ਬੀਜਿੰਗ : ਅਮਰੀਕੀ ਸੈਨੇਟ ਵੱਲੋਂ ਹਾਂਗਕਾਂਗ ਸਬੰਧੀ ਬਿੱਲ ਪਾਸ ਕਰਨ ‘ਤੇ ਚੀਨ ਨੇ ਸਖ਼ਤ ਇਤਰਾਜ ਪ੍ਰਗਟਾਉਂਦਿਆਂ ਬੁੱਧਵਾਰ ਨੂੰ ਅਮਰੀਕੀ ਅੰਬੈਸੀ ਦੇ ਬੁਲਾਰੇ ਵਿਲੀਅਮ ਕਲੇਨ ਨੂੰ ਤਲਾਬ ਕੀਤਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਅਮਰੀਕੀ ਬਿੱਲ ‘ਚ ਤੱਥਾਂ ਤੇ ਸੱਚਾਈ ਦੀ ਅਣਦੇਖੀ ਕੀਤੀ ਗਈ ਹੈ। ਇਹ ਬਿੱਲ ਹਾਂਗਕਾਂਗ ਤੇ ਚੀਨ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਹੈ।
ਬਿੱਲ ਨਾ ਸਿਰਫ਼ ਕੌਮਾਂਤਰੀ ਕਾਨੂੰਨ ਦੀ ਗੰਭੀਰ ਉਲੰਘਣਾ ਕਰਦਾ ਹੈ ਬਲਕਿ ਕੌਮਾਂਤਰੀ ਸਬੰਧਾਂ ਦੇ ਬੁਨਿਆਦੀ ਮਾਪਦੰਡਾਂ ਨੂੰ ਵੀ ਕੁਚਲਦਾ ਹੈ। ਚੀਨ ਇਸ ਦੀ ਨਿਖੇਧੀ ਕਰਦਾ ਹੈ ਤੇ ਅਮਰੀਕਾ ਤੋਂ ਮੰਗ ਕਰਦਾ ਹੈ ਕਿ ਦੇਰ ਹੋਣ ਤੋਂ ਪਹਿਲਾਂ ਉਹ ਇਸ ਬਿੱਲ ਨੂੰ ਕਾਨੂੰਨ ਬਣਨ ਤੋਂ ਰੋਕੇ। ਚੀਨ ਦੇ ਉਪ ਵਿਦੇਸ਼ ਮੰਤਰੀ ਮਾ ਝਾਓਕਸੂ ਨੇ ਵੀ ਕਿਹਾ ਕਿ ਹਾਂਗਕਾਂਗ ਦੀ ਖ਼ੁਸ਼ਹਾਲੀ ਤੇ ਸਥਿਰਤਾ ਨੂੰ ਨਸ਼ਟ ਕਰਨ ਤੇ ਚੀਨ ਦੇ ਵਿਕਾਸ ਨੂੰ ਰੋਕਣ ਦਾ ਕੋਈ ਵੀ ਅਮਰੀਕੀ ਯਤਨ ਨਾਕਾਮ ਹੋਵੇਗਾ।