ਸਤੰਬਰ ‘ਚ ਕਾਰਾਂ ਦੀ ਸੇਲ 24 ਫੀਸਦੀ ਤਕ ਹੋਰ ਡਿੱਗੀ

0
273

ਨਵੀਂ ਦਿੱਲੀ: ਆਰਥਿਕ ਮੰਦੀ ਨਾਲ ਜੂਝ ਰਹੀ ਆਟੋ ਇੰਡਸਟਰੀ ਨੂੰ ਹੋਰ ਵੱਡਾ ਝਟਕਾ ਲੱਗਾ ਹੈ। ਘਰੇਲੂ ਬਜ਼ਾਰ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਸਤੰਬਰ ਮਹੀਨੇ ਵਿੱਚ 23.69 ਫੀਸਦੀ ਘਟ ਕੇ 2,23,317 ਇਕਾਈਆਂ ਰਹਿ ਗਈ ਹੈ। ਪਿਛਲੇ ਸਾਲ ਇਸ ਮਹੀਨੇ 2,92,660 ਯਾਤਰੀ ਵਾਹਨ ਵੇਚੇ ਗਏ ਸੀ। ਇਹ ਲਗਾਤਾਰ 11ਵਾਂ ਮਹੀਨਾ ਹੈ ਜਦੋਂ ਵਾਹਨਾਂ ਦੀ ਵਿਕਰੀ ਘਟੀ ਹੈ।
ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਅੰਕੜਿਆਂ ਅਨੁਸਾਰ ਚਾਲੂ ਮਹੀਨੇ ਦੌਰਾਨ ਕਾਰਾਂ ਦੀ ਘਰੇਲੂ ਵਿਕਰੀ 33.40 ਫੀਸਦੀ ਘੱਟ ਕੇ 1,31,281 ਯੂਨਿਟ ਰਹਿ ਗਈ ਹੈ ਜੋ ਸਤੰਬਰ 2018 ਵਿੱਚ 1,97,124 ਇਕਾਈ ਸੀ। ਇਸ ਦੌਰਾਨ ਮੋਟਰਸਾਈਕਲਾਂ ਦੀ ਵਿਕਰੀ ਵੀ ਪਿਛਲੇ ਸਾਲ ਦੇ 13,60,415 ਯੂਨਿਟ ਦੇ ਮੁਕਾਬਲੇ ਘੱਟ ਕੇ 10,43,624 ਇਕਾਈ ਰਹਿ ਗਈ ਹੈ।
ਸਤੰਬਰ ਦੌਰਾਨ ਦੋਪਹੀਆ ਵਾਹਨਾਂ ਦੀ ਕੁੱਲ ਵਿਕਰੀ 22.09 ਫੀਸਦੀ ਘੱਟ ਕੇ 16,56,774 ਇਕਾਈਆਂ ‘ਤੇ ਆ ਗਈ ਜਦਕਿ ਪਿਛਲੇ ਸਾਲ ਸਤੰਬਰ ਵਿੱਚ 21,26,445 ਦੋਪਹੀਆ ਵਾਹਨ ਵੇਚੇ ਗਏ ਸੀ।