀਤ ਨੇ ਜ਼ਰਾ ਸਖ਼ਤ ‘ਵਾਜ਼ ਨਾਲ ਆਖਿਆ।
‘ਵੇ ਪੁੱਤਾ! ਐਨੇ ਨੂੰ ਬੱਸ ਨਾ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਏ। ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇਵੀਂ,’ ਬੁੱਢੀ ਨੇ ਤਰਲੇ ਨਾਲ ਆਖਿਆ।
‘ਅੱਛਾ ਮਾਈ ਬੈਠ ਜਾ,’ ਆਖ, ਉਹ ਟਿਕਟ ਕੱਟਣ ਲੱਗ ਪਿਆ।
ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰੱਖੜਾ, ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ।
‘ਯਾਰ, ਅੱਜ ਏਧਰ ਦੀ ਚੱਲੀਂ ਨੀਲਾ ਭਵਨ ਕੰਨੀ ਦੀ,’ ਜੀਤ ਨੇ ਡਰਾਈਵਰ ਨੂੰ ਆਖਿਆ।
ਗੁਰਦਵਾਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੁੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਸੀ। ਫੂਲ ਸਿਨਮੇ ਕੋਲ ਕੰਡੱਕਟਰ ਨੇ ਘੰਟੀ ਕਰ ਕੇ ਬੱਸ ਰੋਕ ਲਈ ਤੇ ਤਾਕੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ‘ਤੁਸੀਂ ਏਧਰ ਉਤਰ ਜਾਉ, ਹਸਪਤਾਲ ਨੇੜੇ ਰਹੂਗਾ।’
ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ‘ਬਚਾਰਾ ਬੜਾ ਚੰਗਾ ਕੰਡੱਕਟਰ ਏ’ ਉਹਨੂੰ ਇਕ ਵਾਰੀ ਖਿਆਲ ਆਇਆ।
ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਉਹ ਬੱਸ ਅੱਡੇ ‘ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇਕ ਕੰਡੱਕਟਰ ਕਮੀਜ਼ ਦੇ ਗਲਮੇਂ ਦੇ ਬੱਟਣ ਖੋਲ੍ਹ ਆਵਾਰਾ ਫਿਲਮ ਦਾ ਗਾਣਾ ਗੁਣਗੁਣਾਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ। ਇਕ ਮੰਗਤੀ ਨੂੰ ਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ।
ਅਗਲੇ ਦਿਨ ਫਿਰ ਚਾਨਸ ਅਜਿਹਾ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ, ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ। ਜੀਤ, ਇਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ‘ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ। ਤੁਹਾਡੀ ਖ਼ਾਤਰ ਸੀਟ ਰੱਖੀ ਪਈ ਐ।’
ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ, ਪਾਲੀ ਸੀਟ ‘ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ।
‘ਇਹ ਤਾਂ ਵਿਚਾਰਾ ਬੜਾ ਚੰਗਾ ਕੰਡੱਕਟਰ ਏ’ ਪਾਲੀ ਨੂੰ ਦਿਲ ‘ਚ ਇਕ ਵਾਰੀ ਖਿਆਲ ਆਇਆ।
ਬਦਲੀ ਮੁੜ ਨਾਭੇ ਦੀ ਕਰਾਣ ਵਿਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ। ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਚੜ੍ਹੇ ਰਹਿੰਦੇ। ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ ਚਕਰਾਣ ਲਾ ਦਿੰਦੀ।
ਫਿਰ ਇਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ, ਨਹੀਂ ਬੀਬੀ ਰਹਿਣ ਦਿਓ’ ਆਖ ਜੀਤ ਅਗਾਂਹ ਲੰਘ ਗਿਆ।
‘ਨਹੀਂ ਬਈ ਪੈਸੇ ਲੈ ਲੇ,’ ਪਾਲੀ ਨੇ ਜ਼ੋਰ ਲਾਇਆ।
‘ਕੀ ਫ਼ਰਕ ਪੈ ਚੱਲਿਆ ਏ,’ ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ।
ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰ ਕੇ ਬੈਠ ਗਈ, ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡੱਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਾ ਲੱਗਿਆ। ਤਿੰਨ ਸੌ ਰੁਪਈਆ ਕਮਾਣ ਵਾਲੀ ਲਈ ਸਾਢੇ ਦਸ ਆਨੇ ਭਲਾ ਕੀ ਮਾਇਨੇ ਰੱਖਦੇ ਸਨ।
ਅਗਲੇ ਦਿਨ ਉਹ ਜਾਣ ਕੇ ਪੰਜ ਮਿੰਟ ਦੇਰ ਨਾਲ ਗਈ, ਉਸ ਨੇ ਸੋਚਿਆ, ‘ਅੱਜ ਪੀਪਲ ਬੱਸ ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ ਤੇ ਜਾਵਾਂਗੀ। ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ।
ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਇਵਰ ਬੱਸ ਸਟਾਰਟ ਕਰੀਂ ਖੜ੍ਹਾ ਸੀ ਤੇ ਕੰਡੱਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ।
‘ਓਏ, ਆਉਂਦਾ ਹੁਣ, ਕਿਉਂ ਭੇਰਮੀਂ ਵੱਢੀ ਐ। ਐਡੀ ਛੇਤੀ ਜਾਣੀ ਮੀਂਹ ਆਉਂਦਾ ਏ,’ ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ।
‘ਅੱਗੇ ਪਹੁੰਚਣਾ ਏ ਕਿ ਨਹੀਂ, ਮੜਕਾਂ ਨਾਲ ਹੀ ਆਉਨਾਂ ਏਂ,’ ਡਰਾਈਵਰ ਬੋਲਿਆ।
‘ਚਲੋ ਬੀਬੀ, ਬੈਠੋ ਅਗਲੀ ਸੀਟ ‘ਤੇ,’ ਤਾਕੀ ਖੋਲ੍ਹਦਿਆਂ ਪਾਲੀ ਨੂੰ ਉਹਨੇ ਆਖਿਆ।
‘ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ।’ ਪਿੱਛਿਓ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇਕ ਕਲਰਕ ਹੌਲੀ ਜਿਹੀ ਬੋਲਿਆ।
ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ ਵਾਰ ਆਖਣ ‘ਤੇ ਵੀ ਜੀਤ ਨੇ ਨਾਂਹ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ‘ਇਸ ਬੇਈਮਾਨੀ ਵਿਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਏ….. ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ…. ਖ਼ੈਰ, ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ’ ਉਹ ਸੋਚ ਹੀ ਰਹੀ ਸੀ ਕਿ ਬੱਸ ਖੜ੍ਹੀ ਕਰ, ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤ੍ਰੇਲੀਓ ਤ੍ਰੇਲੀ ਹੋ ਗਈ।
‘ਕਿੱਡੀ ਸ਼ਰਮ ਦੀ ਗੱਲ ਏ ਕਿ ਮੇਰੇ ਕੋਲ ਟਿਕਟ ਹੀ ਨਹੀਂ… ਮੈਂ ਆਖ ਦਿਆਂਗੀ ਕਿ ਕੰਡੱਕਟਰ ਨੇ ਦਿੱਤਾ ਹੀ ਨਹੀਂ, ਮੈਂ ਮੰਗਿਆ ਸੀ’ ਉਹਨੇ ਸੋਚਿਆ। ‘ਪਰ ਬਚਾਰਾ ਫਸੇਗਾ…. ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ,’ ਉਹਦੇ ਅੰਦਰੋਂ ਅੰਦਰ ਬਹਿਸ ਹੋਣ ਲੱਗੀ।
ਇੰਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ।
‘ਜੀ…. ਟਿਕਟ,’ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿਚੋਂ ਟਿਕਟ ਕੱਢ ਕੇ ਕਿਹਾ, …. ਏਹ…. ਏਹ ਬੀਬੀ ਮੇਰੀ ਭੈਣ ਏ, ਇਹਨਾਂ ਦਾ ਟਿਕਟ ਮੇਰੇ ਕੋਲ ਏ।’
ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖ਼ਾਕੀ ਕੱਪੜਿਆਂ ਵਾਲੇ ਕੰਡੱਕਟਰ ਤੇ ਕੀਮਤੀ ਸਾੜ੍ਹੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ ਵਿਚ ਮੁਸਕਰਾਇਆ।
ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਉਸ ਬੱਸ ਵਿਚੋਂ ਉਤਰ ਗਿਆ।
ਪਾਲੀ ਹੈਰਾਨ-ਪਰੇਸ਼ਾਨ ਸੋਚ ਰਹੀ ਸੀ ਸੱਠਾਂ ਰੁਪਿਆਂ ਵਿਚ ਗੁਜ਼ਾਰਾ ਕਰਨ ਵਾਲਾ ਖ਼ਬਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ।
ਹਸਪਤਾਲ ਵਿਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ।
ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ, ਉਦਾਸ, ਜੀਤ ਉਹਦੇ ਕੋਲ ਆਇਆ।
‘ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਵਿਚ ਪੜ੍ਹਦੀ ਸੀ… ਹੱਲਿਆਂ ਵੇਲੇ ਉਥੇ ਹੀ ਮਾਰੀ ਗਈ। ਬਾਕੀ ਦੇ ਵੀ ਮਾਰੇ ਗਏ। ਮੈਂ ਰੁਲਦਾ-ਖੁਲਦਾ ਏਧਰ ਆ ਗਿਆ। ਪੜ੍ਹਾਈ ਵੀ ਕਿਥੋਂ ਹੋਣੀ ਸੀ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਮੈਂ ਕੰਡੱਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ… ਤੇ… ਤੇ…, ਅੱਗੋਂ ਉਹਦਾ ਗਲਾ ਭਰ ਆਇਆ।
ਪਾਲੀ ਡਾਢੀ ਬੇਚੈਨ ਹੋਈ, ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ।
ਇੰਨੇ ਨੂੰ ਬੱਸ ਆ ਗਈ ਉਹ ਕਾਹਲੀ ਨਾਲ ਉਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ।
ਦਲੀਪ ਕੌਰ ਟਿਵਾਣਾ