ਕਈ ਵਰ੍ਹੇ ਪਹਿਲਾਂ ਅਖ਼ਤਰ ਅਹਸਨ ਦੀ ਕਵਿਤਾ ਪੁਰਾਣ (1999) ਵਿਚ ਵੇਖਿਆ ਅਣਹੋਇਆ-ਹੋਇਆ ਬਿੰਬ ਮੈਨੂੰ ਭੁੱਲਦਾ ਨਹੀਂ। ਐਸੇ ਬਿੰਬ ਪੰਜਾਬੀ ਕਵਿਤਾ ਵਿਚ ਦੁਰਲੱਭ ਹਨ। ਕਵੀ ਹੀਰ ਸਲੇਟੀ ਦੇ ਪਲ਼ੰਗ ਦੀ ਇੰਜ ਤਾਰੀਫ਼ ਕਰਦਾ ਹੈ:
ਹੀਰ ਦੀ ਮੰਜੀ ਅਜਬ ਤਮਾਸ਼ਾ, ਰਾਤੀਂ ਦਿਲ ਡਰ ਜਾਵੇ।
ਰਾਂਝੇ ਚਾਰੇ ਹੀਆਂ ਬੰਨੇ, ਰਾਂਝਾ ਚਾਰੇ ਪਾਵੇ।
ਇਸ ਤਾਲ ਵਿਚ ਰਹਿੰਦਿਆਂ ਸ਼ਾਇਰ ਸੰਮ ’ਤੇ ਇੰਜ ਆਉਂਦਾ ਹੈ:
ਮੰਜੀ ਹੇਠਾਂ ਖੇਡਦੇ ਦਿਸਣ, ਅੱਜ ਤੇ ਕੱਲ੍ਹ ਦੋ ਬਾਲਕ।
ਮੁੱਖੜੇ ਲਾਟਾਂ ਮਾਰਨ, ਮੱਥਿਆਂ ਉੱਤੇ ਲੱਗੀ ਕਾਲਕ।
ਇਸ ਜਲਵਾਗਰ ਇਸਤਿਆਰੇ (ਰੂਪਕ) ਤੋਂ ਅਗਾਂਹ ਕਵਿਤਾ ਪੜ੍ਹਨ ਲਈ ਲੰਮਾ ਰਹਾਉ ਲੈਣਾ ਪੈਂਦਾ ਹੈ। ਇਸ ਵਿਚ ਲੁਤਫ਼ ਹੀ ਲੁਤਫ਼ ਹੈ; ਆਨੰਦ, ਆਨੰਦ। ਅਣਹੋਏ ਨੂੰ ਹੋਇਆ ਕਰਨ ਦਾ ਚਮਤਕਾਰ ਕਵੀ ਨੇ ਕਰ ਛੋੜਿਆ- ਹੀਰ ਦੇ ਪਲ਼ੰਗ ਹੇਠ ਉਹਦੇ ਬਾਲ ਖੇਡਦੇ ਪਏ ਨੇ। ਹੈਂ! ਇਹ ਕੀ? ਹੀਰ ਮਾਂ? ਵਾਹ! ਵਾਹ! ਵਾਹ! ਇਹ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਕਵੀ ਦਸਦਾ ਏ ਕਿ ਇਹ ਮਨਜ਼ਰ ਉਸ ਆਪ ਅੱਖੀਂ ਡਿੱਠਾ, ਤੇ ਹੁਣ ਲੋਕਾਈ ਨੂੰ ਵਿਖਾ ਰਿਹਾ ਏ। ਹੀਰ ਰਾਂਝੇ ਦੇ ਬਾਲ। ਪਰਮ ਪ੍ਰੇਮ ਦੇ ਸਮਾਗਮ ਸਦਕੇ ਜਨਮੇ ਜੀਅ। ਰਾਂਝੇ ਹੀਰ ਦੀ ਵੇਲ ਕਵੀ ਨੇ ਵਧਾ ਦਿੱਤੀ। ਇਹ ਵੇਲ ਝੰਗ ਮਘਿਆਣੇ ਵਿਚ ‘ਮਾਈ ਹੀਰ’ ਦੀ – ਬਕੌਲ ਸੁਲਤਾਨ ਬਾਹੂ – ‘ਜੀਉਂਦੀ ਕਬਰ’ ਵਿਚ ਦੱਬੀ ਪਈ ਹੈ। (ਝੰਗ ਸਿਆਲ਼ ਵਿਚ ਲੋਕ ਹੀਰ ਨੂੰ ‘ਮਾਈ ਹੀਰ’ ਕਰਕੇ ਯਾਦ ਕਰਦੇ ਨੇ।) ਕਬਰ ਵੀ ਪਲ਼ੰਗ ਦੀ ਸ਼ਕਲ ਦੀ ਬਣਾਈ ਹੋਈ ਹੈ। ਹੀਰ ਆਦਿ-ਮਾਂ। ਹੀਰ ਆਦਿ-ਪਿਤਾ। ਰਾਂਝਾ ਆਦਿ-ਮਾਂ। ਰਾਂਝਾ ਆਦਿ-ਪਿਤਾ। ਇਨ੍ਹਾਂ ਜਣਦਿਆਂ ਦਾ ਸੰਜੋਗ ਧੁਰੋਂ ਲਿਖਿਆ ਹੋਇਆ ਸੀ। ਵਿਛੋੜਾ ਤਾਂ ਦੁਨਿਆਵੀ ਸੀ। ਹੀਰ ਰਾਂਝਾ ਸਾਡੇ ਸਭ ਕੁਝ ਲੱਗਦੇ ਨੇ। ਇਹ ਸਾਨੂੰ ਛੱਡ ਕੇ ਨਹੀਂ ਜਾ ਸਕਦੇ। ਇਨ੍ਹਾਂ ਨਾਲ਼ ਹੀ ਅਸੀਂ ਭਰੇ-ਭਰਾਤੇ ਹਾਂ। ਪੂਰਨ ਸਿੰਘ ਨੂੰ ਸੱਖਣੇ ਹੋ ਜਾਣ ਦਾ ਐਵੇਂ ਤੌਖਲਾ ਸੀ, ਜਦ ਉਸ ਲਿਖਿਆ ਸੀ: ਆ ਵੀਰ ਰਾਂਝਿਆ, ਆ ਭੈਣੇ ਹੀਰੇ/ ਸਾਨੂੰ ਛੋੜ ਨ ਜਾਵੋ/ ਬਿਨ ਤੁਸਾਂ ਅਸੀਂ ਸੱਖਣੇ।
ਇਹ ਓਹੀ ਪਲ਼ੰਗ ਏ, ਜਿਸ ਉੱਤੇ ਬੈਠੀ ਹੀਰ ਦੇ ਰਾਂਝੇ ਨੇ ਅਤੇ ਰਾਂਝੇ ਦੇ ਹੀਰ ਨੇ ਦਰਸ਼ਨ ਕੀਤੇ ਸਨ। ਤੇ ਰਾਂਝੇ ਦੇ ਮੂੰਹੋਂ ‘ਵਾਹ ਸੱਜਣ’ ਨਿਕਲਿਆ ਸੀ। ਪੰਜਾਬੀ ਵਿਚ ‘ਵਾਹ ਸੱਜਣ’ ਦੇ ਬਰਾਬਰ ਦਾ ਸਾਡੇ ਕੋਲ ਹੋਰ ਕਿਹੜਾ ਸ਼ਬਦ ਹੋ ਸਕਦਾ ਹੈ? ਬਕੌਲ ਵਾਰਿਸ:
ਯਾਰੋ ਪਲ਼ੰਗ ਕੇਹਾ ਸਣੇ ਸੇਜ ਏਥੇ?
ਲੋਕਾਂ ਆਖਿਆ ਹੀਰ ਜਟੇਟੜੀ ਦਾ।
ਸ਼ਾਹ ਪਰੀ ਪਨਾਹ ਨਿਤ ਲਏ ਜਿਸ ਤੋਂ
ਇਹ ਥਾਉਂ ਹੈ ਮੁਸ਼ਕ ਲਪੇਟੜੀ ਦਾ।
ਚਿੱਤਰ: ਅਬਦੁਰ ਰਹਿਮਾਨ ਚੁਗਤਾਈ
ਚਾਉ ਪਲ਼ੰਗ ’ਤੇ ਆਮ ਖ਼ਾਸ ਕੀਤੇ/ ਮਜ਼ੇ ਉਨ੍ਹਾਂ ਜਵਾਨੀ ਦੇ ਖ਼ੂਬ ਲੀਤੇ। ਵਿਹੜੇ ਵਿਚ ਡੱਠੇ ਓਸੇ ਪਲ਼ੰਗ ਹੇਠ ਹੁਣ ਉਨ੍ਹਾਂ ਦੇ ਬਾਲ ਪਏ ਖੇਲਦੇ ਨੇ।
ਅਖ਼ਤਰ ਅਹਸਨ (1935 – ਦਸੰਬਰ 2018) ਦੀ ਕਵਿਤਾ ਦੇ ਮੁਕੱਰਰ ਬੰਦ ਮੁੜ ਪੜ੍ਹਦੇ ਹਾਂ:
ਸ਼ੂਕਰ ਬਣ ਹਵਾ ਦੀ ਆਵੇ, ਦੀਵਾ ਆਣ ਬੁਝਾਵੇ।
ਵੰਝਲ਼ੀ ਦੇ ਵਿਚ ਫੂਕਾਂ ਮਾਰੇ, ਦੇਹੀ ਸੰਖ ਵਜਾਵੇ।
ਹੀਰ ਦੀ ਮੰਜੀ ਅਜਬ ਤਮਾਸ਼ਾ, ਰਾਤੀਂ ਦਿਲ ਡਰ ਜਾਵੇ।
ਰਾਂਝੇ ਚਾਰੇ ਹੀਆਂ ਬੰਨੇ, ਰਾਂਝਾ ਚਾਰੇ ਪਾਵੇ।
* * *
ਚਾਰ ਆਫ਼ਾਕੀਂ ਹੀਰ ਦੀ ਮੰਜੀ, ਗੁੱਠਾਂ ਉਸ ਦੇ ਪਾਵੇ।
ਡਲ੍ਹਕਾਂ ਚਮਕਾਂ ਵਾਲ਼ੇ, ਰੰਗ-ਬਰੰਗੇ ਚਿੱਟੇ ਸਾਵੇ।
ਇਕ ਦੇ ਥੱਲੇ ਧਰਤੀ, ਦੂਜੇ ਹੇਠ ਸਮੁੰਦਰ ਗਾਵੇ।
ਤੀਜੇ ਥੱਲਿਓਂ ਅੱਗ ਚਟਾਕੇ, ਚੌਥਾ ਹਵਾ ਝੁਲਾਵੇ।
ਮੰਜੀ ਹੇਠਾਂ ਖੇਡਦੇ ਦਿਸਣ, ਅੱਜ ਤੇ ਕੱਲ੍ਹ ਦੋ ਬਾਲਕ।
ਮੁੱਖੜੇ ਲਾਟਾਂ ਮਾਰਨ, ਮੱਥਿਆਂ ਉੱਤੇ ਲੱਗੀ ਕਾਲਕ।
ਦਮ ਭਰ ਰੋਕ ਨ ਸਕਦਾ ਸਾਈਂ, ਹਾਰਿਆ ਬਾਲਕ ਡਕ ਡਕ।
ਚ੍ਹੌਵੀਂ ਤਰਫ਼ੀਂ, ਅੱਗੜ ਪਿੱਛੜ, ਨੱਸਣ ਪਿੱਠਾਂ ਚੱਕ ਚੱਕ।
* * *
ਉਤਲੇ ਬੰਦ ਵਿਚ ਸਾਈਂ ਦਾ ਜ਼ਿਕ੍ਰ ਹੈ। ਇਹ ਕੌਣ ਹੈ? ਕਵੀ ਆਪ ਹੀ ਦੱਸਦਾ ਏ: ਇਹ ਸਾਈਂ ਖ਼ਾਲਿਕ਼ ਤੇ ਖ਼ਲਕ਼ਤ ਦੀ ਦੋਇਤਾ (ਯਾਨੀ ਦ੍ਵੈਤ) ਤੋਂ ਪਰ੍ਹੇ ਏ। ਕਾਇਨਾਤ ਦੇ ਨਾਲ਼ ਉਹਦੀ ਏਕਤਾਈ ਹੈ। ਕਾਇਨਾਤ ਉਹਦੇ ਹੁਸਨ ਦਾ ਮੇਲਾ ਏ। ਇਹ ਕੁਲ ਆਲਮ ਦੀ ਸ਼ਾਨ ਹੈ। ਹੁਣ ਉਹ ਪੁਰਾਣੇ ਪੰਜਾਬ ਦੀ ਪੁਰਾਤਨ ਦੇਵਮਾਲਾ ਦਾ ਮੰਗਤਾ ਸਾਈਂ ਬਣ ਕੇ ਜ਼ਾਹਰ ਹੁੰਦਾ ਏ। ਉਹ ਇਸ਼ਕ਼ ਦਾ ਸਭ ਥੀਂ ਉੱਚਾ ਆਲਮ ਤੇ ਸਭ ਥੀਂ ਆਫ਼ਾਕ਼ੀ (ਸੰਸਾਰਕ) ਚੋਰ ਏ। ਇਹ ਕਾਇਨਾਤ ਦੇ ਵੱਡੇ ਤੇ ਨ੍ਹੇਰੇ ਪਾਣੀਆਂ ਵਿਚ ਡੁੱਬਿਆ ਹੋਇਆ, ਪਰ ਉਹ ਨੇਰ੍ਹਿਆਂ ਅੰਦਰ ਮਸ਼ਾਲਾਂ ਵਾਂਙ ਬਲ਼ਦਾ ਏ। … ਉਹਦਾ ਅਕਸ ਨੇਰ੍ਹਿਆਂ ਨੂੰ ਲਾਂਬੂ ਲਾਂਦਾ ਏ। ਉਹਦਾ ਕੋਈ ਅੰਤ ਨਹੀਂ ਤੇ ਕੋਈ ਹਿਸਾਬ ਨਹੀਂ। ਦੁਨੀਆਦਾਰੀ ਦੀ ਗੰਦਗੀ ਏਸ ਸਾਈਂ ਨੂੰ ਮੈਲ਼ਾ ਨਹੀਂ ਕਰ ਸਕਦੀ। ਉਹ ਏਸ ਦੁਨੀਆ ਵਿਚ ਰਹਿ ਕੇ ਉਹਨੂੰ ਬਦਲਦਾ ਏ।
ਪੰਜਾਬੀ ਦਾ ਸ਼ਬਦ ਸਾਈਂ ਤੁਰਕੀ ਤੋਂ ਚਲ ਕੇ ਸਾਡੇ ਤਕ ਅਪੜਿਆ ਸੀ। ਤੁਰਕੀ ਬੋਲੀ ਵਿਚ ਇਹਦਾ ਮਤਲਬ ਏ: ਪਿਆਰਾ, ਮਾਲਿਕ। ਕਵੀ ਦੀਆਂ ਦੱਸੀਆਂ ਸਾਈਂ ਦੀਆਂ ਏਨੀਆ ਸਿਫ਼ਤਾਂ ਦੇਖੀਏ, ਤਾਂ ਇਹ ਨਾ ਤਾਂ ਅੱਲ੍ਹਾ ਅਕਾਲਪੁਰਖ ਜਾਪਦਾ ਏ ਤੇ ਨਾ ਪੈਗ਼ੰਬਰ ਗੁਰੂ। ਫੇਰ ਇਹ ਹੈ ਕੌਣ?
ਕਵੀ ਆਪ ਐਨੀਆਂ ਬੁਝਾਰਤਾਂ ਪਾਣ ਮਗਰੋਂ ਜਾਂਦਾ-ਜਾਂਦਾ ਇਕ ਥਾਂ ਸੈਨਤ-ਜਿਹੀ ਕਰ ਜਾਂਦਾ ਏ ਕਿ ਇਹ ‘ਰੱਬ ਸਾਈਂ’ ਏ! ਕਿ ਆਖ਼ਿਰ ਵਿਚ ਓਹੋ ਗੁਰੂ ਤੇ ਓਹੋ ਚੇਲਾ ਏ। ਇਹ ਹਰ ਗੱਲ ਤੋਂ ਇਨਕਾਰੀ ਏ ਤੇ ਹਰ ਅਮਲ ਤੋਂ ਆਜ਼ਾਦ। ਉਹਦੇ ਮੁਲਕ ਵਿਚ ਸ਼ੇਰ ਬੱਕਰੀਆਂ ਇੱਕੋ ਘਾਟ ’ਤੇਂ ਪਾਣੀ ਪੀਂਵਦੀਆਂ ਨੇ। ਇਹ ਸੁਹਣੀ ਧਰਤੀ ਸਾਈਂ ਦੀ ਧਰਤੀ ਏ ਤੇ ਏਸ ਧਰਤੀ ਦੀ ਕੁੱਖ ਤੋਂ ਡਾਢੀਆਂ ਸੁਹਣੀਆਂ ਸ਼ਾਹਜ਼ਾਦੀਆਂ ਜੰਮਦੀਆਂ ਨੇ। ਇਹ ਤੇ ਕਿਸੇ ਜੱਨਤ ਦਾ ਨਕਸ਼ਾ ਏ। ਤੁਰਕੀ ਦੇ ਸਾਈਂ ਸ਼ਾਇਰ ਨਾਜ਼ਮ ਹਿਕਮਤ ਨੇ ਲਿਖਿਆ ਸੀ: ਲਹੂ-ਲੁਹਾਣ ਵੀਣੀਆਂ ਕੱਸ ਕੇ ਮੀਟੇ ਦੰਦ/ ਇਹ ਸਵਰਗ ਇਹ ਨਰਕ ਸਾਡਾ ਹੈ। – ਇਸ ਧਰਤੀ ’ਤੇ ਸਵਰਗ ਸਾਜਣਾ ਪ੍ਰੇਮ ਸੁਮਾਰਗ ਦੇ ਪਾਂਧੀ ਮਾਨਵ ਨੇ ਅਪਣਾ ਪਰਮ ਆਦਰਸ਼ ਮੰਨ ਲਿਆ ਹੋਇਆ ਏ।
ਕਿਤੇ ਇਹ ਛਲੇਡਾ ਸਾਈਂ ਰਾਂਝਾ ਤੇ ਨਹੀਂ? ਧਰਤ ਪੰਜਾਬ ਦਾ ਸਰਬਉਤਕ੍ਰਿਸ਼ਟ ਮਾਨਵ? ਹੀਰ ਇਹਦੀ ਅਰਧਾਂਗਨੀ ਏ। ਦੋ ਜੋਤ ਏਕ ਮੂਰਤੀ। ਦੇਹਧਾਰੀ ਰੱਬ। ਹੋਰ ਸਭਨਾਂ ਦੇਹਧਾਰੀਆਂ ਦੇ ਭਾਗਾਂ ਦੀ ਸਾਹਾਂ ਦੀ ਡੋਰ ਇਨ੍ਹਾਂ ਨਾਲ਼ ਬੱਝੀ ਹੋਈ ਏ। ਇਸ ਸੰਸਾਰ ਵਿਚ ਹੀਰ ਰਾਂਝੇ ਦੇ ਵੈਰੀਆਂ ਦਾ ਹਿਸਾਬ ਨਾਲ਼ੋ-ਨਾਲ਼ ਚੁੱਕਤਾ ਹੋਈ ਜਾਂਦਾ ਹੈ।
ਸਿਆਲ਼ਕੋਟ ਦਾ ਜੰਮਿਆ ਲਹੌਰ ਪਲ਼ਿਆ ਅਖ਼ਤਰ ਅਹਸਨ (1935-24 ਦਸੰਬਰ 2018) ਆਪ ਸਾਰੀ ਉਮਰ ਨੀਊ ਯੌਰਕ ਵਿਚ ਦਿਲਾਂ ਦਾ ਵੈਦ ਰਿਹਾ। ਮਨੋਗਿਆਨ ਵਿਚ ‘ਆਈਦੈਟਿਕ ਓਦਇਟਚਿ ਇਮੇਜ ਸਾਈਕੌਲੌਜੀ’ ਦਾ ਨਵਾਂ ਸਿਧਾਂਤ ਘੜਿਆ। ਕਈ ਕਿਤਾਬਾਂ ਲਿਖੀਆਂ। ਇਹਦੇ ਜੀਉਂਦੇ-ਜੀਅ ਮੈਨੂੰ ਇਸ ਕੋਲ਼ੋਂ ਇਹ ਸਵਾਲ ਪੁੱਛਣ ਦਾ ਖ਼ਿਆਲ ਨਹੀਂ ਆਇਆ ਕਿ ਇਹਨੇ ਹੀਰ ਨੂੰ ਮਾਂ ਕਿਉਂ ਚਿਤਵਿਆ? ਕਿਸੇ ਕਵਿਤਰੀ ਨੇ ਹੀਰ ਨੂੰ ਮਾਂ ਦੇ ਰੂਪ ਵਿਚ ਕਿਉਂ ਨਹੀਂ ਚਿਤਰਿਆ? ਜੋ ਕੋਈ ਔਰਤ ਕਿਸੇ ਵੀ ਕਾਰਣ ਮਾਂ ਨਹੀਂ ਬਣਦੀ, ਉਹਦਾ ਜਨਮ ਸਫਲ ਕਿਉਂ ਨਹੀਂ ਮੰਨਿਆ ਜਾਂਦਾ? ਇਸ ਵਿਚ ਪੁਰਸ਼ ਦੀ ਹੈਂਕੜ ਨਹੀਂ ਝਲਕਦੀ? ਕੀ ਇਹ ਸੋਚ ਅਮਾਨਵੀਯ ਨਹੀਂ? ਅਜੋਕੇ ਯੁਗ ਦਾ ਨਾਰੀਵਾਦ ਇਸ ਬਾਰੇ ਕੀ ਆਖਦਾ ਏ? ਔਰਤ ਦੀ ਮਾਂ ਬਣਨ ਦੀ ਤਾਂਘ ਦਾ ਤੇ ਓਵੇਂ ਹੀ ਉਹਦਾ ਪੇਕਾ ਘਰ ਛੱਡ ਕੇ ਪੁਨਰਜਨਮ ਧਾਰਨ ਦਾ ਅਨੁਭਵ ਕੋਈ ਮਰਦ ਕਦੇ ਵੀ ਨਹੀਂ ਜਾਣ ਸਕਦਾ। ਔਤ, ਬਾਂਝ, ਨਪੁੱਤੀ-ਨਖੱਤੀ ਸ਼ਬਦਾਂ ਦੀ ਹਿੰਸਕ ਧ੍ਵਨੀ ਮਨ ਨੂੰ ਵਲੂੰਧਰਨ ਵਾਲ਼ੀ ਹੈ। ਔਤ ਸ਼ਬਦ ਦੀ ਜੜ੍ਹ ਸੰਸਕ੍ਰਿਤ ਵਿਚ ਹੈ: ਅਉਤ= ਅ-ਉਤ= ਅ-ਪੁਤ੍ਰ। ਪੁਤ੍ਰੋਂ ਵਾਂਝੀ। ਬਾਂਝ। ਅਉਤਰ: ਜਨਮ ਲੈਣਾ। ਅਉਤਾਰ=ਅਵਤਾਰ। ਔਤ-ਨਪੁੱਤੀ ਨੂੰ ਸਮਾਜ ਪ੍ਰਵਾਨ ਕਿਉਂ ਨਹੀਂ ਕਰਦਾ? ਧਰਮ ਗ੍ਰੰਥ ਬੱਚਾ ਜਣਨਾ ਵਰ ਸਮਝਦੇ ਹਨ; ਪਰ ਨਾ ਜਣਨਾ ਪਾਪ, ਸਰਾਪ, ਦੰਡ ਕਿਉਂ ਹੈ? ਅਉਤ ਜਣੇਦਾ ਜਾਇ। (ਵਾਰ ਰਾਮ ਮ:੧)।
ਹੀਰ ਦੇ ਨਿਆਣੇ ਤੋਂ ਸੰਤ ਸਿੰਘ ਸੇਖੋਂ ਦੀ ਅਮਰ ਕਹਾਣੀ ਪੇਮੀ ਦੇ ਨਿਆਣੇ ਚੇਤੇ ਆਉਂਦੀ ਹੈ। ਪੇਮੀ ਦੇ ਨਿਆਣੇ ਵੀ ਤਾਂ ਹੀਰ ਦੇ ਈ ਨਿਆਣੇ ਸਨ। ਅਸੀਂ ਵੀ ਹੀਰ ਦੇ ਨਿਆਣੇ ਹਾਂ। ਨਞਾਣੇ। ਅਞਾਣੇ। ਞਾਣ=ਗਿਆਨ। ਅਗਿਆਨੀ। ਪੇਮੀ ਦੇ ਨਿਆਣੇ ਰਾਹ ਵਿਚ ਸੁੱਤੇ ਪਏ ਰਾਸ਼ੇ ਮਾਹਣੂ ਤੋਂ ਡਰਦੇ ਸੜਕ-ਵੈਤਰਣੀ ਪਾਰ ਕਰ ਜਾਂਦੇ ਹਨ। ਮੈਂ ‘ਪਾਰ ਕਰ ਜਾਂਦੇ ਸਨ’ ਨਹੀਂ ਲਿਖਿਆ; ਕਿਉਂਕਿ ਕਹਾਣੀ ਸਦਾ ਵਰਤਮਾਨ ਕਾਲ ਵਿਚ ਵਾਪਰਦੀ ਹੈ। ਅਸਾਂ ਵੀ ਹੀਰ ਦਾ ਨਾਂ ਲੈ ਕੇ ਅੱਗ ਦਾ ਦਰਿਆ ਪਾਰ ਕਰ ਜਾਣਾ ਹੈ। ਸਾਈਂ ਰਾਂਝਾ ਸਾਡਾ ਰਖਵਾਲਾ ਹੈ। ਅਬ ਡਰ ਕਾਹੇ ਕਾ?