ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਖ਼ਾਲਸਾ ਦੀਵਾਨ ਤੋਂ ਤੁੰਗ-ਚੁੰਗ ਇਲਾਕੇ ਤੱਕ ਸਜਾਇਆ ਗਿਆ | ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫੁੱਲਾਂ ਨਾਲ ਸਜੀ ਗੱਡੀ ‘ਚ ਸੁਸ਼ੋਭਿਤ ਕਰਨ ਤੋਂ ਬਾਅਦ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ | ਖ਼ਾਲਸਾਈ ਪੁਸ਼ਾਕ ‘ਚ ਸਜੇ ਪੰਜ ਪਿਆਰਿਆਂ ਦੇ ਅੱਗੇ ਸਿੰਘ ਨਗਾਰੇ ‘ਤੇ ਚੋਟਾਂ ਲਗਾ ਰਹੇ ਸਨ ਅਤੇ ਸੰਗਤਾਂ ਬੱਸਾਂ ਵਿਚ ਗੁਰੂ ਜਸ ਗਾਇਨ ਕਰਦੀਆਂ ਚੱਲ ਰਹੀਆਂ ਸਨ | ਤੁੰਗ ਚੁੰਗ ਪਹੁੰਚਣ ‘ਤੇ ਸਜੇ ਦੀਵਾਨ ਵਿਚ ਪੰਜਾਬ ਤੋਂ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਭਾਈ ਸੁਖਜੀਤ ਸਿੰਘ ਘੱਨਈਆ ਅਤੇ ਗਿਆਨੀ ਕਰਨਵੀਰ ਸਿੰਘ ਨਾਹਲੀ, ਭਾਈ ਦਲਜੀਤ ਸਿੰਘ, ਭਾਈ ਸੁਖਦੇਵ ਸਿੰਘ ਤੇ ਭਾਈ ਬਲਵਿੰਦਰ ਸਿੰਘ ਵਲੋਂ ਕਥਾ ਵਾਰਤਾ ਰਾਹੀਂ ਗੁਰਮਤਿ ਸਿਧਾਂਤਾਂ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਭਾਈ ਸਿਮਰਜੀਤ ਸਿਘ, ਭਾਈ ਸਤਪਾਲ ਸਿੰਘ, ਭਾਈ ਜਸਪਾਲ ਸਿੰਘ, ਬੀਬੀ ਪ੍ਰਭਸ਼ਰਨ ਕੌਰ ਅਤੇ ਮੁਸ਼ਰਨ ਕੌਰ ਦੇ ਕੀਰਤਨੀ ਜਥਿਆਂ ਵਲੋਂ ਵੈਰਾਗਮਈ ਸ਼ਬਦ ਗਾਇਨ ਰਾਹੀਂ ਸੰਗਤਾਂ ਨਾਲ ਸਾਂਝ ਪਾਈ ਗਈ | ਭਾਈ ਰੌਸ਼ਨ ਸਿੰਘ ਰੌਸ਼ਨ ਦੇ ਕਵੀਸ਼ਰੀ ਜਥੇ ਵਲੋਂ ਸਿੱਖ ਇਤਿਹਾਸ ਕਵੀਸ਼ਰੀ ਰਾਹੀਂ ਪੇਸ਼ ਕੀਤਾ ਗਿਆ | ਇਸ ਮੌਕੇ ਹਾਂਗਕਾਂਗ ਦੇ ਬੱਚਿਆਂ ਵਲੋਂ ਕਵਿਤਾ, ਕਵੀਸ਼ਰੀ, ਲੈਕਚਰ ਅਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਦੀਵਾਨ ਦੀ ਸਮਾਪਤੀ ਉਪਰੰਤ ਨੌਜਵਾਨਾਂ ਵਲੋਂ ਖ਼ਾਲਸਾਈ ਯੁੱਧ ਕਲਾ ਗਤਕਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ |