ਸਰਕਾਰ ਮਹਾਂਮਾਰੀ ਨਾਲ ਲੜਨ ਲਈ 10 ਅਰਬ ਡਾਲਰ ਜਾਰੀ ਕਰੇਗੀ

0
488

ਜੰਗ ਬਹਾਦਰ ਸਿੰਘ – ਹਾਂਗਕਾਂਗ ਮੁਖੀ ਕੈਰੀ ਲੈਮ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਨਵੇਂ ਕੋਰੋਨਾ ਵਾਇਰਸ ਨਾਲ ਫ਼ੈਲ ਰਹੀ ਮਹਾਂਮਾਰੀ ਨਾਲ ਲੜਨ ਲਈ 10 ਬਿਲੀਅਨ ਹਾਂਗਕਾਂਗ ਡਾਲਰ ਦਾ ਫੰਡ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਜਿਸ ਦੇ ਵੇਰਵੇ ਆਉਣ ਵਾਲੇ ਸਮੇਂ ਵਿਚ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਕੁਝ ਰਕਮ ਮਹਾਂਮਾਰੀ ਨਾਲ ਪ੍ਰਭਾਵਿਤ ਕਾਰੋਬਾਰਾਂ, ਮਾਲਕਾਂ ਅਤੇ ਮਜ਼ਦੂਰਾਂ ਦੀ ਮਦਦ ਲਈ ਖਰਚ ਕੀਤੀ ਜਾਵੇਗੀ | ਵਰਨਣਯੋਗ ਹੈ ਕਿ ਮਹਾਂਮਾਰੀ ਚੀਨ ਤੋਂ ਬਾਅਦ ਹਾਂਗਕਾਂਗ ਵਿਚ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਦੇ ਹੁਣ ਤੱਕ ਪੁਸ਼ਟੀਜਨਕ 18 ਮਾਮਲੇ ਹੋ ਚੁੱਕੇ ਹਨ | ਹਾਂਗਕਾਂਗ ਵਿਚ ਅੱਜ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਬੀਤੇ ਕੱਲ੍ਹ 1 ਮੌਤ ਹੋ ਚੁੱਕੀ ਹੈ | ਹਾਂਗਕਾਂਗ ਮੁਖੀ ਨੇ ਬੀਤੇ ਕੱਲ੍ਹ ਸਰਕਾਰੀ ਅਧਿਕਾਰੀਆਂ ਨੂੰ ਮਾਸਕ ਨਾ ਪਹਿਨਣ ਦੇ ਦਿੱਤਾ ਆਦੇਸ਼ ‘ਤੇ ਮੁਆਫ਼ੀ ਮੰਗਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ ਹੈ | ਹਾਂਗਕਾਂਗ-ਚੀਨ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰਨ ਦੀ 3 ਦਿਨਾਂ ਤੋਂ ਮੰਗ ਕਰ ਰਹੇ ਹੜਤਾਲੀ ਹਸਪਤਾਲ ਕਰਮਚਾਰੀਆਂ ਦੇ ਮਸਲੇ ‘ਤੇ ਉਨ੍ਹਾਂ ਕਿਹਾ ਕਿ ਖਾਣੇ ਦੀ ਸਪਲਾਈ ਨੂੰ ਹਾਂਗਕਾਂਗ ‘ਚ ਰੈਗੂਲਰ ਬਣਾਈ ਰੱਖਣ ਲਈ ਸਰਹੱਦ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਅਸੰਭਵ ਹੈ | ਸਰਕਾਰ ਦੇਸ਼ ਵਿਚ ਫੈਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਹਾਂਗਕਾਂਗ ਵਿਚ ਚੀਨ ਤੋਂ ਆਉਣ ਵਾਲੇ ਹਰ ਚੀਨੀ ਨਾਗਰਿਕ, ਹਾਂਗਕਾਂਗ ਵਾਸੀ ਅਤੇ ਵਿਦੇਸ਼ੀ ਯਾਤਰੀਆਂ ਨੂੰ ਪਹਿਲੇ 14 ਦਿਨ ਅਲੱਗ ਰੱਖਣ ਦੇ ਪ੍ਰਬੰਧ ਕਰੇਗੀ ਅਤੇ ਇਹ ਸਨਿਚਰਵਾਰ ਤੋਂ ਲਾਗੂ ਕੀਤੇ ਜਾਣਗੇ | ਸਰਕਾਰ ਵਲੋਂ ਕਾਈ ਤੱਕ ਕਰੂਜ਼ ਟਰਮੀਨਲ ਵੀ ਬੰਦ ਕੀਤਾ ਜਾ ਚੁੱਕਾ ਹੈ, ਜਿਥੇ ਇਕ ਸਮੁੰਦਰੀ ਜਹਾਜ਼ ਵਿਚ 3600 ਲੋਕ ਵਾਇਰਸ ਤੋਂ ਪੀੜਤ ਹੋਣ ਦੇ ਸ਼ੱਕ ਦੇ ਚਲਦਿਆਂ ਸੁਰੱਖਿਅਤ ਰੱਖੇ ਗਏ ਹਨ | ਹਾਂਗਕਾਂਗ ਵਿਚ ਮਹਾਂਮਾਰੀ ਦੇ ਪ੍ਰਕੋਪ ਦੇ ਚਲਦਿਆਂ ਯੂ. ਐਸ. ਏਅਰਲਾਈਨ ਅਤੇ ਏਅਰ ਇੰਡੀਆ ਵਲੋਂ ਆਪਣੀਆਂ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ ਅਤੇ ਕੈਥੇਪੈਸਿਫਿਕ ਵਲੋਂ ਆਪਣੇ 27000 ਕਰਮਚਾਰੀਆਂ ਨੂੰ ਬਿਨਾਂ ਵੇਤਨ ਤਿੰਨ ਹਫ਼ਤੇ ਦੀ ਛੁੱਟੀ ‘ਤੇ ਜਾਣ ਲਈ ਕਿਹਾ ਗਿਆ ਹੈ |