ਹਾਂਗਕਾਂਗ (ਏਜੰਸੀਆਂ) : ਚੀਨ ਦੇ ਪ੍ਰਸਤਾਵਿਤ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਖ਼ਿਲਾਫ਼ ਐਤਵਾਰ ਨੂੰ ਹਾਂਗਕਾਂਗ ਵਿਚ ਇਕ ਵਾਰ ਫਿਰ ਲੋਕ ਸੜਕਾਂ ‘ਤੇ ਉਤਰ ਆਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਨਾ ਕੇਵਲ ਅੱਥਰੂ ਗੈਸ ਦੀ ਵਰਤੋਂ ਕੀਤੀ ਸਗੋਂ ਕਾਲੀ ਮਿਰਚ ਦਾ ਪਾਊਡਰ ਵੀ ਸੁੱਟਿਆ। ਦੱਸਣਯੋਗ ਹੈ ਕਿ ਹਾਂਗਕਾਂਗ ਵਿਚ ਇਹ ਕਾਨੂੰਨ ਲਾਗੂ ਹੋਣ ਪਿੱਛੋਂ ਇੱਥੇ ਚੀਨ ਖ਼ਿਲਾਫ਼ ਕੁਝ ਵੀ ਬੋਲਣਾ ਅਪਰਾਧ ਦੀ ਸ਼੍ਰੇਣੀ ਵਿਚ ਆ ਜਾਵੇਗਾ ਅਤੇ ਉਸ ਲਈ ਸਖ਼ਤ ਸਜ਼ਾ ਦਿੱਤੀ ਜਾਵੇਗੀ। ਏਨਾ ਹੀ ਨਹੀਂ ਹਾਂਗਕਾਂਗ ਵਿਚ ਵਿਦੇਸ਼ੀ ਸਰਗਰਮੀਆਂ ਵੀ ਸੀਮਤ ਹੋ ਜਾਣਗੀਆਂ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਨਾਲ ਉੱਥੋਂ ਦੀ ਆਰਥਿਕ ਹਾਲਤ ਵੀ ਪ੍ਰਭਾਵਿਤ ਹੋਵੇਗੀ। ਹਾਂਗਕਾਂਗ ਨੂੰ ਸ਼ਰਤਾਂ ਸਹਿਤ ਤਬਦੀਲੀ ਦੇ ਸਮੇਂ ਤੋਂ ਹੀ ਕਈ ਤਰ੍ਹਾਂ ਦੀਆਂ ਸੁਤੰਤਰ ਸਰਗਰਮੀਆਂ ਦੇ ਅਧਿਕਾਰ ਪ੍ਰਾਪਤ ਹਨ ਜੋ ਚੀਨ ਦੀ ਮੁੱਖ ਭੂਮੀ ਦੇ ਲੋਕਾਂ ਨੂੰ ਨਹੀਂ ਹਨ। ਹਾਂਗਕਾਂਗ ਪੁਲੀਸ ਨੇ ਦੇਰ ਰਾਤ ਜਾਰੀ ਬਿਆਨ ਵਿਚ ਦੱਸਿਆ ਕਿ ਕੁਲ 180 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਦਰਅਸਲ, ਸ਼ੁਰੂਆਤ ਵਿਚ ਵਿਵਾਦਪੂਰਣ ‘ਨੈਸ਼ਨਲ ਐਂਥਮ ਬਿੱਲ’ ਖ਼ਿਲਾਫ਼ ਐਤਵਾਰ ਨੂੰ ਰੈਲੀ ਕਰਵਾਈ ਗਈ ਪ੍ਰੰਤੂ ਪ੍ਰਸਤਾਵਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਖ਼ਿਲਾਫ਼ ਹਾਂਗਕਾਂਗ ਵਿਚ ਪੈਦਾ ਹੋਏ ਗੁੱਸੇ ਕਾਰਨ ਵੱਡੀ ਗਿਣਤੀ ਵਿਚ ਲੋਕ ਕਾਜਵੇ-ਬੇ ‘ਤੇ ਇਕੱਠੇ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ‘ਸਟੈਂਡ ਵਿਦ ਹਾਂਗਕਾਂਗ’, ‘ਲਿਬਰੇਟ ਹਾਂਗਕਾਂਗ’ ਅਤੇ ਰਿਵੋਲੂਸ਼ਨ ਆਫ ਅਵਰ ਟਾਈਮ’ ਵਰਗੇ ਨਾਅਰੇ ਲਗਾ ਰਹੇ ਸਨ। ਸ਼ੁਰੂਆਤ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਇੱਥੋਂ ਚਲੇ ਜਾਣ ਨੂੰ ਕਿਹਾ ਪ੍ਰੰਤੂ ਥੋੜ੍ਹੀ ਦੇਰ ਪਿੱਛੋਂ ਹੀ ਉਨ੍ਹਾਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲ਼ੇ ਛੱਡਣ ਲੱਗੀ। ਪੁਲਿਸ ਨੇ ਸਰੀਰਕ ਦੂਰੀ ਦੇ ਨਿਯਮਾਂ ਦਾ ਉਲੰਘਣ ਕਰਨ ਦੇ ਦੋਸ਼ ਵਿਚ ਪ੍ਰਸਿੱਧ ਅੰਦੋਲਨਕਾਰੀ ਤਾਮ ਤਾਕ ਚੀ ਨੂੰ ਗਿ੍ਰਫ਼ਤਾਰ ਕਰ ਲਿਆ। ਐਤਵਾਰ ਦਾ ਵਿਰੋਧ ਪ੍ਰਦਰਸ਼ਨ ਪਿਛਲੇ ਸਾਲ ਸ਼ੁਰੂ ਹੋਏ ਲੋਕਤੰਤਰ ਸਮੱਰਥਕ ਅੰਦੋਲਨ ਦਾ ਹਿੱਸਾ ਹੈ। ਪਹਿਲੇ ਵੀ ਕਈ ਵਾਰ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਝੜਪ ਹੋਈ ਹੈ। ਸ਼ੁੱਕਰਵਾਰ ਤੋਂ ਚੀਨ ਵਿਚ ਸੰਸਦ ਦਾ ਇਜਲਾਸ ਸ਼ੁਰੂ ਹੋਇਆ ਹੈ। ਇਸੇ ਦਿਨ ਇਸ ਪ੍ਰਸਤਾਵਿਤ ਕਾਨੂੰਨ ਨੂੰ ਸਦਨ ਵਿਚ ਪੇਸ਼ ਕੀਤਾ ਗਿਆ। 28 ਮਈ ਨੂੰ ਇਸ ਦੇ ਪਾਸ ਹੋਣ ਦੀ ਉਮੀਦ ਹੈ।
ਚੀਨ ਨੇ ਹਾਂਗਕਾਂਗ ਨੂੰ ਧੋਖਾ ਦਿੱਤਾ
ਹਾਂਗਕਾਂਗ ਦੇ ਆਖਰੀ ਬਿ੍ਟਿਸ਼ ਗਵਰਨਰ ਕ੍ਰਿਸ ਪੈਟਨ ਨੇ ਕਿਹਾ ਹੈ ਕਿ ਚੀਨ ਨੇ ਹਾਂਗਕਾਂਗ ਨੂੰ ਧੋਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਅਰਧ ਖ਼ੁਦਮੁਖ਼ਤਾਰ ਖੇਤਰ ਦੀ ਆਜ਼ਾਦੀ ਦੀ ਗਾਰੰਟੀ ਦਿੱਤੀ ਸੀ ਪ੍ਰੰਤੂ ਉਹ ਹੁਣ ਉਸ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ‘ਟਾਈਮਜ਼ ਆਫ ਲੰਡਨ’ ਅਖ਼ਬਾਰ ਨੂੰ ਦਿੱਤੇ ਗਏ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਜੋ ਕੁਝ ਅਸੀਂ ਹਾਲ ਹੀ ਦੇ ਦਿਨਾਂ ਵਿਚ ਦੇਖ ਰਹੇ ਹਾਂ ਉਹ ਚੀਨ ਦੀ ਨਵੀਂ ਤਾਨਾਸ਼ਾਹੀ ਹੈ। ਬਿ੍ਟੇਨ ‘ਚ ਰਹਿ ਰਹੇ ਪੈਟਨ (76) ਨੇ ਕਿਹਾ ਕਿ ਬਿ੍ਟੇਨ ਦੀ ਨੈਤਿਕ, ਆਰਥਿਕ ਅਤੇ ਨਿਆਇਕ ਜ਼ਿੰਮੇਵਾਰੀ ਹੈ ਕਿ ਉਹ ਹਾਂਗਕਾਂਗ ਦੇ ਪੱਖ ਵਿਚ ਖੜ੍ਹਾ ਹੋਵੇ ਅਤੇ ਚੀਨ ਨੂੰ ਰੋਕੇ, ਕਿਉਂਕਿ 1984 ਵਿਚ ਹੋਏ ਸਮਝੌਤੇ ਵਿਚ ਤੱਤਕਾਲੀ ਚੀਨੀ ਪ੍ਰਧਾਨ ਮੰਤਰੀ ਝਾਓ ਜਿਆਂਗ ਨੇ ਹਾਂਗਕਾਂਗ ਦੀ ਖ਼ੁਦਮੁਖ਼ਤਾਰੀ ਬਰਕਰਾਰ ਰੱਖਣ ਦੀ ਗਾਰੰਟੀ ਦਿੱਤੀ ਸੀ।