ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀਆਂ ਨੇ ਕੀਤਾ ਹਵਾਈ ਅੱਡੇ ਦਾ ਘਿਰਾਓ, ਚੀਨ ਦਾ ਰੁੱਖ ਹੋਇਆ ਸਖਤ

0
1377

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਹਵਾਲਗੀ ਬਿੱਲ ਦੇ ਵਿਰੋਧ ਵਿਚ ਬੀਤੇ ਦਿਨ ਹੋਈਆਂ ਜ਼ਬਰਦਸਤ ਹਿੰਸਕ ਝੜਪਾਂ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਵਲੋਂ ਹਾਂਗਕਾਂਗ ਹਾਈਵੇ ਦਾ ਘਿਰਾਓ ਕਰ ਕੇ ਹਵਾਈ ਅੱਡੇ ਆਉਣ ਵਾਲੀਆਂ ਆਵਾਜਾਈ ਸਹੂਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ ਹਾਂਗਕਾਂਗ ਸ਼ਹਿਰ ਨਾਲ ਜੋੜਨ ਵਾਲੀ ਸਭ ਤੋਂ ਅਹਿਮ ਏਅਰਪੋਰਟ ਐਕਸਪ੍ਰੈੱਸ ਰੱਦ ਕਰਨੀ ਪਈ |

ਪ੍ਰਦਰਸ਼ਨਕਾਰੀਆਂ ਵਲੋਂ ਹਵਾਈ ਅੱਡੇ ਅਤੇ ਤੁੰਗ ਚੁੰਗ ਸਟੇਸ਼ਨ ‘ਤੇ ਕੀਤੀ ਭੰਨਤੋੜ ਅਤੇ ਕੁਝ ਸੜਕਾਂ ‘ਤੇ ਕੀਤੀ ਅਗਜ਼ਨੀ ਕਾਰਨ ਹਾਂਗਕਾਂਗ ਹਵਾਈ ਅੱਡੇ ਨੂੰ ਪੂਰੀ ਤਰ੍ਹਾਂ ਨਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਅਤੇ ਸ਼ਹਿਰ ਨੂੰ ਹਵਾਈ ਅੱਡੇ ਨਾਲ ਜੋੜਨ ਵਾਲਾ ਸਭ ਤੋਂ ਅਹਿਮ ਸ਼ਿੰਗਮਾਂ ਬਿ੍ਜ ਬੰਦ ਕਰਨਾ ਪਿਆ | ਇਸ ਕਾਰਨ ਹਾਂਗਕਾਂਗ ਦੀਆਂ ਬਹੁਤ ਸਾਰੀਆਂ ਉਡਾਣਾਂ ਰੱਦ ਅਤੇ ਮੁਲਤਵੀ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪ੍ਰਦਰਸ਼ਨਕਾਰੀਆਂ ਵਲੋਂ 2 ਅਤੇ 3 ਸਤੰਬਰ ਨੂੰ ਹਾਂਗਕਾਂਗ ਭਰ ‘ਚ ਆਮ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਜਿਸ ਕਾਰਨ ਸੋਮਵਾਰ ਨੂੰ ਛੁੱਟੀਆਂ ਤੋਂ ਬਾਅਦ ਖੁੱਲ੍ਹਣ ਵਾਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਨਾਲ ਹਾਂਗਕਾਂਗ ਦਾ ਹਰ ਅਦਾਰਾ ਪ੍ਰਭਾਵਿਤ ਹੋਵੇਗਾ | ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਚੀਨ ਵਿਚਲੀ ਕੇਂਦਰੀ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੀਆਂ ਦੋ ਮੁੱਖ ਮੰਗਾਂ ਹਵਾਲਗੀ ਬਿੱਲ ਪੂਰਨ ਤੌਰ ‘ਤੇ ਵਾਪਸ ਲੈਣ ਅਤੇ ਹਾਂਗਕਾਂਗ ਵਿਚ ਵਾਪਰੀਆਂ ਸਾਰੀਆਂ ਘਟਨਾਵਾਂ ਦੀ ਆਜ਼ਾਦ ਜਾਂਚ ਨੂੰ ਮੰਨਣ ਦੇ ਪ੍ਰਸਤਾਵ ਨੂੰ ਚੀਨ ਵਲੋਂ ਰੱਦ ਕੀਤੇ ਜਾਣ ਨਾਲ ਹਾਂਗਕਾਂਗ ਵਿਚ ਪੈਦਾ ਹੋਇਆ ਸਿਆਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ | ਹਾਂਗਕਾਂਗ ਵਿਚ ਹੋ ਰਹੇ ਪ੍ਰਦਸ਼ਨਾਂ ਵਿਚ ਕਰੀਬ 75 ਫ਼ੀਸਦੀ ਮੱਧ ਵਰਗ ਨਾਲ ਸਬੰਧਿਤ 22 ਤੋਂ 30 ਸਾਲ ਦੇ ਪੜ੍ਹੇ-ਲਿਖੇ ਨੌਜਵਾਨ ਭਾਗ ਲੈ ਰਹੇ ਹਨ, ਜਿਸ ਵਿਚ 46 ਫ਼ੀਸਦੀ ਗਿਣਤੀ ਕੁੜੀਆਂ ਦੀ ਹੈ | ਹਵਾਲਗੀ ਬਿੱਲ ਮਸਲੇ ‘ਤੇ ਪੁਲਿਸ ਅਤੇ ਜਨਤਾ ਵਿਚ ਨਫ਼ਰਤ ਦੀ ਲੰਬੀ ਹੋ ਰਹੀ ਲਕੀਰ ਦਾ ਅਸਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਪੁਲਿਸ ਕਰਮੀਆਂ ਦੇ ਬੱਚਿਆਂ ‘ਤੇ ਪੈਣ ਦੇ ਗੰਭੀਰ ਆਸਾਰ ਬਣੇ ਹੋਏ ਹਨ ਅਤੇ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਪੰਜ ਮੰਗਾਂ ਤੋਂ ਵਧ ਕੇ ਹਾਂਗਕਾਂਗ ਦੇ ਲੋਕਾਂ ਵਿਚ ਪੂਰਨ ਲੋਕਤੰਤਰ ਦੀ ਮੰਗ ਦੀ ਭਾਵਨਾ ਦੇ ਪ੍ਰਬਲ ਹੋਣ ਕਾਰਨ ਇਸ ਮਸਲੇ ਦੇ ਜਲਦ ਸੁਲਝਣ ਦੇ ਆਸਾਰ ਮੱਧਮ ਪੈਂਦੇ ਨਜ਼ਰ ਆ ਰਹੇ ਹਨ |