ਕਰੋਨਾ ਤੇ ਚੀਨ ਦਾ ਵਾਇਟ ਪੇਪਰ

0
335

ਬੀਜਿੰਗ (ਏਜੰਸੀਆਂ) : ਦੁਨੀਆ ਵਿਚ ਵਾਇਰਸ ਫੈਲਾਉਣ ਦੇ ਦੋਸ਼ਾਂ ‘ਚ ਘਿਰੇ ਚੀਨ ਨੇ ਐਤਵਾਰ ਨੂੰ ਮਹਾਮਾਰੀ ਨਾਲ ਜੁੜਿਆ ਇਕ ਵਾਈਟ ਪੇਪਰ ਜਾਰੀ ਕਰ ਕੇ ਖ਼ੁਦ ਦੀ ਪਿੱਠ ਥਪਥਪਾਈ। ਇਸ ਵਿਚ ਬੀਜਿੰਗ ਨੇ ਸਾਫ਼ ਕਿਹਾ ਹੈ ਕਿ ਵਾਇਰਸ ਨਾਲ ਜੁੜੀ ਕੋਈ ਵੀ ਜਾਣਕਾਰੀ ਉਸ ਨੇ ਦੁਨੀਆ ਤੋਂ ਨਹੀਂ ਲੁਕੋਈ। ਵਾਈਟ ਪੇਪਰ ਮੁਤਾਬਿਕ ਪਹਿਲੀ ਵਾਰ 27 ਦਸੰਬਰ ਨੂੰ ਵਾਇਰਲ ਨਿਮੋਨੀਆ ਦੇ ਤੌਰ ‘ਤੇ ਵਾਇਰਸ ਦਾ ਪਤਾ ਲੱਗਾ ਸੀ ਜਦਕਿ ਇਨਸਾਨਾਂ ਤੋਂ ਇਨਸਾਨਾਂ ਵਿਚ ਇਨਫੈਕਸ਼ਨ ਦਾ ਪਤਾ 19 ਜਨਵਰੀ ਨੂੰ ਚੱਲਿਆ। ਇਸ ਪਿੱਛੋਂ ਇਸ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ ਗਏ। ਜੋ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ ਉਸ ਵਿਚ ਪਿਛਲੇ ਸਾਲ ਵੁਹਾਨ ਵਿਚ ਕੋਰੋਨਾ ਦੇ ਕਹਿਰ ਨੂੰ ਲੈ ਕੇ ਬੀਜਿੰਗ ਵੱਲੋਂ ਦੇਰੀ ਨਾਲ ਚੁੱਕੇ ਗਏ ਕਦਮਾਂ ਦੇ ਦੋਸ਼ਾਂ ਦਾ ਖੰਡਨ ਕਰਦੇ ਹੋਏ ਇਕ ਲੰਬਾ ਸਪੱਸ਼ਟੀਕਰਨ ਦਿੱਤਾ ਗਿਆ ਹੈ।

ਵਾਈਟ ਪੇਪਰ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ, ਖ਼ਾਸ ਕਰ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਮਹਾਮਾਰੀ ਨੂੰ ਰੋਕਣ ਲਈ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ। ਚੀਨ ਨੇ ਇਹ ਵਾਈਟ ਪੇਪਰ ਮੀਡੀਆ ਵਿਚ ਆਈਆਂ ਉਨ੍ਹਾਂ ਖ਼ਬਰਾਂ ਪਿੱਛੋਂ ਜਾਰੀ ਕੀਤਾ ਹੈ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਭਾਵੇਂ ਚੀਨ ਦੀ ਪ੍ਰਸ਼ੰਸਾ ਕੀਤੀ ਹੋਵੇ ਪ੍ਰੰਤੂ ਵਾਇਰਸ ਦੇ ਬਾਰੇ ਵਿਚ ਜਾਣਕਾਰੀ ਦੇਣ ਵਿਚ ਿਢੱਲਮੱਠ ਤੋਂ ਸੰਗਠਨ ਦੇ ਅਧਿਕਾਰੀ ਵੀ ਨਾਰਾਜ਼ ਸਨ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਚੀਨ ‘ਤੇ ਬਿਮਾਰੀ ਦੇ ਬਾਰੇ ਵਿਚ ਪਾਰਦਰਸ਼ਤਾ ਨਾ ਵਰਤਣ ਦਾ ਦੋਸ਼ ਲਗਾਇਆ ਹੈ।

ਵੈੱਟ ਮਾਰਕੀਟ ਤੋਂ ਵਾਇਰਸ ਫੈਲਣ ਦੇ ਸਬੂਤ ਨਹੀਂ
ਵਾਈਟ ਪੇਪਰ ਅਨੁਸਾਰ 27 ਦਸੰਬਰ ਨੂੰ ਵੁਹਾਨ ਦੇ ਇਕ ਹਸਪਤਾਲ ਵਿਚ ਵਾਇਰਸ ਦੇ ਬਾਰੇ ਵਿਚ ਪਤਾ ਲੱਗਣ ਦੇ ਬਾਅਦ ਸਰਕਾਰ ਨੇ ਮਰੀਜ਼ਾਂ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਨ ਲਈ ਮਾਹਿਰਾਂ ਨੂੰ ਬੁਲਾਇਆ। ਜਾਂਚ ਵਿਚ ਇਹ ਪਤਾ ਲੱਗਾ ਕਿ ਇਹ ਸਾਰੇ ਮਰੀਜ਼ ਵਾਇਰਲ ਨਿਮੋਨੀਆ ਦੇ ਸਨ। ਉਧਰ, ਨੈਸ਼ਨਲ ਹੈਲਥ ਕਮਿਸ਼ਨ (ਐੱਨਐੱਚਸੀ) ਵੱਲੋਂ ਗਠਿਤ ਮਾਹਿਰਾਂ ਦੀ ਟੀਮ ਦੇ ਖੋਜੀਆਂ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ 19 ਜਨਵਰੀ ਨੂੰ ਹੋਈ ਕਿ ਵਾਇਰਸ ਦਾ ਇਨਫੈਕਸ਼ਨ ਇਨਸਾਨਾਂ ਤੋਂ ਇਨਸਾਨਾਂ ਵਿਚਕਾਰ ਤਬਦੀਲ ਹੋ ਰਿਹਾ ਹੈ। ਐੱਨਐੱਚਸੀ ਵੱਲੋਂ ਵੁਹਾਨ ਵਿਚ ਜਨਵਰੀ ਦੇ ਸ਼ੁਰੂ ਵਿਚ ਭੇਜੇ ਗਏ ਮਾਹਿਰਾਂ ਦੇ ਸਮੂਹ ਵਿਚ ਸ਼ਾਮਲ ਚੀਨ ਦੇ ਸਿਹਤ ਰੋਗ ਮਾਹਿਰ ਵਾਂਗ ਗੁਆਂਗਫਾ ਨੇ ਕਿਹਾ ਕਿ ਜਦੋਂ ਮਾਹਿਰ ਵੁਹਾਨ ਵਿਚ ਉਤਰੇ ਤਾਂ ਉੱਥੇ ਸਿਰਫ਼ ਬੁਖਾਰ ਦੇ ਰੋਗੀ ਸਨ। ਏਨਾ ਹੀ ਨਹੀਂ ਹੁਨਾਨ ਦੀ ਵੈੱਟ ਮਾਰਕੀਟ ਤੋਂ ਵਾਇਰਸ ਫੈਲਣ ਦਾ ਕੋਈ ਸਿੱਧਾ ਸੰਪਰਕ ਵੀ ਨਹੀਂ ਮਿਲਿਆ ਜਦਕਿ ਪਹਿਲੇ ਇਹ ਮੰਨਿਆ ਜਾ ਰਿਹਾ ਸੀ ਕਿ ਉੱਥੇ ਵਿਕਣ ਵਾਲੇ ਚਮਗਿੱਦੜ ਅਤੇ ਪੈਂਗੋਲਿਨ ਤੋਂ ਵਾਇਰਸ ਫੈਲਿਆ।

ਸਮੇਂ ‘ਤੇ ਦੇ ਦਿੱਤੀ ਸੀ ਅਮਰੀਕਾ ਨੂੰ ਜਾਣਕਾਰੀ
ਚੀਨ ਨੇ ਕਿਹਾ ਕਿ ਸਮਾਂਬੱਧ ਤਰੀਕੇ ਨਾਲ ਡਬਲਯੂਐੱਚਓ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਵਾਇਰਸ ਅਤੇ ਵਾਇਰਸ ਦੇ ਜੀਨੋਮ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ। ਵੁਹਾਨ ਵਿਚ ਵੱਡੀ ਗਿਣਤੀ ਵਿਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਪਿੱਛੋਂ ਅਤੇ ਚੀਨ ਦੇ ਹੋਰ ਖੇਤਰਾਂ ਵਿਚ ਵੀ ਇਸੇ ਤਰ੍ਹਾਂ ਦੇ ਕੇਸ ਆਉਣ ਪਿੱਛੋਂ ਰੋਕਥਾਮ ਅਤੇ ਕੰਟਰੋਲ ਦਾ ਇਕ ਦੇਸ਼-ਪੱਧਰੀ ਪ੍ਰਰੋਗਰਾਮ ਲਾਂਚ ਕੀਤਾ ਗਿਆ। ਦੱਸਣਯੋਗ ਹੈ ਕਿ ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਦੀ ਉਤਪਤੀ ਦੀ ਸੁਤੰਤਰ ਜਾਂਚ ਲਈ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕੀਤਾ ਹੈ। ਚੀਨ ਨੇ ਵੀ ਪ੍ਰਸਤਾਵ ਦਾ ਸਮੱਰਥਨ ਕੀਤਾ ਹੈ।