ਵਪਾਰ ਸਮਝੌਤੇ ਦੇ ਕਰੀਬ ਪੁੱਜੇ ਅਮਰੀਕਾ-ਚੀਨ

0
698

ਵਾਸ਼ਿੰਗਟਨ: ਅਮਰੀਕਾ ਅਤੇ ਚੀਨ 17 ਮਹੀਨਿਆਂ ਤੋਂ ਚੱਲ ਰਹੇ ਵਪਾਰ ਯੁੱਧ ਨੂੰ ਅੱਗੇ ਨਹੀਂ ਵਧਾਉਣ ਲਈ ਸਹਿਮਤ ਹੋਏ ਹਨ। ਦੋਵੇਂ ਪੱਖ ਵਪਾਰ ਸਮਝੌਤੇ ਨੂੰ ਅੰਤਮ ਰੂਪ ਦੇਣ ਦੇ ਬਹੁਤ ਨੇੜੇ ਹਨ। ਦੋਵੇਂ ਧਿਰ ਸ਼ੁੱਕਰਵਾਰ ਨੂੰ ਇਸ ਬਾਰੇ ਅਧਿਕਾਰਤ ਐਲਾਨ ਕਰ ਸਕਦੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਸ਼ੁੱਕਰਵਾਰ ਨੂੰ ਚੀਨ ਨਾਲ ਵਪਾਰ ਸਮਝੌਤੇ ਦਾ ਐਲਾਨ ਕੀਤਾ ਜਾਵੇਗਾ। ਅਧਿਕਾਰੀ ਨੇ ਇਹ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦਿੱਤੀ।
ਅਮਰੀਕਾ ਦੇ ਉਦਯੋਗ ਸੰਗਠਨ ਯੂਐਸ ਚੈਂਬਰ ਆਫ਼ ਕਾਮਰਸ ਦੇ ਪ੍ਰਮੁੱਖ (ਅੰਤਰਰਾਸ਼ਟਰੀ ਮਾਮਲੇ) ਮਾਇਰਨ ਬ੍ਰਿਲੀਯੇਂਟ ਨੇ ਕਿਹਾ ਕਿ ਅਸੀਂ ਸਮਝੌਤੇ ਦੇ ਬਹੁਤ ਨੇੜੇ ਹਾਂ। ਬ੍ਰਿਲੀਯੇਂਟ ਨੂੰ ਦੋਵਾਂ ਧਿਰਾਂ ਵੱਲੋਂ ਗੱਲਬਾਤ ਵਿੱਚ ਹੋਈ ਪ੍ਰਗਤੀ ਤੋਂ ਜਾਣੂ ਕਰਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਟਰੰਪ ਸਰਕਾਰ ਚੀਨ ਦੇ 160 ਅਰਬ ਡਾਲਰ ਦੇ ਸਾਮਾਨਾਂ ਉੱਤੇ ਐਤਵਾਰ ਤੋਂ ਲੱਗਣ ਜਾ ਰਹੇ ਟੈਕਸ ਨੂੰ ਮੁਲਤਵੀ ਕਰਨ ਲਈ ਸਹਿਮਤ ਹੋ ਗਈ ਹੈ। ਟਰੰਪ ਸਰਕਾਰ ਨੇ ਮੌਜੂਦਾ ਟੈਕਸਾਂ ਨੂੰ ਘਟਾਉਣ ਲਈ ਵੀ ਸਹਿਮਤੀ ਦਿੱਤੀ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਮੌਜੂਦਾ ਟੈਕਸਾਂ ਵਿੱਚ ਕਿੰਨੀ ਕਟੌਤੀ ਕੀਤੀ ਜਾਵੇਗੀ।
ਇਸ ਬਦਲੇ ਚੀਨ ਅਮਰੀਕੀ ਖੇਤੀਬਾੜੀ ਉਤਪਾਦਾਂ ਦੀ ਖ਼ਰੀਦ ਨੂੰ ਵਧਾਏਗਾ, ਅਮਰੀਕੀ ਕੰਪਨੀਆਂ ਨੂੰ ਚੀਨੀ ਮਾਰਕੀਟ ਵਿੱਚ ਬਿਹਤਰ ਪਹੁੰਚ ਪ੍ਰਦਾਨ ਕਰੇਗਾ ਅਤੇ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ।
ਸਮਝੌਤੇ ਨੂੰ ਅਜੇ ਟਰੰਪ ਦੀ ਅੰਤਮ ਮਨਜ਼ੂਰੀ ਮਿਲਣੀ ਬਾਕੀ ਹੈ। ਵੀਰਵਾਰ ਨੂੰ ਵ੍ਹਾਈਟ ਹਾਊਸ ਪਰਤਣ ਵੇਲੇ ਪੱਤਰਕਾਰਾਂ ਵੱਲੋਂ ਇਸ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕੋਈ ਟਿਪਣੀ ਨਹੀਂ ਕੀਤੀ। ਟਰੰਪ ਨੇ ਹਾਲਾਂਕਿ ਵੀਰਵਾਰ ਸਵੇਰੇ ਟਵੀਟ ਕੀਤਾ ਕਿ ਚੀਨ ਨਾਲ ਵਪਾਰ ਸਮਝੌਤੇ ਦੇ ਬਹੁਤ ਨੇੜੇ ਹੈ। ਉਹ ਸਮਝੌਤਾ ਕਰਨਾ ਚਾਹੁੰਦੇ ਹਨ, ਅੰਤ ਅਸੀਂ ਵੀ ਚਾਹੁੰਦੇ ਹਾਂ।