ਸੁਖਦੀਪ ਕੌਰ ਹਾਂਗਕਾਂਗ ਜੇਲ੍ਹ ਵਿਭਾਗ ‘ਚ ਬਣੀ ਪਹਿਲੀ ਅੰਮਿ੍ਤਧਾਰੀ ਅਧਿਕਾਰੀ

0
1174

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਜੇਲ੍ਹ ਵਿਭਾਗ ‘ਚ ਸੁਖਦੀਪ ਕੌਰ ਨੂੰ ਬਤੌਰ ਅਸਿਸਟੈਂਟ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਔਰਤ ਦੀ ਹਾਂਗਕਾਂਗ ਜੇਲ੍ਹ ਵਿਭਾਗ ਵਿਚ ਨਿਯੱਕਤੀ ਕੀਤੀ ਗਈ ਹੋਵੇ | 24 ਸਾਲਾ ਸੁਖਦੀਪ ਕੌਰ ਅੰਮਿ੍ਤਧਾਰੀ ਹੈ ਅਤੇ ਸਿਰ ‘ਤੇ ਦਸਤਾਰ ਸਜਾਉਂਦੀ ਹੈ | ਪੰਜਾਬ ਤੋਂ ਤਰਨ-ਤਾਰਨ ਜ਼ਿਲ੍ਹੇ ਦੇ ਪਿੰਡ ਭੁੱਚਰ ਖੁਰਦ ਨਾਲ ਸਬੰਧਿਤ ਸੁਖਦੀਪ ਕੌਰ ਕਰੀਬ 14 ਸਾਲਾਂ ਤੋਂ ਹਾਂਗਕਾਂਗ ਰਹਿ ਰਹੀ ਹੈ ਅਤੇ ਉਸ ਦੀ ਤਾਇਨਾਤੀ ਹਾਂਗਕਾਂਗ ਦੀ ਲੋ-ਵੂ ਸਥਿਤ ਔਰਤਾਂ ਦੀ ਜੇਲ੍ਹ ਵਿਖੇ ਕੀਤੀ ਗਈ ਹੈ | ਸੁਖਦੀਪ ਕੌਰ ਦਾ ਕਹਿਣਾ ਹੈ ਕਿ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ | 23 ਹਫ਼ਤੇ ਦੀ ਸਿਖ਼ਲਾਈ ਦੌਰਾਨ ਉਸ ਦੀਆਂ ਧਾਰਮਿਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਕਰਨ ਦੀ ਇਜਾਜ਼ਤ ਦਿੱਤੀ ਗਈ ਅਤੇ ਉਸ ਲਈ ਵਿਸ਼ੇਸ਼ ਤੌਰ ‘ਤੇ ਵੱਖਰੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ | ਦਸਤਾਰਧਾਰੀ ਔਰਤ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ-ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋਂ ਦੂਜੇ ਭਾਈਚਾਰੇ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਸੁਖਦੀਪ ਕੌਰ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਉਹ ਜੇਲ੍ਹ ਵਿਭਾਗ ਵਿਚ ਉੱਚ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਂਅ ਅਤੇ ਵਿਲੱਖਣ ਪਛਾਣ ਨੂੰ ਉੱਚਾ ਚੁੱਕਣ ਦਾ ਜਜ਼ਬਾ ਰੱਖਦੀ ਹੈ |