ਚੀਨ ਵੱਲੋਂ ਅਮਰੀਕਾ ਜਾਣ ਵਾਲੇ ਚੀਨਿਆਂ ਲਈ ਚਿਤਾਵਨੀ

0
287

ਬੀਜਿੰਗ (ਪੀਟੀਆਈ) : ਕਾਰੋਬਾਰੀ ਤਣਾਅ ਵਿਚਕਾਰ ਚੀਨ ਨੇ ਅਮਰੀਕਾ ਦੀ ਯਾਤਰਾ ਕਰਨ ਨੂੰ ਲੈ ਕੇ ਹੁਣ ਆਪਣੇ ਨਾਗਰਿਕਾਂ ਨੂੰ ਚੌਕਸ ਕੀਤਾ ਹੈ। ਚੀਨ ਨੇ ਮੰਗਲਵਾਰ ਨੂੰ ਅਲਰਟ ਜਾਰੀ ਕਰ ਕੇ ਨਾਗਰਿਕਾਂ ਨੂੰ ਕਿਹਾ ਕਿ ਅਮਰੀਕਾ ‘ਚ ਸ਼ੋਸ਼ਣ ਅਤੇ ਸੁਰੱਖਿਆ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਉੱਥੇ ਜਾਣ ਤੋਂ ਪਰਹੇਜ਼ ਕਰੋ। ਜੇਕਰ ਜਾਣਾ ਬਹੁਤ ਜ਼ਰੂਰੀ ਹੈ ਤਾਂ ਉੱਥੇ ਪੂਰੀ ਤਰ੍ਹਾਂ ਸੁਚੇਤ ਰਹੋ। ਇਸ ਤੋਂ ਪਹਿਲੇ ਚੀਨ ਨੇ ਅਮਰੀਕਾ ਵਿਚ ਪੜ੍ਹਨ ਦੀ ਇੱਛਾ ਰੱਖਣ ਵਾਲੇ ਆਪਣੇ ਵਿਦਿਆਰਥੀਆਂ ਨੂੰ ਵੀ ਚੌਕਸ ਕੀਤਾ ਸੀ ਕਿ ਉਹ ਕਿਸੇ ਖ਼ਤਰੇ ਵਿਚ ਪੈ ਸਕਦੇ ਹਨ। ਅਮਰੀਕਾ ਉਨ੍ਹਾਂ ਨੂੰ ਵੀਜ਼ੇ ਵਿਚ ਦੇਰੀ ਕਰ ਸਕਦਾ ਹੈ। ਉਹ ਵੀਜ਼ਾ ਦੇਣ ਤੋਂ ਮਨ੍ਹਾ ਕਰ ਸਕਦਾ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਅਨੁਸਾਰ ਸੰਸਕ੍ਰਿਤੀ ਅਤੇ ਸੈਰ-ਸਪਾਟਾ ਵਿਭਾਗ ਨੇ ਅਮਰੀਕਾ ਦੀ ਯਾਤਰਾ ‘ਤੇ ਜਾਣ ਵਾਲੇ ਚੀਨੀ ਸੈਲਾਨੀਆਂ ਲਈ ਟਰੈਵਲ ਅਲਰਟ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਹਾਲ ਹੀ ਦੇ ਸਮੇਂ ਵਿਚ ਗੋਲ਼ੀਬਾਰੀ, ਲੁੱਟਮਾਰ ਅਤੇ ਚੋਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਇਸ ਲਈ ਚੀਨੀ ਸੈਲਾਨੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਸੈਰ-ਸਪਾਟਾ ਵਾਲੇ ਸਥਾਨ ਦੇ ਸੁਰੱਖਿਆ ਹਾਲਾਤ ਅਤੇ ਉੱਥੋਂ ਦੇ ਨਿਯਮ-ਕਾਇਦੇ ਦੇ ਬਾਰੇ ਵਿਚ ਜਾਣਕਾਰੀ ਰੱਖ ਲੈਣ। ਯਾਤਰਾ ਦੌਰਾਨ ਸੁਰੱਖਿਅਤ ਰਹਿਣ ਲਈ ਜ਼ਿਆਦਾ ਸੁਚੇਤ ਰਹਿਣ। ਇਹ ਅਲਰਟ ਸਾਲ ਦੇ ਅਖੀਰ ਤਕ ਲਈ ਜਾਰੀ ਕੀਤਾ ਗਿਆ ਹੈ। ਚੀਨ ਦੇ ਇਸ ਕਦਮ ਨਾਲ ਅਮਰੀਕਾ ਦੇ ਸੈਰਸਪਾਟਾ ਉਦਯੋਗ ‘ਤੇ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਪਹਿਲੇ ਸੋਮਵਾਰ ਨੂੰ ਚੀਨ ਨੇ ਅਮਰੀਕਾ ਵਿਚ ਪੜ੍ਹਾਈ ਕਰਨ ਵਾਲੇ ਚੀਨੀ ਵਿਦਿਆਰਥੀਆਂ ਨੂੰ ਵੀ ਚੌਕਸ ਕੀਤਾ ਸੀ।