ਖੁਦਕੁਸ਼ੀਆਂ ਦਾ ਰੁਝਾਨ ਮਨੋਰੋਗ ਤੇ ਸਮਾਜਿਕ ਕੁਰੀਤੀਆਂ ਦਾ ਹਿੱਸਾ

0
151

ਅੰਮ੍ਰਿਤਸਰ ’ਚ 15 ਸਾਲ ਪਹਿਲਾਂ 2004 ਵਿੱਚ ਇਕ ਪਰਿਵਾਰ ਦੇ ਪੰਜ ਜੀਆਂ ਵੱਲੋਂ ਮੌਜੂਦਾ ਪ੍ਰਬੰਧ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਅਤੇ ਇਸ ਸਾਲ ਜੂਨ ਮਹੀਨੇ ਇਕ ਪਰਿਵਾਰ ਦੇ ਮੁਖੀ ਵੱਲੋਂ ਨਿੱਜੀ ਸਵਾਰਥ ਕਾਰਨ ਪਰਿਵਾਰ ਦੇ ਚਾਰ ਜੀਆਂ ਨੂੰ ਕਤਲ ਕਰਨ ਦੀਆਂ ਘਟਨਾਵਾਂ ਵਿਚਾਲੇ ਵੱਡਾ ਫਰਕ ਹੈ ਪਰ ਅਜਿਹੀਆਂ ਘਟਨਾਵਾਂ ਨੇ ਸਮਾਜ ਦੇ ਬੁੱਧੀਜੀਵੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਸਮਾਜ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਮਨੋਵਿਗਿਆਨੀ ਅਜਿਹੇ ਰੁਝਾਨ ਨੂੰ ਇਕ ਬਿਮਾਰੀ ਤੇ ਸਮਾਜਿਕ ਕੁਰੀਤੀ ਵਜੋਂ ਦੇਖ ਰਹੇ ਹਨ।
ਅਕਤੂਬਰ 2004 ਵਿੱਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਨੇ ਚੌਕ ਮੋਨੀ ਸਥਿਤ ਆਪਣੇ ਘਰ ਵਿੱਚ ਆਪਣੇ ਦੋ ਮਾਸੂਮ ਬੱਚਿਆਂ, ਪਤਨੀ ਅਤੇ ਮਾਂ ਸਮੇਤ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਵਿਅਕਤੀ ਨੇ ਆਪਣੇ ਹੋ ਰਹੇ ਸ਼ੋਸ਼ਣ ਅਤੇ ਇਸ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲੈਣਾ ਬਿਹਤਰ ਸਮਝਿਆ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੀਆਂ ਕੰਧਾਂ ’ਤੇ ਖੁਦਕੁਸ਼ੀ ਨੋਟ ਵੀ ਲਿਖਿਆ ਸੀ ਜਿਸ ’ਚ ਉਸ ਨੇ ਮੌਜੂਦਾ ਪ੍ਰਣਾਲੀ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦਾ ਜ਼ਿਕਰ ਕੀਤਾ ਸੀ। ਇਹ ਘਟਨਾ ਬੇਸ਼ਕ ਦਿਲ ਕੰਬਾਊ ਹੈ ਪਰ ਇਹ ਸੱਚ ਹੈ ਕਿ ਮੌਜੂਦਾ ਪ੍ਰਬੰਧ ਤੋਂ ਤੰਗ ਆਏ ਇਸ ਵਿਅਕਤੀ ਦੀ ਜਦੋਂ ਸਹਿਣਸ਼ਕਤੀ ਜਵਾਬ ਦੇ ਗਈ ਤਾਂ ਉਸ ਨੇ ਇਸ ਅੱਗੇ ਹਾਰ ਮੰਨ ਲਈ।
ਹਾਲ ਵਿੱਚ 21 ਜੂਨ ਨੂੰ ਪਿੰਡ ਤੇੜਾ ਖੁਰਦ ਵਿਚ ਵਾਪਰੀ ਘਟਨਾ ਇਸ ਤੋਂ ਪੂਰੀ ਤਰ੍ਹਾਂ ਵੱਖਰੀ ਹੈ। ਇਸ ਘਟਨਾ ’ਚ ਇਕ ਪਿਤਾ ਅਤੇ ਪਰਿਵਾਰ ਦੇ ਮੁਖੀ ਹਰਵੰਤ ਸਿੰਘ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਵਿਰੋਧ ਕਰਨ ਵਾਲੀ ਪਤਨੀ ਸਮੇਤ ਦੋ ਬੇਟਿਆਂ ਤੇ ਇਕ ਬੇਟੀ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਨਹਿਰ ਵਿਚ ਸੁੱਟ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਮਗਰੋਂ ਇਸ ਵਿਅਕਤੀ ਨੇ ਇਹ ਢਿੰਡੋਰਾ ਪਿੱਟ ਦਿੱਤਾ ਕਿ ਉਸ ਦੇ ਪਰਿਵਾਰ ਦੇ ਚਾਰ ਜੀਅ ਲਾਪਤਾ ਹੋ ਗਏ ਹਨ। ਪਿੰਡ ਵਾਸੀਆਂ ਨੇ ਚਾਰ ਜੀਆਂ ਦੀ ਭਾਲ ਲਈ ਜਦੋਂ ਪੁਲੀਸ ’ਤੇ ਦਬਾਅ ਪਾਇਆ ਤਾਂ ਸਚਾਈ ਸਾਹਮਣੇ ਆਈ ਕੇ ਪਰਿਵਾਰ ਦੇ ਜੀਅ ਉਸ ਦੀਆਂ ਸਮਾਜ ਵਿਰੋਧੀ ਹਰਕਤਾਂ ਦਾ ਵਿਰੋਧ ਕਰਦੇ ਸਨ ਜਿਸ ਕਾਰਨ ਉਸ ਨੇ ਆਪਣੇ ਤਿੰਨ ਬੱਚਿਆਂ ਤੇ ਪਤਨੀ ਦਾ ਵੀ ਕਤਲ ਕਰ ਦਿੱਤਾ।
ਅਜਿਹੀਆਂ ਘਟਨਾਵਾਂ ਸਬੰਧੀ ਵਿੱਦਿਆ ਸਾਗਰ ਮਨੋਰੋਗ ਹਸਪਤਾਲ ਦੇ ਡਾਇਰੈਕਟਰ ਰਹਿ ਚੁਕੇ ਉੱਘੇ ਡਾਕਟਰ ਬੀ.ਐੱਲ. ਗੋਇਲ ਦਾ ਕਹਿਣਾ ਹੈ ਕਿ ਡਿਪਰੈਸ਼ਨ, ਪਰਸਨੈਲਿਟੀ ਡਿਸਆਰਡਰ, ਸਕਿਜ਼ੋਫਰੇਨੀਆ ਆਦਿ ਨਾਲ ਜੁੜੇ ਅਜਿਹੇ ਮਨੋਰੋਗ ਹਨ, ਜਿਸ ਵਿਚ ਰੋਗੀ ਵਿਅਕਤੀ ਕਿਸੇ ਤਰ੍ਹਾਂ ਦਾ ਵੀ ਤਣਾਅ ਤੇ ਦਬਾਅ ਸਹਿਣ ਦੇ ਯੋਗ ਨਹੀਂ ਹੁੰਦਾ ਅਤੇ ਉਹ ਜਲਦੀ ਹੀ ਖੁਦਕੁਸ਼ੀ ਵਰਗਾ ਫ਼ੈਸਲਾ ਕਰ ਲੈਂਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਮਾਹਿਰ ਪ੍ਰੋ. ਨਵਦੀਪ ਸਿੰਘ ਤੁੰਗ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਵਧੇਰੇ ਮਾਨਸਿਕ ਤਣਾਅ ’ਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਸ ਅੰਦਰ ਕਈ ਵਾਰ ਨਾਕਾਰਾਤਮਕ ਵਿਚਾਰ ਭਾਰੂ ਹੋਣ ਲੱਗ ਪੈਂਦੇ ਹਨ। ਅਜਿਹੇ ਵਿੱਚ ਉਸ ਦੀ ਸੋਚ ਨੂੰ ਸਾਕਾਰਾਤਮਕ ਦਿਸ਼ਾ ਨਾ ਮਿਲੇ ਤਾਂ ਉਹ ਵਿਅਕਤੀ ਖੁਦਕੁਸ਼ੀ ਵਰਗਾ ਫ਼ੈਸਲਾ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਪੀੜ੍ਹੀ ਸਭ ਕੁਝ ਜਲਦੀ ਹਾਸਲ ਕਰਨਾ ਚਾਹੁੰਦੀ ਹੈ। ਸਾਂਝੇ ਪਰਿਵਾਰ ਦਾ ਰੁਝਾਨ ਖਤਮ ਹੋਣ ਮਗਰੋਂ ਵਧ ਰਹੇ ਛੋਟੇ ਤੇ ਨਿੱਜੀ ਪਰਿਵਾਰ ਦੇ ਰੁਝਾਨ ਵਿੱਚ ਬੱਚਿਆਂ ਨੂੰ ਹਰ ਚੀਜ਼ ਉਸੇ ਵੇਲੇ ਮੁਹੱਈਆ ਕੀਤੀ ਜਾਂਦੀ ਹੈ। ਉਸ ਨੂੰ ਹਰ ਚੀਜ਼ ਸੁਖਾਲੇ ਅਤੇ ਤੁਰੰਤ ਪ੍ਰਾਪਤ ਕਰਨ ਦੀ ਆਦਤ ਬਣ ਜਾਂਦੀ ਹੈ ਅਤੇ ਜਦੋਂ ਬੱਚੇ ਨੂੰ ਕਿਸੇ ਗੱਲ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਇਸ ਨੂੰ ਮੁੱਦਾ ਬਣਾ ਲੈਂਦਾ ਹੈ। ਇਹੀ ਰੁਝਾਨ ਅਗਾਂਹ ਚਲ ਕੇ ਇਸ ਪੀੜ੍ਹੀ ਵਾਸਤੇ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਮਨੋੋਵਿਗਿਆਨ ਦੀ ਦ੍ਰਿਸ਼ਟੀ ਤੋਂ ਇਕ ਸਮਾਜਿਕ ਬਿਮਾਰੀ ਵਜੋਂ ਹੀ ਦੇਖਦੇ ਹਨ।