ਮਹਿੰਗਾਈ ਦੀ ਮਾਰ ਝੱਲ ਰਹੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਨਾ ਸਿਰਫ਼ ਖਾਣ–ਪੀਣ ਦੀਆਂ ਆਮ ਚੀਜ਼ਾਂ ਦੀਆਂ ਕੀਮਤਾਂ ਆਕਾਸ਼ ਛੋਹ ਰਹੀਆਂ ਹਨ; ਸਗੋਂ ਪੈਟਰੋਲ–ਡੀਜ਼ਲ ਦੇ ਨਾਲ–ਨਾਲ ਦੁੱਧ ਦੀ ਕੀਮਤ ਵੀ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।
ਪਾਕਿਸਤਾਨ ਵਿੱਚ ਪੈਟਰੋਲ ਦੀ ਕੀਮਤ 117.83 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਦੀਮਤ 132.47 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਈ ਸੀ। ਉੱਧਰ ਇਸ ਸਮੇਂ ਦੁੱਧ ਦੀ ਕੀਮਤ 140 ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਈ ਹੈ। ਇੰਝ ਹੁਣ ਪਾਕਿਸਤਾਨ ’ਚ ਪੈਟਰੋਲ–ਡੀਜ਼ਲ ਤੋਂ ਵੀ ਮਹਿੰਗਾ ਦੁੱਧ ਵਿਕ ਰਿਹਾ ਹੈ।
ਉਂਝ ਤਾਂ ਪਾਕਿਸਤਾਨ ‘ ਚ ਦੁੱਧ ਵਰਗੀਆਂ ਆਮ ਖਪਤ ਦੀਆਂ ਵਸਤਾਂ ਦੇ ਭਾਅ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਹਨ ਤੇ ਹੁਣ ਮੁਹੱਰਮ ਮੌਕੇ ਇਹ ਕੀਮਤਾਂ ਸੱਤਵੇਂ ਅਸਮਾਨ ’ਤੇ ਪੁੱਜ ਗਈਆਂ ਹਨ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੇ ਸਿੰਧ ਸੂਬੇ ਵਿੱਚ ਦੁੱਧ ਦੀ ਕੀਮਤ 140 ਪਾਕਿਸਤਾਨੀ ਰੁਪਏ ਪ੍ਰਤੀ ਲਿਟਰ ਤੱਕ ਪੁੱਜ ਗਈ ਹੈ।
ਪਾਕਿਸਤਾਨ ਸਰਕਾਰ ਨੇ ਪਿੱਛੇ ਜਿਹੇ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 4.59 ਰੁਪਏ ਤੇ 5.33 ਰੁਪਏ ਦੀ ਕਟੌਤੀ ਕੀਤੀ ਸੀ।
ਪਾਕਿਸਤਾਨ ਵਿੱਚ ਮਿੱਟੀ ਦੇ ਤੇਲ ਦੀ ਕੀਮਤ 103.84 ਰੁਪਏ ਪ੍ਰਤੀ ਲਿਟਰ ਹੈ। ਪਾਕਿਸਤਾਨ ਵਿੱਚ ਪੈਟਰੋਲੀਅਮ ਪਦਾਰਥਾਂ ਉੱਤੇ 17 ਫ਼ੀ ਸਦੀ ਜੀਐੱਸਟੀ ਲੱਗਦਾ ਹੈ।