ਅੰਮ੍ਰਿਤਸਰ (ਪਚਬ): ਸਿਵਲ ਸਰਜਨ ਅੰਮ੍ਰਿਤਸਰ, ਡਾ. ਪ੍ਰਭਦੀਪ ਕੌਰ ਜੌਹਲ ਨੇ ਮੀਡੀਆ ਕਰਮੀਆਂ, ਜਿਨ੍ਹਾਂ ਵਿਚ ਫੋਟੋਗ੍ਰਾਫਰ ਤੇ ਕੈਮਰਾਮੈਨ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹਨ, ਨੂੰ ਵੀ ਅਪੀਲ ਕੀਤੀ ਕਿ ਸਾਰੇ ਮਰੀਜ਼ਾਂ ਨੂੰ ਆਮ ਲੋਕਾਂ ਨਾਲੋਂ ਦੂਰ ਰੱਖਿਆ ਜਾ ਰਿਹਾ ਹੈ ਤਾਂ ਜੋ ਵਾਇਰਸ ਅੱਗੇ ਨਾ ਫੈਲੇ। ਉਨ੍ਹਾਂ ਕਿਹਾ ਕਿ ਮੀਡੀਆ ਕਰਮੀ ਮਰੀਜ਼ਾਂ ਦੀ ਨਿਜਤਾ ਨੂੰ ਧਿਆਨ ਵਿਚ ਰੱਖਣ ਤੋਂ ਇਲਾਵਾ ਆਪਣੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਦੀ ਫੋਟੋ ਆਦਿ ਲੈਣ ਲਈ ਅੱਗੇ ਨਾ ਜਾਣ ਤਾਂ ਜੋ ਉਹ ਵਾਇਰਸ ਦੇ ਪ੍ਰਭਾਵ ਤੋਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਸਗੋਂ ਇਸ ਤੋਂ ਬਚਣ ‘ਚ ਹੀ ਬਚਾਅ ਹੈ, ਸੋ ਮੀਡੀਆ ਕਰਮੀ ਇਸ ਗੱਲ ਨੂੰ ਸਮਝਦੇ ਹੋਏ ਨਾ ਕੇਵਲ ਆਪਣਾ ਬਚਾਅ ਕਰਨ, ਸਗੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਿਚ ਸਾਡੀ ਮਦਦ ਕਰਨ।
ਡਾ. ਜੌਹਲ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਮਰੀਜ਼ ਦੀ ਸ਼ਨਾਖਤ, ਜਿਸ ਵਿਚ ਉਸਦਾ ਨਾਮ, ਪਿੰਡ, ਸ਼ਹਿਰ, ਉਮਰ, ਨਾਗਰਿਕਤਾ ਆਦਿ ਦਾ ਵੇਰਵਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਕੋਰੋਨਾ ਦੇ ਮਾਰੂ ਪ੍ਰਭਾਵ ਤੋਂ ਜ਼ਿਲਾ ਵਾਸੀਆਂ ਨੂੰ ਬਚਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੋਣ ਕਾਰਨ ਲਗਾਤਾਰ ਰੁਝੇਵੇਂ ਵਿਚ ਹੈ, ਸੋ ਉਹ ਕੋਰੋਨਾ ਸਬੰਧੀ ਅਪਡੇਟ ਲਈ ਫੋਨ ‘ਤੇ ਸੰਪਰਕ ਨਾ ਕਰਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸ਼ਾਮ ਨੂੰ ਇਸ ਸਬੰਧੀ ਬੁਲੇਟਨ ਜਾਰੀ ਕੀਤਾ ਜਾਵੇਗਾ ਅਤੇ ਇਸ ਪ੍ਰੈਸ ਨੋਟ ਰਾਹੀਂ ਹੀ ਕੋਰੋਨਾ ਬਾਰੇ ਮੀਡੀਆ ਨਾਲ ਰੋਜ਼ਾਨਾ ਸੰਪਰਕ ਰੱਖੇਗਾ।