30 ਕਰੋੜ ਬੱਚੇ ਸਕੂਲ ਤੋਂ ਦੂਰ ਕਿਉਂ?

0
386

ਰੋਮ (ਏਐੱਫਪੀ) : ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਕਰੀਬ 30 ਕਰੋੜ ਬੱਚਿਆਂ ਨੂੰ ਸਕੂਲਾਂ ਤੋਂ ਦੂਰ ਕਰ ਦਿੱਤਾ ਹੈ। ਵਾਇਰਸ ਦੇ ਕਹਿਰ ਕਾਰਨ ਚੀਨ ਸਮੇਤ ਕਈ ਦੇਸ਼ਾਂ ਵਿਚ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਇਟਲੀ ਵਿਚ ਵੀ ਵੀਰਵਾਰ ਤੋਂ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਚੀਨ ਤੋਂ ਫੈਲਿਆ ਇਹ ਵਾਇਰਸ ਹੁਣ ਕਰੀਬ 80 ਦੇਸ਼ਾਂ ਤਕ ਪੁੱਜ ਚੁੱਕਾ ਹੈ। ਦੁਨੀਆ ਭਰ ਵਿਚ ਇਸ ਦੀ ਲਪੇਟ ਵਿਚ ਆ ਕੇ 95 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ ਅਤੇ 3,200 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਯੂਨੈਸਕੋ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ 13 ਦੇਸ਼ਾਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਟਲੀ ਵਿਚ ਵੀ ਕੋਰੋਨਾ ਵਾਇਰਸ (ਕੋਬਿਡ-19) ਨਾਲ 107 ਲੋਕਾਂ ਦੀ ਮੌਤ ਪਿੱਛੋਂ 15 ਮਾਰਚ ਤਕ ਸਕੂਲਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਯੂਰਪੀ ਦੇਸ਼ ਵਿਚ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਪੁੱਜ ਗਈ ਹੈ। ਏਸ਼ਿਆਈ ਦੇਸ਼ ਦੱਖਣੀ ਕੋਰੀਆ ਵਿਚ ਵੀ ਸਕੂਲ 23 ਮਾਰਚ ਤਕ ਬੰਦ ਹਨ। ਜਾਪਾਨ ਵਿਚ ਲਗਪਗ ਸਾਰੇ ਸਕੂਲਾਂ ਨੂੰ ਮਾਰਚ ਦੇ ਅਖੀਰ ਤਕ ਬੰਦ ਕਰ ਦਿੱਤਾ ਗਿਆ ਹੈ। ਜਾਪਾਨ ਵਿਚ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦਾ ਅੰਕੜਾ ਇਕ ਹਜ਼ਾਰ ਦੇ ਪਾਰ ਪੁੱਜ ਚੁੱਕਾ ਹੈ। ਫਰਾਂਸ ਵਿਚ ਪ੍ਰਭਾਵਿਤ ਇਲਾਕਿਆਂ ਵਿਚ ਕਰੀਬ 120 ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਦਿੱਲੀ ਦੇ ਸਾਰੇ ਪ੍ਰਾਈਮਰੀ ਸਕੂਲ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਵਾਇਰਸ ਦੀ ਰੋਕਥਾਮ ਦੇ ਯਤਨ ਵਿਚ ਕਈ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਘਰਾਂ ਤੋਂ ਹੀ ਕੰਮ ਕਰਨ ਨੂੰ ਕਿਹਾ ਹੈ।

ਸਵਿਟਜ਼ਰਲੈਂਡ ‘ਚ ਪਹਿਲੀ ਮੌਤ

ਸਵਿਟਜ਼ਰਲੈਂਡ ਵਿਚ ਕੋਰੋਨਾ ਵਾਇਰਸ ਤੋਂ ਪੀੜਤ 74 ਸਾਲਾ ਅੌਰਤ ਦੀ ਮੌਤ ਹੋ ਗਈ। ਇਸ ਮੱਧ ਯੂਰਪੀ ਦੇਸ਼ ਵਿਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ। ਸਵਿਟਜ਼ਰਲੈਂਡ ਵਿਚ 58 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਚੀਨ ‘ਚ ਮੌਤ ਦਾ ਅੰਕੜਾ 3000 ਦੇ ਪਾਰ

ਚੀਨ ਵਿਚ ਕੋਰੋਨਾ ਵਾਇਰਸ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਦੇ ਪਾਰ ਪੁੱਜ ਗਈ ਹੈ। ਵਾਇਰਸ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੀ ਵੱਧ ਕੇ 80,400 ਹੋ ਗਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿਚ 129 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 31 ਦੀ ਮੌਤ ਹੋਈ। ਇਹ ਜਾਨਲੇਵਾ ਵਾਇਰਸ ਮੱਧ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਪੂਰੀ ਦੁਨੀਆ ‘ਚ ਫ਼ੈਲਿਆ ਹੈ।

ਅਮਰੀਕਾ ‘ਚ 11 ਦੀ ਮੌਤ, ਕੈਲੀਫੋਰਨੀਆ ‘ਚ ਐਮਰਜੈਂਸੀ

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਐੱਮਪੀਜ਼ ਨੇ ਵਾਇਰਸ ਨਾਲ ਮੁਕਾਬਲੇ ਲਈ 8.3 ਅਰਬ ਡਾਲਰ (ਕਰੀਬ 60 ਹਜ਼ਾਰ ਕਰੋੜ ਰੁਪਏ) ਮੁਹੱਈਆ ਕਰਵਾਉਣ ‘ਤੇ ਸਹਿਮਤੀ ਪ੍ਰਗਟਾਈ ਹੈ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸੋਮ ਨੇ ਸੂੁਬੇ ਵਿਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਸ ਅਮਰੀਕੀ ਸੂਬੇ ਵਿਚ 53 ਮਾਮਲੇ ਸਾਹਮਣੇ ਆਏ ਹਨ।

ਇਰਾਕੀ ਸ਼ਹਿਰ ਕਰਬਲਾ ‘ਚ ਜੁੰਮੇ ਦੀ ਨਮਾਜ਼ ਰੱਦ

ਕੋਰੋਨਾ ਵਾਇਰਸ ਫ਼ੈਲਣ ਦੇ ਡਰ ਨਾਲ ਇਰਾਕ ਦੇ ਕਰਬਲਾ ਸ਼ਹਿਰ ਵਿਚ ਜੁੰਮੇ ਦੀ ਨਮਾਜ਼ ਰੱਦ ਕਰ ਦਿੱਤੀ ਗਈ ਹੈ। ਇਰਾਕ ਦੇ ਗੁਆਂਢੀ ਦੇਸ਼ ਈਰਾਨ ਵਿਚ ਵਾਇਰਸ ਨਾਲ ਹੁਣ ਤਕ 107 ਦੀ ਮੌਤ ਹੋ ਚੁੱਕੀ ਹੈ ਜਦਕਿ 3,513 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਈਰਾਨ ਵਿਚ ਸਾਰੇ ਸਕੂਲ ਅਤੇ ਯੂਨੀਵਰਸਿਟੀਆਂ ਪਹਿਲੇ ਹੀ ਬੰਦ ਕਰ ਦਿੱਤੀਆਂ ਗਈਆਂ ਹਨ।