ਚਿੱਪੀ ਵਾਲਾ ਚੋਰ

0
262

ਮੇਰਾ ਪਿਤਾ ਤੇ ਮੈਂ ਜਦੋਂ ਦਿਨ ਢਲੇ ਘਰ ਮੁੜੇ ਤਾਂ ਮਨ ਬਹੁਤ ਉਦਾਸ ਤੇ ਦੁਖੀ ਸੀ। ਅਸੀਂ ਦੁਪਹਿਰੇ ਮੁਕੱਦਮੇ ਦੇ ਇਕ ਗਵਾਹ ਨੂੰ ਬੈਠ ਜਾਣ ਲਈ ਮਨਾਉਣ ਵਾਸਤੇ ਘਰੋਂ ਨਿਕਲੇ ਸੀ। ਸਾਡੇ ਵਕੀਲ ਨੇ ਸਾਨੂੰ ਕੋਲ ਬਿਠਾ ਕੇ ਇਹ ਰਾਹ ਦੱਸਿਆ ਕਿ ਇਹ ਪੁਲੀਸ ਦੇ ਝੂਠੇ ਗਵਾਹ ਹੁੰਦੇ ਨੇ, ਇਨ੍ਹਾਂ ਦੇ ਮੂੰਹ ਵਿਚ ਬੁਰਕੀ ਪਾਓ ਤਾਂ ਇਹ ਗਵਾਹੀ ਤੋੜ-ਭੰਨ ਕੇ ਦੇ ਦਿੰਦੇ ਨੇ ਜਿਹਦਾ ਕੋਈ ਨੁਕਸਾਨ ਨਹੀਂ ਹੁੰਦਾ। ਅਸੀਂ ਦਿਨ ਖੜ੍ਹੇ ਤਕ ਉਸ ਦੇ ਘਰ ਦੇ ਨੇੜੇ ਬਗੀਚੀ ਵਿਚ ਬੈਠੇ ਉਸ ਨੂੰ ਉਡੀਕਦੇ ਰਹੇ। ਪਤਾ ਕੀਤਾ ਤਾਂ ਦੱਸਿਆ ਕਿ ਉਹ ਸ਼ਹਿਰੋਂ ਬਾਹਰ ਕਿਸੇ ਜ਼ਰੂਰੀ ਕੰਮ ਗਿਆ ਹੋਇਆ ਹੈ। ਉਹ ਕਿਤੇ ਦਿਨ ਢਲੇ ਆਇਆ। ਗੱਲ ਕੀਤੀ ਤਾਂ ਬੜੀ ਆਕੜ ਨਾਲ ਕਹਿਣ ਲੱਗਾ, ‘‘ਦੇਖੋ ਬਈ, ਸਵਾਲ ਪੰਜ ਸੌ ਦਾ ਆ, ਹੁਣ ਦੇਣਾ ਹੁਣ ਦੇ ਦਿਓ, ਨਈਂ ਤਾਂ ਕੱਲ੍ਹ ਕਚਹਿਰੀ ਤੋਂ ਬਾਹਰ ਗੇਟ ’ਤੇ ਫੜਾ ਦਿਓ।’’ ਇਧਰ ਪਿਤਾ ਨੇ ਹੇਠ ਉੱਤਾ ਕਰਕੇ ਤਿੰਨ ਸੌ ਦਾ ਬੜੇ ਔਖੇ ਹੋ ਕੇ ਪ੍ਰਬੰਧ ਕੀਤਾ ਸੀ ਤੇ ਸੌ ਰੁਪਈਆ ਮੈਂ ਲਿਆ ਕੇ ਦਿੱਤਾ ਸੀ। ਕੁੱਲ ਚਾਰ ਸੌ ਰੁਪਈਆ ਪਿਤਾ ਨੇ ਉਹਦੇ ਗੋਡਿਆਂ ’ਚ ਰੱਖ ਦਿੱਤਾ, ਪਰ ਉਹਨੇ ਤਾਂ ਨੋਟਾਂ ਨੂੰ ਹੱਥ ਵੀ ਨਾ ਲਾਇਆ।

‘‘ਚੱਲ ਚੌਧਰੀ, ਸੌ ਤੈਨੂੰ ਸਵੇਰੇ ਕਚਹਿਰੀਆਂ ’ਚ ਵੜਦੇ ਈ ਫੜਾ ਦਿਆਂਗੇ, ਹੁਣ ਤਾਂ ਮੇਰੇ ਕੋਲ ਐਹੀ ਆ…।’’ ਨੋਟਾਂ ਵੱਲ ਘੂਰ ਘੂਰ ਦੇਖਦੇ ਉਸ ਬੰਦੇ ਅੱਗੇ ਪਿਤਾ ਨੇ ਤਰਲਾ ਮਾਰਿਆ।

‘‘ਪੱਕੀ ਗੱਲ ਹੋਈ… ਜੇ ਸੌ ਨਾ ਦਿੱਤਾ ਤਾਂ ਮੈਂ ਹਾਕਮ ਕੋਲ ਪੇਸ਼ ਹੋ ਜਾਣਾ ਗਵਾਹੀ ਲਈ,’’ ਕਹਿੰਦਿਆਂ ਉਸ ਝੂਠੇ ਗਵਾਹ ਨੇ ਅੱਖਾਂ ਮੀਟ ਲਈਆਂ।

ਨੋਟਾਂ ਨੂੰ ਪੀਚ ਕੇ ਗਵਾਹ ਨੇ ਪੂਣੀ ਬਣਾ ਦਿੱਤਾ ਤੇ ਫਿਰ ਮੇਜ਼ ’ਤੇ ਇਉਂ ਰੋੜ੍ਹ ਦਿੱਤੇ ਜਿੱਦਾਂ ਉਹਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਾ ਹੋਵੇ। ਉਹਦੀ ਇਹ ਹਰਕਤ ਦੇਖ ਕੇ ਅਸੀਂ ਪਿਓ-ਪੁੱਤ ਸੁੰਗੜ ਗਏ ਤੇ ਉਸੇ ਹਾਲਤ ਵਿਚ ਚੁੱਪ ਧਾਰੀ ਘਰ ਆ ਵੜੇ ਸੀ।

ਪਿਤਾ ਅੰਦਰੋਂ ਭਾਵੇਂ ਟੁੱਟਿਆ ਹੋਇਆ ਸੀ, ਪਰ ਉਸ ਨੇ ਮਾਯੂਸੀ ਦੇ ਚਿੰਨ੍ਹ ਚਿਹਰੇ ’ਤੇ ਪ੍ਰਗਟ ਨਹੀਂ ਸੀ ਹੋਣ ਦਿੱਤੇ। ਉਹ ਆਉਂਦਾ ਹੀ ਪੱਤੇ-ਤੀਲ੍ਹਾਂ ਲੈ ਕੇ ਬਹਿ ਗਿਆ ਤੇ ਕਾਹਲੀ ਕਾਹਲੀ ਡੂਨੇ ਲਾਉਣ ਲੱਗਾ। ਮੈਂ ਚੌਂਤੇ ’ਚ ਚੁੱਲ੍ਹੇ ਮੂਹਰੇ ਸਾਗ ਘੋਟਦੀ ਬੀਬੀ ਕੋਲ ਬਹਿ ਕੇ ਹੋਈ ਬੀਤੀ ਦੱਸਣ ਲੱਗ ਪਿਆ।

‘‘ਤੇਰੇ ਸਿਰ ’ਤੇ ਭਾਰ ਆ ਪੁੱਤ, ਤੂੰ ਮੰਨਦਾ ਨਈਂ… ਪਰ ਮੈਨੂੰ ਪਤਾ ਤੇਰੇ ’ਤੇ ਕੋਈ ਗ੍ਰਹੁ ਆ। ਅੱਜ ਤਾਂ ਮੈਂ ਤੈਨੂੰ ਲੈ ਈ ਜਾਣਾ ਸਾਈਂ ਬਾਬੇ ਕੋਲ… ਉਹਦੀ ਚੌਂਕੀ ਤਾਂ ਭਰ ਤੂੰ… ਕਣ ਰੱਖ ਕੇ ਦੇਖ ਲੈਂਦੇ ਆਂ… ਕੀ ਪਤਾ ਤੇਰੇ ’ਤੇ ਕੁਸ਼ ਨਾ ਕੀਤਾ ਹੋਵੇ…।’’ ਚੁੱਲ੍ਹੇ ਵਿਚ ਝੁਲਕਾ ਪਾਉਂਦੀ ਉਹ ਆਪਣੀ ਗੱਲ ਲੈ ਕੇ ਬਹਿ ਗਈ।

ਦੋ ਦਿਨਾਂ ਤੋਂ ਬੀਬੀ ਮੇਰੇ ਮਗਰ ਪਈ ਹੋਈ ਸੀ ਕਿ ਮੈਂ ਜੀਤ ਦੇ ਘਰ ਆਏ ਸਾਈਂ ਬਾਬੇ ਦੀ ਚੌਂਕੀ ਜ਼ਰੂਰ ਭਰਾਂ। ਜਿਹੜਾ ਵੀ ਮਿਲਦਾ ਸੀ ਉਹ ਸਾਈਂ ਦੇ ਗੁਣ ਗਾਉਂਦਾ ਫਿਰਦਾ ਸੀ। ਪਰ ਮੈਨੂੰ ਸਾਈਂ ਵੱਲ ਦੇਖ ਕੇ ਹੀ ਗੁੱਸਾ ਚੜ੍ਹਦਾ ਸੀ। ਮੈਨੂੰ ਉਹਦੀ ਸ਼ਕਲ ਹੀ ਚੰਗੀ ਨਹੀਂ ਸੀ ਲੱਗਦੀ। ਸਾਈਂ ਪ੍ਰਤੀ ਇਹ ਨਫ਼ਰਤ ਪਿਛਲੇ ਸਾਲ ਮੇਰੇ ਮਨ ’ਚ ਉਦੋਂ ਪੈਦਾ ਹੋਈ ਸੀ ਜਦੋਂ ਇਕ ਦੁਪਹਿਰ ਕੋਈ ਚੀਜ਼ ਮੰਗਣ ਮੈਂ ਜੀਤ ਦੇ ਘਰ ਗਿਆ ਸੀ। ਜਿਉਂ ਹੀ ਮੈਂ ਦੱਬੇ ਪੈਰੀਂ ਅੰਦਰ ਵੜਿਆ ਸੀ, ਮੈਨੂੰ ਦੇਖ ਕੇ ਜੀਤ ਦੀ ਵਹੁਟੀ ਸਾਈਂ ਦੇ ਮੰਜੇ ਤੋਂ ਉੱਠ ਕੇ ਕਾਹਲੀ ਨਾਲ ਅੰਦਰ ਨੂੰ ਚਲੀ ਗਈ ਸੀ। ਮੈਂ ਬਿੰਦ ਭਰ ਖੜ੍ਹ ਕੇ ਦੇਖਿਆ ਸੀ, ਫਿਰ ਉਨ੍ਹੀਂ ਪੈਰੀਂ ਮੁੜ ਆਇਆ ਸੀ।

ਏਸ ਗੱਲ ਤੋਂ ਬਾਅਦ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ। ਬੁੜ੍ਹੀਆਂ ਕੋਲੋਂ ਉਸ ਸਾਧ ਦੇ ਸੋਹਲੇ ਸੁਣ ਕੇ ਮੈਨੂੰ ਗੁੱਸਾ ਨਹੀਂ ਸੀ ਚੜ੍ਹਦਾ, ਪਰ ਮੈਂ ਚੁੱਪ ਹੋਇਆ ਰਹਿੰਦਾ। ਉਹਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ। ਉੱਚਾ-ਲੰਮਾ ਕੱਦ ਤੇ ਘੋਨ-ਮੋਨ ਕੀਤਾ ਸਿਰ, ਗਲ ਵਿਚ ਰੰਗ-ਬਿਰੰਗੀ ਮਣਕਿਆਂ ਦੀ ਮਾਲਾ। ਕੁੜਤਾ ਗਲ ਵਿਚ ਤੇ ਤੇੜ ਤਹਿਮਤ, ਹੱਥ ਵਿਚ ਚਿੱਪੀ ਜੋ ਚੜ੍ਹਾਵੇ ਤੇ ਨੋਟਾਂ ਨਾਲ ਭਰੀ ਰਹਿੰਦੀ।

ਮੇਰੀ ਮਾਂ ਨੇ ਮੇਰੀ ਖਾਤਰ ਬੜੇ ਦੁੱਖ ਝੱਲੇ ਸਨ। ਆਪਣਾ ਗਹਿਣਾ-ਗੱਟਾ ਵੇਚ ਕੇ ਮੇਰੇ ਉਪਰ ਲਾ ਦਿੱਤਾ ਸੀ ਤੇ ਚੱਤੋ-ਪਹਿਰ ਉਹ ਮੇਰੇ ਦੁੱਖ ਵਿਚ ਭੁੱਜਦੀ ਰਹਿੰਦੀ ਸੀ। ਹੁਣ ਮੈਂ ਉਹਦੀ ਕਹੀ ਗੱਲ ਸਹਿਜੇ ਕੀਤੇ ਮੋੜਦਾ ਨਹੀਂ ਸੀ। ਹੁਣ ਜਦੋਂ ਉਹਨੇ ਮੈਨੂੰ ਚੌਂਕੀ ਭਰਨ ਲਈ ਜ਼ੋਰ ਪਾਇਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ।

ਜੀਤ ਦੀ ਕੱਚੀ ਬੈਠਕ ਵਿਚ ਸਾਈਂ ਬੈਠਾ ਸੀ। ਕਾਫ਼ੀ ਜਣੇ ਹੇਠਾਂ ਪੱਲੀਆਂ ਵਿਛਾ ਕੇ ਬੈਠੇ ਸਨ। ਥੋੜ੍ਹੇ ਜਿਹੇ ਵਿਹੜੇ ’ਚੋਂ ਸਨ ਤੇ ਕੁਝ ਪਿੰਡ ’ਚੋਂ ਸਨ। ਸਾਈਂ ਦੇ ਸਿਰਾਹਣੇ ਪਏ ਸਟੂਲ ’ਤੇ ਲੈਂਪ ਜਗ ਰਿਹਾ ਸੀ, ਜਿਹਦੇ ਮੱਧਮ ਚਾਨਣ ’ਚ ਸਾਰਿਆਂ ਦੇ ਚਿਹਰੇ ਧੁਆਂਖੇ ਜਿਹੇ ਲੱਗ ਰਹੇ ਸਨ। ਬਸ ਸਾਈਂ ਦਾ ਚਮਕਦਾ ਚਿਹਰਾ ਦਿਸ ਰਿਹਾ ਸੀ।

ਮੈਂ ਤੇ ਬੀਬੀ ਨੇ ਮੱਥਾ ਟੇਕਿਆ ਤੇ ਕੰਧ ਨਾਲ ਜਾ ਕੇ ਬੈਠ ਗਏ। ਸਾਈਂ ਇਕ ਕਥਾ ਸੁਣਾ ਰਿਹਾ ਸੀ। ਹਜ਼ਰਤ ਮੁਹੰਮਦ ਸਾਹਿਬ ਦੀ ਭੈਣ ਬੀਬੀ ਫ਼ਾਤਮਾ ਤੇ ਉਹਦੇ ਬੱਚਿਆਂ ਦੀ ਕੁਰਬਾਨੀ ਬਾਰੇ। ਲੋਕ ਮੰਤਰ-ਮੁਗਧ ਹੋਏ ਬੈਠੇ ਸਨ। ਕਥਾ ਖ਼ਤਮ ਹੋਈ ਤਾਂ ਚੌਂਕੀ ਦਾ ਕੰਮ ਸ਼ੁਰੂ ਹੋਇਆ। ਬੈਠੇ ਹੋਇਆਂ ’ਚੋਂ ਵਾਰੀ-ਵਾਰੀ ਕਣ ਰੱਖਣ ਲੱਗੇ। ਜਿਹੜਾ ਵੀ ਕਣ ਰੱਖਦਾ, ਪੰਜ ਦਾ ਨੋਟ ਸਾਈਂ ਦੇ ਪੈਰਾਂ ’ਚ ਰੱਖ ਕੇ ਮੱਥਾ ਟੇਕਦਾ। ਉਹਦਾ ਦੁੱਖ ਦਰਦ ਦੱਸ ਕੇ ਸਾਈਂ ਉਪਾਅ ਕਰਦਾ ਤੇ ਹਰਾ ਧਾਗਾ ਲੈ ਕੇ ਸੱਤ ਕੁ ਫੂਕਾਂ ਮਾਰਦਾ ਹੋਇਆ, ਸੱਤ ਹੀ ਗੰਢਾਂ ਮਾਰ ਕੇ ਧਾਗਾ ਦੇ ਦਿੰਦਾ। ਧਾਗਾ ਫੜਾ ਕੇ ਸਾਈਂ ਨੋਟ ਚੁੱਕ ਕੇ ਚਿੱਪੀ ਵਿਚ ਰੱਖ ਲੈਂਦਾ।

ਸਵੇਰੇ ਜਦੋਂ ਜੰਗਲ-ਪਾਣੀ ਹੋ ਕੇ ਜੀਤ ਨਾਲ ਸਾਈਂ ਬਾਹਰੋਂ ਮੁੜਿਆ ਸੀ ਤਾਂ ਲਾਲੂ ਤੁਰਿਆ ਜਾਂਦਾ ਰੁਕ ਗਿਆ। ਜਦੋਂ ਸਾਈਂ ਮੂੰਹ ਧੋਣ ਲਈ ਅੱਗੇ ਵਧਿਆ ਤਾਂ ਲਾਲੂ ਕਹਿੰਦਾ, ‘‘ਆਹ ਚਿੱਪੀ ਨੋਟਾਂ ਨਾਲ ਤੂਸੀ ਪਈ ਆ… ਇਹ ਤਾਂ ਸਾਧ ਨੋਟ ’ਕੱਠੇ ਕਰਦਾ ਫਿਰਦਾ… ਕਿਸੇ ਬਾਣੀਏ ਵਾਂਗ…।’’

‘‘ਰਾਤ ਨੂੰ ਪੂਰੀ ਬੋਤਲ ਪੀਂਦਾ… ਅਸੀਂ ਤਾਂ ਰੋਜ਼ ਦੇਖੀਦਾ…।’’ ਕੋਲ ਖੜ੍ਹਾ ਹੁਕਮੀ ਬੋਲਿਆ।

ਹੁਣ ਮੇਰੀ ਨਿਗ੍ਹਾ ਉਖੜ-ਉਖੜ ਕੇ ਚਿੱਪੀ ਵੱਲ ਜਾਂਦੀ। ਬੀਬੀ ਨੇ ਵੀ ਕਣ ਰੱਖਣ ਲਈ ਟੱਲੇ ਲੜ ਬੱਧਾ ਪੰਜਾਂ ਦਾ ਨੋਟ ਖੋਲ੍ਹਿਆ ਤੇ ਹੱਥ ਵਿਚ ਫੜ ਲਿਆ। ਮੈਂ ਉਹਨੂੰ ਪਲ ਭਰ ਲਈ ਰੁਕਣ ਲਈ ਕਿਹਾ ਤਾਂ ਉਹ ਮੇਰੇ ਵੱਲ ਦੇਖਦੀ ਰੁਕ ਗਈ। ਇਸੇ ਘੜੀ ਛੋਟੀ ਭੈਣ ਬੀਬੀ ਨੂੰ ਸੱਦਣ ਆ ਗਈ ਕਿਉਂਕਿ ਘਰ ਪ੍ਰਾਹੁਣੇ ਆ ਗਏ ਸਨ। ਬੀਬੀ ਚਲੀ ਗਈ।

ਮੈਂ ਬਾਹਰਲੇ ਕੋਠੇ ਪਸ਼ੂਆਂ ਕੋਲ ਪਿਆ ਉਪਰ ਛੱਤ ਨੂੰ ਘੂਰ ਰਿਹਾ ਸੀ। ਰਾਤ ਬਹੁਤ ਡੂੁੰਘੀ ਬੀਤ ਗਈ ਸੀ। ਮੇਰੀਆਂ ਅੱਖਾਂ ਅੱਗੇ ਨਾ ਸ਼ਤੀਰ ਸੀ, ਨਾ ਬਾਲੇ ਸਨ, ਨਾ ਹੀ ਸਲਵਾੜ, ਉੱਥੇ ਤਾਂ ਸਿਰਫ਼ ਸਾਧ ਦੀ ਚਿੱਪੀ ਪਈ ਦਿਸ ਰਹੀ ਸੀ। ਇਕ ਟੱਕ ਮੈਂ ਚਿੱਪੀ ਵੱਲ ਘੂਰ ਰਿਹਾ ਸੀ। ਅਖੀਰ ਉੱਠ ਕੇ ਮੈਂ ਬਾਹਰ ਬੀਹੀ ਵਿਚ ਆ ਗਿਆ। ਤਿੱਖੀ ਠੰਢੀ ਹਵਾ ਚੱਲ ਰਹੀ ਸੀ। ਮੈਂ ਉਪਰ ਕੀ ਦੇਖਦਾਂ, ਉੱਥੇ ਤਾਂ ਧੁੰਦ ਪਸਰੀ ਪਈ ਸੀ। ਮੈਂ ਤੁਰਿਆ ਤੇ ਜੀਤ ਕਾ ਬਾਹਰਲਾ ਬੂਹਾ ਲੰਘ ਕੇ ਕੱਚੀ ਬੈਠਕ ਅੱਗੇ ਆ ਗਿਆ।

‘‘ਇਹ ਕਾਲਾ ਜਾਦੂ ਜਾਣਦਾ, ਭੂਤ ਪ੍ਰੇਤ ਇਹਦੇ ਵਸ ਵਿਚ ਆ… ਪਤਾ ਇਹਦੇ ਕੋਲ ਬੱਤੀ ਇਲਮ ਆ, ਫੁੱਫਣ ਬੇਲੀ ਵੀ ਇਹਦੇ ਤੋਂ ਭੈਅ ਮੰਨਦਾ…’’ ਵਿਹੜੇ ਵਿਚ ਸਾਰੇ ਲੋਕ ਕਹਿੰਦੇ ਸਨ। ਮੈਂ ਰੁਕ ਗਿਆ ਤੇ ਮੈਨੂੰ ਸਵੇਰੇ ਤਾਰੀਖ਼ ਦੀ ਯਾਦ ਆਈ। ਐਵੇਂ ਕੋਈ ਐਸੀ ਵੈਸੀ ਗੱਲ ਹੋ ਜਾਵੇ… ਫਿਰ ਮੈਂ ਤਾਂ ਏਸ ਕੰਮ ਨੂੰ ਤਦ ਤਕ ਲਈ ਤਿਆਗ ਦੇਣ ਦਾ ਪ੍ਰਣ ਕੀਤਾ ਹੈ ਜਦੋਂ ਤਕ ਮੁਕੱਦਮੇ ਦਾ ਕੋਈ ਫੈ਼ਸਲਾ ਨਹੀਂ ਹੁੰਦਾ। ਪਰ ਨਾਲ ਹੀ ਮੇਰੇ ਦਿਮਾਗ਼ ਵਿਚ ਇਹ ਗੱਲ ਬੈਠ ਗਈ ਕਿ ਇਹ ਸਾਈਂ ਸਾਰੇ ਪਖੰਡ ਕਰਦਾ ਹੈ, ਇਹਦੇ ਕੋਲ ਕੋਈ ਇਲਮ ਜਾਦੂ ਨਹੀਂ। ਵਹਿਮਾਂ-ਭਰਮਾਂ ਦੇ ਮਾਰੇ, ਅਨਪੜ੍ਹ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਰਿਹਾ ਹੈ। ਇਹ ਤਾਂ ਵੱਡਾ ਚੋਰ ਐ, ਸਾਧਪੁਣੇ ਦਾ ਚੋਲਾ ਪਾ ਕੇ ਠਗਦਾ ਫਿਰਦਾ ਹੈ।

ਮੈਂ ਅੱਗੇ ਵਧ ਕੇ ਬੰਦ ਦਰਾਂ ਨੂੰ ਛੋਹਿਆ ਤਾਂ ਉਹ ਅੰਦਰੋਂ ਬੰਦ ਸਨ, ਕੁੰਡਾ ਲੱਗਾ ਹੋਇਆ ਸੀ। ਮੈਂ ਇਕ ਪਲ ਸੋਚਿਆ ਤੇ ਬਾਹਰਲੇ ਦਰਾਂ ਕੋਲ ਪਏ ਟੱਬ ਨੂੰ ਚੁੱਕ ਕੇ ਦੋ-ਤਿੰਨ ਵਾਰ ਹੇਠਾਂ ਮਾਰਿਆ। ਪੂਰਾ ਖੜਾਕਾ ਹੋਇਆ ਤੇ ਮੈਂ ਕੰਧ ਦੇ ਪੈਰਾਂ ’ਚ ਸਹਿਮ ਕੇ ਬਹਿ ਗਿਆ। ਬਿੰਦ ਕੁ ਬਾਅਦ ਕੁੰਡਾ ਖੁੱਲਿ੍ਹਆ।

‘‘ਕੌਣ ਆਂ ਬਈ?’’ ਕਹਿੰਦਾ ਹੋਇਆ ਜੀਤ ਜਿਉਂ ਹੀ ਬਾਹਰ ਵੱਲ ਵਧਿਆ, ਮੈਂ ਮਲਕ ਜਿਹੇ ਅੰਦਰ ਸਰਕ ਗਿਆ, ਪੇਟੀ ਦੇ ਨਾਲ ਲੱਗ ਕੇ ਹਨੇਰੇ ਵਿਚ ਬਹਿ ਗਿਆ।

‘‘ਕੋਈ ਕੁੱਤਾ ਬਿੱਲਾ ਸੀ…।’’ ਬੁੜ ਬੁੜ ਕਰਦਾ ਜੀਤ ਕੁੰਡਾ ਲਾ ਕੇ ਮੁੜ ਪਿਆ ਤੇ ਪਿਛਲੇ ਅੰਦਰ ਲੰਘ ਗਿਆ।

ਮੈਂ ਸਾਹ ਰੋਕ ਕੇ ਘੂਕ ਸੁੱਤੇ ਪਏ ਸਾਈਂ ਵੱਲ ਦੇਖਿਆ। ਉਹਦੇ ਸਿਰਾਹਣੇ ਸਟੂਲ ’ਤੇ ਬਹੁਤ ਮੱਧਮ ਲੈਂਪ ਬਲ ਰਿਹਾ ਸੀ ਜਿਸ ਦੇ ਕੋਲ ਚਿੱਪੀ ਪਈ ਸੀ। ਮੈਂ ਬੜਾ ਚਿਰ ਬੈਠਾ ਰਿਹਾ।

ਚੋਰ ਜਦੋਂ ਵੀ ਚੋਰੀ ਕਰਨ ਜਾਂਦਾ ਹੈ, ਉਹ ਕਦੇ ਵੀ ਇਕੱਲਾ ਨਹੀਂ ਹੁੰਦਾ। ਉਹਦੇ ਨਾਲ ਹਨੇਰਾ ਹੁੰਦਾ ਹੈ ਤੇ ਦੂਜਿਆਂ ਲਈ ਇਕ ਭੈਅ ਹੁੰਦਾ ਹੈ। ਇਹੋ ਚੀਜ਼ਾਂ ਉਹਨੂੰ ਨਿਡਰ ਤੇ ਬਹਾਦਰ ਬਣਾਉਂਦੀਆਂ ਤੇ ਤਾਕਤ ਬਖ਼ਸ਼ਦੀਆਂ ਹਨ। ਮੈਂ ਹੌਲੇ ਜਿਹੇ ਚਿੱਪੀ ਚੁੱਕ ਕੇ ਉਹਦੇ ’ਚੋਂ ਨੋਟ ਕੱਢਣ ਲਈ ਹੱਥ ਵਧਾਇਆ, ਪਰ ਰੁਕ ਗਿਆ। ‘ਏਸੇ ਚਿੱਪੀ ਦਾ ਤਾਂ ਸਾਰਾ ਚੱਕਰ ਐ… ਇਹੋ ਤਾਂ ਇਸ ਚੋਰ ਨੂੰ ਸਾਧ ਬਣਾਉਂਦੀ ਐ,’ ਸੋਚਦਿਆਂ ਮੈਂ ਚਿੱਪੀ ਚੁੱਕੀ ਤੇ ਹੌਲੀ ਜਿਹੇ ਕੁੰਡਾ ਖੋਲ੍ਹ ਕੇ ਬਾਹਰ ਖਿਸਕ ਆਇਆ।

ਨੋਟ ਕਾਫ਼ੀ ਸਨ, ਮੈਂ ਗਿਣੇ ਨਹੀਂ ਤੇ ਤਹਿ ਕਰਕੇ ਸਿਰਾਹਣੇ ਹੇਠ ਰੱਖ ਦਿੱਤੇ। ਇਕ ਰੱਸੀ ਲੈ ਕੇ ਚਿੱਪੀ ਉਹਦੇ ਨਾਲ ਬੰਨ੍ਹੀ ਤੇ ਪਿਲਕਣ ਹੇਠਲੀ ਖੂਹੀ ਵਿਚ ਲਟਕਾ ਆਇਆ।

‘‘ਚੱਲ ਬਈ ਪ੍ਰੇਮ ਉੱਠ… ਤੂੰ ਕਚਹਿਰੀ ਟੈਮ ਨਾਲ ਪਹੁੰਚ ਜਾਈਂ… ਮੈਂ ਅਬਾਦਪੁਰੋਂ ਪੈਹਿਆਂ ਦਾ ਹੀਲਾ ਕਰਕੇ ਆਇਆ… ਰਕਮ ਪੂਰੀ ਨਈਂ ਹੋਈ…,’’ ਪਿਤਾ ਨੇ ਮੈਨੂੰ ਸੁੱਤੇ ਨੂੰ ਜਗਾਇਆ। ‘‘ਭਾਈਆ… ਪੈਹਾਂ ਬਾਰੇ ਨਾ ਸੋਚ… ਕਰਤਾ ਰਾਤੀਂ ਮੈਂ ਪ੍ਰਬੰਧ…’’ ਮੈਂ ਪਾਸਾ ਮਾਰਦੇ ਨੇ ਹੌਲੀ ਜਿਹੀ ਕਿਹਾ ਤੇ ਮੁੜ ਸੌਂ ਗਿਆ।

ਪ੍ਰੇਮ ਗੋਰਖੀ ਸੰਪਰਕ: 98555-91762