ਬੀਜਿੰਗ — ਆਉਣ ਵਾਲੇ ਸਮੇਂ ਵਿਚ ਚੀਨ ਵਿਚ ਜਨਸੰਖਿਆ ਵਿਚ ਕਮੀ ਆ ਸਕਦੀ ਹੈ। ਇਸ ਲਈ ਇੱਥੋਂ ਦੀ ਸਰਕਾਰ ਚਾਹੁੰਦੀ ਹੈ ਕਿ ਲੋਕ ਜ਼ਿਆਦਾ ਬੱਚੇ ਪੈਦਾ ਕਰਨ। ਇੰਝ ਲੱਗਦਾ ਹੈ ਕਿ ਨੌਕਰਸ਼ਾਹੀ ਉਨ੍ਹਾਂ ਦੀ ਇਸ ਰਾਏ ਨਾਲ ਸਹਿਮਤ ਨਹੀਂ ਹੈ। ਕੁਝ ਸਮਾਂ ਪਹਿਲਾਂ ਅਧਿਕਾਰੀਆਂ ਨੇ ਇਕ ਅਜਿਹੇ ਜੋੜੇ ‘ਤੇ ਜੁਰਮਾਨਾ ਲਗਾਇਆ ਜਿਨ੍ਹਾਂ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ ਸੀ। ਅਫਸਰਾਂ ਦੇ ਇਸ ਕਦਮ ਨਾਲ ਲੋਕਾਂ ਵਿਚ ਕਾਫੀ ਨਾਰਾਜ਼ਗੀ ਵੀ ਦੇਖੀ ਗਈ। ਇਸ ਚਰਚਿਤ ਮਾਮਲੇ ‘ਤੇ ਅਧਿਕਾਰੀਆਂ ਨੇ ਜੋੜੇ ਨੂੰ ਕਰੀਬ 9,500 ਡਾਲਰ ਦੀ ਡਿਊਟੀ ਭਰਨ ਦਾ ਆਦੇਸ਼ ਦਿੱਤਾ ਸੀ ਪਰ ਇਹ ਪਰਿਵਾਰ ਰਾਸ਼ੀ ਭਰਨ ਵਿਚ ਅਸਮਰੱਥ ਹੀ ਰਿਹਾ।
ਇਸ ਸਮੱਸਿਆ ਦੀਆਂ ਜੜਾਂ ਚੀਨ ਦੀ ਦਹਾਕਿਆਂ ਪੁਰਾਣੀ ਇਸ ਜਨਸੰਖਿਆ ਨੀਤੀ ਵਿਚ ਦੇਖੀਆਂ ਜਾ ਸਕਦੀਆਂ ਹਨ, ਜਿਸ ਵਿਚ ਪ੍ਰਤੀ ਪਰਿਵਾਰ ਇਕ ਬੱਚਾ ਹੋਣ ਦੀ ਗੱਲ ਕਹੀ ਗਈ ਸੀ। ਬੀਤੇ ਕੁਝ ਦਹਾਕਿਆਂ ਵਿਚ ਚੀਨੀ ਲੀਡਰਸ਼ਿਪ ਨੇ ਇਸ ਗੱਲ ਨੂੰ ਸਮਝਿਆ ਹੈ ਕਿ ਇਸ ਕਾਰਨ ਇੱਥੋਂ ਦੀ ਕਾਰਜਸ਼ੀਲ ਜਨਸੰਖਿਆ ਦੀ ਉਮਰ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਦੇਸ਼ ਦਾ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ। ਇਸ ਸਮੱਸਿਆ ਨੂੰ ਦੇਖਦਿਆਂ ਹੋਏ ਸਾਲ 2016 ਵਿਚ ਇਸ ਨੀਤੀ ਨੂੰ ਬਦਲ ਕੇ ਪ੍ਰਤੀ ਪਰਿਵਾਰ ਦੋ ਬੱਚੇ ਕਰ ਦਿੱਤਾ ਗਿਆ।































