ਪਿਛੋਕੜ: ਕਾਲੇ ਕਾਨੂੰਨ ਦਾ ਵਾਵਰੋਲਾ
ਪਹਿਲੀ ਵੱਡੀ ਜੰਗ ਦੌਰਾਨ ਬੰਗਾਲ, ਮਹਾਰਾਸ਼ਟਰ ਅਤੇ ਪੰਜਾਬ ਦੀਆਂ ਇਨਕਲਾਬੀ ਲਹਿਰਾਂ ਤੋਂ ਡਰੀ ਹੋਈ ਸਰਕਾਰ ਨੇ ਜਾਬਰ ਕਾਨੂੰਨ ‘ਰੌਲਟ ਐਕਟ’ ਲੈ ਆਂਦਾ ਜਿਸ ਅਧੀਨ ਤਾਂ ਪੁਰਅਮਨ ਅੰਦੋਲਨਾਂ ਲਈ ਵੀ ਕਰੜੀਆਂ ਸਜ਼ਾਵਾਂ ਦੀ ਵਿਵਸਥਾ ਸੀ; ਦੂਜੇ ਹੱਥ ਅਹਿੰਸਾ ਦੇ ਕਥਿਤ ਪੁੰਜ ਗਾਂਧੀ ਜੀ 1917 ਵੇਲੇ ਵਲੰਟੀਅਰ ਦੇ ਤੌਰ ਤੇ ‘ਰਕਰੂਟਿੰਗ ਸਾਰਜੈਂਟ’ ਵਜੋਂ ਹਿੰਦੀ ਨੌਜਵਾਨਾਂ ਨੂੰ ਸਾਮਰਾਜੀ ਫ਼ੌਜ ਵਿਚ ਭਰਤੀ ਕਰਵਾਉਂਦੇ ਰਹੇ ਸਨ। ਇਥੇ ਹੀ ਬਸ ਨਹੀਂ, ਜਲ੍ਹਿਆਂਵਾਲੇ ਦੇ ਘੱਲੂਘਾਰੇ ਤੋਂ ਅੱਠ ਮਹੀਨੇ ਪਿੱਛੋਂ ਅੰਮ੍ਰਿਤਸਰ ਵਿਚ ਹੋਏ ਕਾਂਗਰਸ ਸੈਸ਼ਨ ਵਿਚ ਅੰਗਰੇਜ਼ੀ ਹਾਕਮਾਂ ਪ੍ਰਤੀ ਵਫਾਦਾਰੀ ਦਾ ਮਤਾ ਪਾਸ ਹੋਇਆ ਸੀ, ਤੇ ਸ਼ਹਿਨਸ਼ਾਹ ਨੂੰ ਪਹਿਲੀ ਜੰਗ ਵਿਚ ਜੇਤੂ ਰਹਿਣ ‘ਤੇ ਵਧਾਈਆਂ ਭੇਜੀਆਂ ਗਈਆਂ ਸਨ, ਜਦਕਿ ‘ਮਹਾਤਮਾ ਜੀ’ ਨੇ ਜੱਲ੍ਹਿਆਂਵਾਲੇ ਕਾਂਡ ਬਾਰੇ ਮੋਨ ਧਾਰੀ ਰੱਖਿਆ ਸੀ।
ਜੰਗ ਨੇ ਤਾਂ ਪਹਿਲਾਂ ਹੀ ਹਿੰਦੀ ਲੋਕਾਂ ਦਾ ਖੂਨ ਵਹਾਇਆ ਸੀ ਜੰਗ ਦੇ ਮੈਦਾਨਾਂ ਵਿਚ, ਤੇ ਬਾਕੀ ਦਾ ਸੁਕਾਇਆ ਸੀ ਮਹਿੰਗਾਈ ਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਥੁੜਾਂ ਨੇ। ਉਨ੍ਹਾਂ ਦੇ ਸਬਰ ਦਾ ਪਿਆਲਾ ਤਾਂ ਪਹਿਲਾਂ ਹੀ ਛਲਕ ਰਿਹਾ ਸੀ; ਉਪਰੋਂ ਇਸ ਜਾਬਰ ਕਾਨੂੰਨ ਦੇ ਆਗਮਨ ਕਰਕੇ ਲੋਕ ਰੋਹ ਜਵਾਲਾ ਬਣ ਕੇ ਦਿਨਾਂ ਵਿਚ ਹੀ ਦੇਸ ਦੇ ਕੋਨੇ ਕੋਨੇ ਵਿਚ ਫੈਲ ਗਿਆ।
ਲੋਕ ਰੋਹ ਦੇ ਇਸ ਤੂਫਾਨ ਨੇ ਗਾਂਧੀ ਜੀ ਵਰਗੇ ਅੰਗਰੇਜ਼-ਪੱਖੀ ਨੇਤਾ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਜਿਸ ਦੀ ਅਗਵਾਈ ਵੀ ਉਨ੍ਹਾਂ ਨੂੰ ਕਰਨੀ ਹੀ ਪਈ। ਇਥੇ ਇਹ ਦੱਸਣਾ ਬਣਦਾ ਹੈ ਕਿ ਗਾਂਧੀ ‘ਮਾਰਕਾ’ ਕਾਂਗਰਸ ਨੂੰ ਬੈਠੇ-ਬਿਠਾਇਆਂ ਹੀ ਇਨਕਲਾਬੀ ਲਹਿਰਾਂ ਨੇ ਅਜਿਹੇ ‘ਸੁਨਹਿਰੀ ਮੌਕੇ’ ਇਸ ਤੋਂ ਪਿਛੋਂ ਵੀ ਦਿੱਤੇ ਸਨ। ਮੂਲ ਰੂਪ ਵਿਚ ਇਹ ਪਹਿਲਾ ਵਿਦਰੋਹ, ਪਹਿਲੀ ਜੰਗ ਦੌਰਾਨ ਇਨਕਲਾਬੀ ਸਰਗਰਮੀਆਂ ਦਾ ਅਣਕਿਆਸਿਆ ਸਿੱਟਾ ਸੀ: ਰੌਲਟ ਕਮੇਟੀ ਦੀ ਰਿਪੋਰਟ ਅਨੁਸਾਰ, ਬੰਗਾਲੀ ਭੱਦਰਪੁਰਸ਼ਾਂ/ਚਿਟਕਪੜੀਆਂ ਮਹਾਰਾਸ਼ਟਰੀ ਚਿਤਪਾਵਨ/ਉਚੇਰੇ ਬ੍ਰਾਹਮਣਾਂ ਅਤੇ ਵਿਦੇਸੋਂ ਪਰਤੇ ਪੰਜਾਬੀ ਬਾਗ਼ੀਆਂ ਵੱਲੋਂ ਜੰਗਾਂ ਦੌਰਾਨ ਫੈਲਾਈ ਗਈ ਬਦ-ਅਮਨੀ ਦੀ ਪੇਸ਼ਬੰਦੀ ਵਜੋਂ ਇਹ ਕਾਲਾ ਕਾਨੂੰਨ ਵਿਉਂਤਿਆ ਗਿਆ ਸੀ।
ਜੇ ਉਪਰ ਦੱਸੀਆਂ ਤਿੰਨਾਂ ਲਹਿਰਾਂ ਨੂੰ ਇਕ ਇਕ ਕਰਕੇ ਘੋਖਿਆ ਜਾਏ ਤਾਂ ਪ੍ਰਤਖ ਤੌਰ ‘ਤੇ ਇਨ੍ਹਾਂ ਵਿਚੋਂ ਪੰਜਾਬ ਵਿਚਲੀ ਲਹਿਰ ਦਾ ਸਰੂਪ ਹੀ ਇੰਨਾ ਵਿਆਪਕ ਸੀ ਕਿ ਪਹਿਲੇ ਲਾਹੌਰ ਸਾਜ਼ਿਸ਼ ਕੇਸ 1915 ਵਾਲੇ ਸਪੈਸ਼ਲ ਟ੍ਰਿਬਿਊਨਲ ਅਨੁਸਾਰ “ਖੁਸ਼ ਕਿਸਮਤੀ ਨਾਲ, ਜਾਸੂਸ ਕ੍ਰਿਪਾਲ ਸਿੰਘ ਦੇ ‘ਐਨ ਵੇਲੇ ਸਿਰ’ ਕੀਤੇ ਖੁਲਾਸੇ ਨੇ ਵੱਡਾ ਘਲੂਘਾਰਾ ਟਾਲ ਦਿੱਤਾ ਸੀ।” ਜੱਜਾਂ ਅਨੁਸਾਰ ਗਿਣਤੀ ਪੱਖੋਂ “ਘਟੋ-ਘੱਟ 6000 ਹਿੰਦੀ ਗ਼ਦਰ ਪਾਰਟੀ ਦੇ ਸੱਦੇ ‘ਤੇ ਕੋਮਾਗਾਟਾ ਮਾਰੂ ਕਾਂਡ (ਭਾਵ ਸਤੰਬਰ 1914) ਪਿਛੋਂ ਥੋੜ੍ਹੇ ਜਿਹੇ ਸਮੇਂ ਦੌਰਾਨ ਗ਼ਦਰ ਮਚਾਉਣ ਲਈ ਵਿਦੇਸਾਂ ‘ਚੋਂ ਭਾਰਤ ਪਰਤ ਆਏ ਸਨ। ਦਰਅਸਲ ਗ਼ਦਰ ਪਾਰਟੀ ਨੇ ਅੰਗਰੇਜ਼ੀ ਸਰਕਾਰ ਦੇ ਜੰਗ ਵਿਚ ਘਿਰ ਜਾਣ ਦੇ ਮੱਦੇਨਜ਼ਰ ਆਪਣੀ ਅਧੂਰੀ ਤਿਆਰੀ ਦੇ ਬਾਵਜੂਦ ਜੰਗ ਦਾ ਲਾਹਾ ਲੈਣ ਲਈ 4 ਅਗਸਤ 1914 ਨੂੰ ‘ਐਲਾਨੇ-ਜੰਗ’ ਕਰ ਦਿੱਤਾ ਸੀ ਤੇ ਸਾਰੇ ਹਿੰਦੀਆਂ ਨੂੰ ਸਭ ਕੁਝ ਤਿਆਗ ਕੇ ਸਿਰ-ਧੜ ਦੀ ਬਾਜ਼ੀ ਲਾਉਂਦਿਆਂ ਦੇਸ ਪਰਤਣ ਲਈ ਵੰਗਾਰਿਆ ਸੀ।
ਗ਼ਦਰ ਦੇ ਫੇਲ੍ਹ ਹੋਣ ਪਿਛੋਂ ਚਲਾਏ ਗਏ ਮੁਕੱਦਮਿਆਂ ਵਿਚ ਜਿੱਥੇ ‘ਨਾ ਸੀ ਵਕੀਲ, ਨਾ ਦਲੀਲ ਅਤੇ ਨਾ ਅਪੀਲ’ ਘਟੋ-ਘੱਟ 500 ਗ਼ਦਰੀਆਂ ਨੂੰ ਦੋਸ਼ੀ ਠਹਿਰਾ ਕੇ ਦਰਜਨਾਂ ਨੂੰ ਫਾਂਸੀ ਅਤੇ ਰਹਿੰਦਿਆਂ ਨੂੰ ਉਮਰ ਕੈਦਾਂ – ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ ਸਨ; ਇਥੋਂ ਤੱਕ ਕਿ ਪਹਿਲੇ ਕੇਸ ਦੇ 51 ਦੋਸ਼ੀਆਂ ਵਿਚੋਂ 24 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜੋ ਪਿਛੋਂ (ਇਸ ਦੇ) ਪ੍ਰਤੀਕਰਮ ਤੋਂ ਡਰਦਿਆਂ, ਇਨ੍ਹਾਂ ਵਿਚੋਂ 17 ਦੀ ਫਾਂਸੀ ਤੋੜ ਕੇ ਉਮਰ ਕੈਦ – ਕਾਲੇ ਪਾਣੀ ਕਰ ਦਿੱਤੀ ਗਈ ਸੀ; ਸ਼ਾਇਦ ਇਸ ਲਈ ਵੀ ਕਿ ਜੰਗ ਲਈ ਫ਼ੌਜੀ ਭਰਤੀ ਪਖੋਂ ਪੰਜਾਬ ਮੋਹਰੀ ਸਮਝਿਆ ਜਾਂਦਾ ਸੀ।
ਗ਼ਦਰੀਆਂ ਦੇ ਜ਼ਿਲ੍ਹਾਵਾਰ ਅੰਕੜੇ ਦਰਸਾਉਂਦੇ ਹਨ ਕਿ ਇਨ੍ਹਾਂ ਵਿਚੋਂ ਤਕਰੀਬਨ 70% ਲਾਹੌਰ-ਅੰਮ੍ਰਿਤਸਰ ਜ਼ਿਲ੍ਹਿਆਂ ਦੇ, ਤੇ ਬਾਕੀ ਰਹਿੰਦੇ ਕ੍ਰਮਵਾਰ ਲੁਧਿਆਣਾ ਤੇ ਦੁਆਬੇ ਦੇ ਸਨ। ਇਨ੍ਹਾਂ ਅੰਕੜਿਆਂ ਦੀ ਰੋਸ਼ਨੀ ਵਿਚ ਇਹ ਸਮਝਣਾ ਮੁਸ਼ਕਿਲ ਨਹੀਂ ਹੋਵੇਗਾ ਕਿ ਆਖ਼ਿਰ ਜਿਹੜਾ ਕਾਲਾ ਕਾਨੂੰਨ ਸਮੁੱਚੇ ਦੇਸ ਵਿਚ ਲਾਗੂ ਹੋ ਰਿਹਾ ਸੀ, ਉਹਦੇ ਵਿਰੋਧ ਦਾ ਕੇਂਦਰ ਬਿੰਦੂ ਅੰਮ੍ਰਿਤਸਰ ਹੀ ਕਿਵੇਂ ਹੋ ਨਿਬੜਿਆ ਜਿਸ ਨੇ (ਸ਼ਾਇਦ ਪਹਿਲੀ ਵਾਰ) ਦੂਰ-ਦੁਰੇਡੇ ਗੁਜਰਾਤ ਤੋਂ ਗਾਂਧੀ ਜੀ ਨੂੰ ਖਿੱਚ ਲਿਆਂਦਾ ਸੀ।
ਘਟਨਾਵਲੀ
ਤਕਰੀਬਨ ਸਾਰਾ ਪੰਜਾਬ ਹੀ ਅੰਮ੍ਰਿਤਸਰ ਦੀ ਅਗਵਾਈ ਹੇਠ ‘ਰੌਲਟ ਬਿਲ’ ਵਿਰੋਧੀ ਵਿਦਰੋਹ ਦਾ ਕੇਂਦਰ ਬਿੰਦੂ ਸੀ, ਜਿਥੇ… ਪਹਿਲਾਂ 30 ਮਾਰਚ ਤੇ ਫਿਰ 6 ਅਪਰੈਲ ਨੂੰ ਆਮ ਹੜਤਾਲ ਕੀਤੀ ਗਈ ਸੀ, ਜਦਕਿ 9 ਅਪਰੈਲ ਨੂੰ ਰਾਮ ਨੌਮੀ ਦੇ ਪਵਿੱਤਰ ਦਿਹਾੜੇ, ਨਵੀਂ ਪਿਰਤ ਪਾਉਂਦਿਆਂ ਸਾਰੇ ਲੋਕਾਂ ਨੇ ‘ਹਿੰਦੂ-ਮੁਸਲਮਾਨ ਕੀ ਜੈ’ ਦੇ ਨਾਅਰੇ ਲਾਉਂਦਿਆਂ ਇਹ ਤਿਉਹਾਰ ਰਲ ਕੇ ਮਨਾਇਆ ਸੀ, ਅਤੇ (ਸ਼ਾਇਦ ਪਹਿਲੀ ਵਾਰ) ਹਿੰਦੂਆਂ ਨੂੰ ਮੁਸਲਮਾਨ ਭਰਾਵਾਂ ਨੇ ਪਾਣੀ ਵੀ ਪਿਲਾਇਆ ਸੀ: ਇਸ ‘ਕੌਤਕ’ ਨੂੰ ਦੇਖਦਿਆਂ ਹੀ ਹਾਕਮ ਬੌਂਦਲ ਗਏ, ਕਿਉਂਕਿ ਉਨ੍ਹਾਂ ਨੂੰ ਆਪਣਾ ਇਕੋ-ਇਕ ਕਾਰਗਰ ਪੈਂਤੜਾ ‘ਪਾੜੋ ਤੇ ਰਾਜ ਕਰੋ’ ਠੁਸ ਹੁੰਦਾ ਲੱਗ ਰਿਹਾ ਸੀ। ਹੋਰ ਕੋਈ ਪੇਸ਼ ਨਾ ਜਾਂਦੀ ਦੇਖ ਉਨ੍ਹਾਂ ਇਸ ਲੋਕ ਉਭਾਰ ਦੇ ਦੋ ਮੁੱਖ ਆਗੂਆਂ ਡਾ. ਸੈਫ਼ੁਦੀਨ ਕਿਚਲੂ ਅਤੇ ਡਾ. ਸੱਤਿਆਪਾਲ ਦੇ ਜਨਤਕ ਭਾਸ਼ਨਾਂ ‘ਤੇ 9 ਅਪਰੈਲ ਨੂੰ ਹੀ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਸਨ।
ਅਗਲੇ ਦਿਨ 10 ਅਪਰੈਲ ਸਵੇਰੇ 10 ਵਜੇ ਭੜਕੀ ਹੋਈ ਭੀੜ ਨੇ ਰੇਲਵੇ ਪੁਲ ‘ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਘੇਰ ਲਿਆ ਜੋ ਇਨ੍ਹਾਂ ਦੋਹਾਂ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਸ਼ਹਿਰੋਂ ਬਾਹਰ ਲਿਜਾ ਰਿਹਾ ਸੀ, ਕਿਉਂਕਿ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਗੋਲੀ ਚਲਾ ਦਿੱਤੀ ਜਿਸ ਨਾਲ 10 ਸ਼ਹਿਰੀ ਸ਼ਹੀਦ ਅਤੇ ਕਈ ਜ਼ਖਮੀ ਹੋਏ: ਉੱਧਰ ਸ਼ਹਿਰ ਵਿਚ ਬਦ-ਅਮਨੀ ਫੈਲ ਗਈ ਜਿਸ ਦੌਰਾਨ ਕੁਝ ਗੋਰਿਆਂ ‘ਤੇ ਹਮਲੇ ਹੋਏ, ਨਾਲੇ ਕੁਝ ਬੈਂਕਾਂ ਅਤੇ ਤਾਰ-ਘਰ ਨੂੰ ਸਾੜਨ ਅਤੇ ਲੁਟਣ ਦੇ ਯਤਨ ਵੀ ਕੀਤੇ ਗਏ ਸਨ।
10 ਅਪਰੈਲ ਸ਼ਾਮੀਂ ਲਾਹੌਰ ਤੋਂ ਡਿਵੀਜ਼ਨਲ ਕਮਿਸ਼ਨਰ ਪੁਲੀਸ ਦੇ ਡੀਆਈਜੀ ਅੰਮ੍ਰਿਤਸਰ ਆ ਪਹੁੰਚੇ ਤੇ ਨਾਲੇ ਬੁਲਾ ਲਿਆ ਗਿਆ ਮੇਜਰ ਮੈਕਡਾਨਲਡ ਨੂੰ ਜੋ ਆਪਣੀ ਫ਼ੌਜੀ ਟੋਲੀ ਸਮੇਤ ਪਹੁੰਚ ਗਿਆ: ਉਹਨੂੰ ਦੱਸਿਆ ਗਿਆ ਕਿ ਸ਼ਹਿਰ ਦੀ ਅਮਨ-ਕਾਨੂੰਨ ਦੀ ਹਾਲਤ ਸਿਵਲੀਅਨ ਅਧਿਕਾਰੀਆਂ ਦੇ ਕਾਬੂ ਤੋਂ ਬਾਹਰ ਹੋ ਚੁੱਕੀ ਹੈ, ਜਿਸ ਨੂੰ ਫ਼ੌਜੀ ਤੌਰ-ਤਰੀਕੇ ਨਾਲ ਨਜਿੱਠਿਆ ਜਾਏ।
11 ਅਪਰੈਲ ਨੂੰ ਪਿਛਲੇ ਦਿਨ ਦੇ 10 ਸ਼ਹੀਦਾਂ ਦੇ ਸਸਕਾਰ ਲਈ ਬਾਅਦ ਦੁਪਹਿਰ ਦੋ ਤੋਂ ਚਾਰ ਵਜੇ ਦੇ ਦਰਮਿਆਨ ਇਜਾਜ਼ਤ ਤਾਂ ਦੇ ਦਿੱਤੀ ਗਈ ਪਰ ਇਸ ਮੌਕੇ ਕੁਝ ਗਿਣਤੀ ਦੇ ਲੋਕਾਂ ਦੀ ਸ਼ਮੂਲੀਅਤ ਦੀ ਸ਼ਰਤ ਲਾ ਕੇ ਹੀ: ਜੋ ਵਿਅਕਤੀ ਇਸ ਮਾਤਮੀ ਜਲੂਸ ਵਿਚ ਸ਼ਾਮਿਲ ਹੋਏ, ਉਨ੍ਹਾਂ ਵਿਚ ਬਹੁ-ਗਿਣਤੀ ਨੌਜਵਾਨ ਵਕੀਲਾਂ ਦੀ ਸੀ। ਡੀਸੀ ਨੇ ਇਨ੍ਹਾਂ ਨੌਜਵਾਨਾਂ ਨੂੰ ‘ਨੋਟਿਸ’ ਦੀਆਂ ਕਾਪੀਆਂ ਦਿੱਤੀਆਂ ਤਾਂ ਜੋ ਇਨ੍ਹਾਂ ਨੂੰ ਉਹ ਥਾਂ-ਪੁਰ-ਥਾਂ ਨਸ਼ਰ ਕਰ ਦੇਣ। ਇਹ ਨੋਟਿਸ ਇਸ ਪ੍ਰਕਾਰ ਸੀ:
“ਫ਼ੌਜ ਨੂੰ ਸ਼ਹਿਰ ਦਾ ਅਮਨ-ਕਾਨੂੰਨ ਬਹਾਲ ਕਰਨ ਲਈ ਲੋੜ ਅਨੁਸਾਰ ਫ਼ੌਜੀ ਪੱਧਰ ਦੀ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਚਾਰ ਤੋਂ ਵੱਧ ਵਿਅਕਤੀਆਂ ਦੇ ਜਨਤਕ ਥਾਵਾਂ ‘ਤੇ ਇਕੱਠਾਂ ਅਤੇ ਜਲੂਸਾਂ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਲੋੜ ਪੈਣ ‘ਤੇ ਫ਼ੌਜ ਕਿਸੇ ਅਜਿਹੇ ਸਮੂਹ ਨੂੰ ਗੋਲੀ ਚਲਾ ਕੇ ਵੀ ਖਿੰਡਾ ਦੇਵੇਗੀ। ਸੋ, ਬਾ-ਇਜ਼ਤ ਸ਼ਹਿਰੀਆਂ ਨੂੰ ਘਰਾਂ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।”
ਜਨਰਲ ਡਾਇਰ ਦੀ ਆਮਦ
11 ਅਪਰੈਲ ਸ਼ਾਮੀਂ ਡਾਇਰ ਜੋ ਜਲੰਧਰ ਬ੍ਰਿਗੇਡ ਦਾ ਕਮਾਂਡਰ ਸੀ, ਨੇ ਅੰਮ੍ਰਿਤਸਰ ਪਹੁੰਚ ਕੇ ਮੇਜਰ ਮੈਕਡਾਨਲਡ ਦੀ ਥਾਂ ਲੈ ਲਈ ਤੇ ਰਾਮ ਬਾਗ਼ ਵਿਚ ਆਪਣਾ ਆਰਜ਼ੀ ਦਫ਼ਤਰ ਖੋਲ੍ਹ ਲਿਆ।
12 ਅਪਰੈਲ ਵਾਲੇ ਦਿਨ ਡਾਇਰ ਨੂੰ ਇਹ ਖ਼ਬਰ ਮਿਲੀ ਕਿ ਸ਼ਹਿਰ ਵਿਚ ਥਾਉਂ ਥਾਈਂ ਲੋਕੀ ਇਕੱਠੇ ਹੋ ਰਹੇ ਨੇ, ਤੇ ਸ਼ਹਿਰ ਅੰਦਰ ਫ਼ੌਜੀਆਂ ਦੀ ਗਸ਼ਤੀ ਟੋਲੀ ਨੇ ਲੋਕਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਤਾਂ ਲੋਕੀ ਮੰਨ ਗਏੇ।
ਪਿਛੋਂ ਇਸੇ ਫ਼ੌਜੀ ਟੋਲੀ ਨੇ ਕੋਤਲਵਾਲੀ ਪਹੁੰਚ ਕੇ 10 ਅਪਰੈਲ ਦੀਆਂ ਵਾਰਦਾਤਾਂ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਡਾਇਰ ਦੀ ਰਿਪੋਰਟ ਅਨੁਸਾਰ, ਉਸ ਮੌਕੇ ਸ਼ਹਿਰ ਵਾਸੀਆਂ ਦਾ ਰਵੱਈਆ ਅਤਿ ਗੁਸਤਾਖ਼ੀਆਨਾ ਸੀ ਤੇ ਕਈਆਂ ਨੂੰ ਫ਼ੌਜੀਆਂ ਵੱਲ ਮੂੰਹ ਕਰਕੇ ਥੁੱਕਦਿਆਂ ਵੀ ਦੇਖਿਆ ਗਿਆ ਸੀ; ਸੁਲਤਾਨ ਵਿੰਡ ਗੇਟ ਕੋਲ ਲੋਕਾਂ ਨੇ ਫ਼ੌਜੀ ਟੋਲੀ ਨੂੰ ਵੇਖਦਿਆਂ ‘ਹਿੰਦੂ-ਮੁਸਲਮਾਨ ਕੀ ਜੈ’ ਦੇ ਨਾਅਰੇ ਵੀ ਲਾਏ ਸਨ ਜਿਨ੍ਹਾਂ ਨੂੰ ਮੁਸ਼ਕਿਲ ਨਾਲ ਹੀ ਖਿੰਡਾਇਆ ਜਾ ਸਕਿਆ; ਫ਼ੌਜ ਨੇ ਗੋਲੀ ਚਲਾਉਣ ਤੋਂ ਸਿਰਫ਼ ਇਸ ਲਈ ਗੁਰੇਜ਼ ਕੀਤਾ ਕਿ ਅਜੇ ਤੱਕ ਲੋੜੀਂਦੀ ਚਿਤਾਵਨੀ ਜਾਰੀ ਨਹੀਂ ਸੀ ਕੀਤੀ ਗਈ।
ਚਿਤਾਵਨੀ
ਅੰਮ੍ਰਿਤਸਰ ਵਾਸੀਆਂ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਜੇ ਕਿਸੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਗਿਆ ਜਾਂ ਕਿਸੇ ਕਿਸਮ ਦੀ ਭੜਕਾਊ ਹਰਕਤ ਕੀਤੀ ਗਈ ਤਾਂ ਇਸ ਨੂੰ ਜਾਣ-ਬੁਝ ਕੇ ਕੀਤੀ ਗਈ ਗੜਬੜ ਸਮਝ ਕੇ ਫ਼ੌਜੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।
‘ਹਰ ਤਰ੍ਹਾਂ’ ਦੇ ਇਕੱਠ ਦੀ ਮਨਾਹੀ ਹੈ ਤੇ ਅਜਿਹੇ ਇਕੱਠ ਨੂੰ ਫ਼ੌਜੀ ਕਾਨੂੰਨ ਤਹਿਤ ਖਿੰਡਾ ਦਿੱਤਾ ਜਾਵੇਗਾ।
13 ਅਪਰੈਲ ਸਵੇਰੇ ਜਨਰਲ ਡਾਇਰ ਨੇ ਜ਼ਿਲ੍ਹੇ ਦੇ ਉਚ-ਅਧਿਕਾਰੀਆਂ ਸਮੇਤ ਸ਼ਹਿਰ ਦੀ ਗਸ਼ਤ ਕੀਤੀ ਤੇ ਥਾਉਂ ਥਾਈਂ ਉਕਤ ਚਿਤਾਵਨੀ ਨਸ਼ਰ ਕੀਤੀ ਗਈ। ਸਰਕਾਰੀ ਰਿਕਾਰਡ ਮੁਤਾਬਿਕ ਵੀ ਸ਼ਹਿਰ ਦੇ ਕਈ ਹਿੱਸਿਆਂ ਵਿਚ ਇਹ ਨਸ਼ਰ ਨਹੀਂ ਸੀ ਕੀਤੀ ਜਾ ਸਕੀ, ਕਿਉਂਕਿ ਪੁਲੀਸ ਉਪ-ਕਪਤਾਨ ਪਲੋਮਣ ਅਨੁਸਾਰ, ਜਦੋਂ ਜਨਰਲ ਮੰਦਰ-ਮਸਜਿਦ ਕੋਲ ਪਹੁੰਚਿਆ ਤਾਂ ਉਹਨੂੰ ਗਰਮੀ ਬਹੁਤ ਲੱਗੀ ਜਿਸ ਕਰਕੇ ਉਹਨੇ ਸਿਧੇ ਲੋਹਗੜ੍ਹ ਕਿਲ੍ਹੇ ਵੱਲ ਚਾਲੇ ਪਾ ਦਿੱਤੇ; ਜਨਰਲ 12:40 ‘ਤੇ ਆਪਣੇ ਦਫ਼ਤਰ ਵਾਪਸ ਆ ਗਿਆ। ਸ਼ਾਮੀਂ 4:30 ਵਜੇ ਜਨਰਲ ਡਾਇਰ ਨੂੰ ਜੱਲ੍ਹਿਆਂਵਾਲੇ ਬਾਗ਼ ਵਿਚ ਜਲਸੇ ਦੀ ਇਤਲਾਹ ਮਿਲੀ, ਜਿਸ ‘ਤੇ ਪਹਿਲਾਂ ਤਾਂ (ਡਾਇਰ ਅਨੁਸਾਰ) ਉਹਨੂੰ ਯਕੀਨ ਹੀ ਨਾ ਆਇਆ ਕਿ ਵਾਕਈ ਲੋਕੀ ਅਜਿਹੀ ਹਰਕਤ ਕਰਨ ਦੀ ਜੁਰਅਤ ਕਰ ਸਕਦੇ ਹੋਣਗੇ; ਪਰ ਜਦੋਂ ਉਹਨੂੰ ਯਕੀਨ ਹੋ ਗਿਆ ਤਾਂ ਉਹਨੇ ਮਨ ਵਿਚ ਪੱਕੀ ਧਾਰ ਲਈ ਕਿ ਉਹ ਉਨ੍ਹਾਂ ਸਾਰਿਆਂ ਨੂੰ ਗੋਲੀ ਨਾਲ ਉਡਾ ਦੇਵੇਗਾ। ਤਦ ਅਨੁਸਾਰ ਉਥੇ ਪਹੁੰਚ ਕੇ, ਬਿਨਾ ਕਿਸੇ ਪੂਰਬ-ਚਿਤਾਵਨੀ ਦੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ; ਸਿਟੇ ਵਜੋਂ (ਸਰਕਾਰੀ ਰਿਕਾਰਡ ਅਨੁਸਾਰ) 379 ਵਿਅਕਤੀ ਸ਼ਹੀਦ ਤੇ ਅਨੇਕਾਂ ਜ਼ਖਮੀ ਕਰ ਦਿੱਤੇ ਗਏ।
ਸੁਖਦੇਵ ਵੀ 14 ਅਪਰੈਲ ਨੂੰ ਤਾਏ ਅਚਿੰਤ ਨਾਲ ਇਸ ਬਰਬਰਤਾ ਵਾਲੇ ਕਾਂਡ ਦੀ ਹੀ ਚਰਚਾ ਕਰਦਾ ਰਿਹਾ ਸੀ। ਉਧਰ ਸਰਕਾਰ ਦੇ ਹੁਕਮ ਤਹਿਤ ਸਨਾਤਨ ਧਰਮ ਹਾਈ ਸਕੂਲ, ਜਿੱਥੇ ਉਹ ਪੜ੍ਹਦਾ ਸੀ, ਪ੍ਰਾਰਥਨਾ ਵੇਲੇ ਆ ਪਹੁੰਚਿਆ ਇਕ ਗੋਰਾ ਅਫਸਰ, ਜਿਹਨੂੰ ਹਰ ਵਿਦਿਆਰਥੀ ਨੇ ਵਾਰੀ ਵਾਰੀ ਉਹਦੇ ਕੋਲੋਂ ਲੰਘਦਿਆਂ ਸਲਾਮ ਮਾਰਨੀ ਸੀ ਪਰ ਸੁਖਦੇਵ ਕੀ ਤੇ ਸਲਾਮੀ ਕੀ? ਉਹਦੇ ਤੱਤ-ਫੱਟ ਇਨਕਾਰ ‘ਤੇ ਹੈੱਡਮਾਸਟਰ ਨੇ ਉਸ ਨੂੰ ਖੂਬ ਕੁਟਾਪਾ ਚਾੜ੍ਹਿਆ… ਪਰ ਜਿੰਨਾ ਚਿਰ ਇਹ ਹੁਕਮ ਵਾਪਸ ਨਹੀਂ ਲੈ ਲਿਆ ਗਿਆ, ਉਹ ਵੀ ਸਕੂਲ ਨਹੀਂ ਵੜਿਆ। ਇੰਜ ਦੋਹਾਂ ਦੇ ਚੇਤੰਨ ਦੌਰ ਦੀ ਸ਼ੁਰੂਆਤ ਹੋਈ।
ਉੱਧਰ ਰਾਜਸੀ ਪੱਧਰ ‘ਤੇ ਗਾਂਧੀ ਜੀ ਨੇ 01.08.1920 ਨੂੰ ‘ਨਾ ਮਿਲਵਰਤਨ ਲਹਿਰ’ ਤਹਿਤ ਸੱਤਿਆਗ੍ਰਹਿ ਸ਼ੁਰੂ ਕਰਾ ਦਿੱਤਾ ਤੇ ਅਹਿਦ ਕੀਤਾ ਕਿ ਉਹ ਸਾਲ ਦੇ ਅੰਦਰ ਸਵਰਾਜ ਪ੍ਰਾਪਤ ਕਰ ਦਿਖਾਉਣਗੇ। ਉਨ੍ਹਾਂ ਸਾਰੇ ਇਨਕਲਾਬੀਆਂ ਨੂੰ ਸਲਾਹ ਦਿੱਤੀ ਕਿ ਉਹ ਇਕ ਸਾਲ ਲਈ ਆਪਣੀਆਂ ਹਿੰਸਕ ਕਾਰਵਾਈਆਂ ਬੰਦ ਕਰ ਦੇਣ ਜੋ ਉਨ੍ਹਾਂ ਪ੍ਰਵਾਨ ਕਰ ਲਈ।
ਪਰ ਅਚਾਨਕ ਹੀ ਗਾਂਧੀ ਜੀ ਨੇ ਬਿਨਾ ਕਿਸੇ ਨਾਲ ਸਲਾਹ-ਮਸ਼ਵਰਾ ਕੀਤਿਆਂ 12 ਫਰਵਰੀ 1922 ਨੂੰ ਇਹ ਕਹਿ ਕੇ ਸੱਤਿਆਗ੍ਰਹਿ ਮੁਅੱਤਲ ਕਰ ਦਿੱਤਾ ਕਿ ‘ਅਜੇ ਹਿੰਦੋਸਤਾਨੀ ਜਨਤਾ ਪੂਰਨ ਤੌਰ ‘ਤੇ ਅਹਿੰਸਾਵਾਦੀ ਨਹੀਂ ਪਾਈ ਗਈ।’ ਉਨ੍ਹਾਂ (ਗਾਂਧੀ ਜੀ) ਨੇ, ਲੋਕਾਂ ‘ਤੇ ਪੁਲੀਸ ਵਲੋਂ ਢਾਹੇ ਗਏ ਤਸ਼ੱਦਦ ਤੋਂ ਭੜਕ ਕੇ ਚੌਰਾ ਚੌਰਾ ਦੇ ਥਾਣੇ ਨੂੰ ਅੱਗ ਲਾ ਕੇ ਥਾਣੇ ਅੰਦਰਲੇ ਪੁਲਸੀਆਂ ਦੀ ਮੌਤ ਦੀ ਆੜ ਲੈ ਕੇ, ਆਪਣੀ ‘ਆਤਮਾ ਦੀ ਆਵਾਜ਼’ ਨੂੰ ਲੋਕਾਂ ‘ਤੇ ਠੋਸ ਦਿੱਤਾ।
ਸਿੱਟੇ ਵਜੋਂ ਆਮ ਜਨਤਾ, ਖਾਸ ਕਰਕੇ ਨੌਜਵਾਨ ਵਰਗ ਜਿਹੜਾ ਗਾਂਧੀ ਜੀ ਦੇ ਸੱਦੇ ‘ਤੇ ਲਹਿਰ ਵਿਚ ਕੁੱਦ ਪਿਆ ਸੀ, ਅਤਿ ਨਿਰਾਸ਼ ਹੋਇਆ, ਤੇ ਪਹਿਲਾਂ ਜੋਗੇਸ਼ ਚੈਟਰਜੀ ਤੇ ਸ਼ਚਿੰਦਰ ਸਾਨਿਆਲ ਵਰਗੇ ਪ੍ਰੌੜ ਇਨਕਲਾਬੀਆਂ ਦੇ ਉਦਮ ਨਾਲ 1923 ਵਿਚ ਬਣਾਈ ‘ਹਿੰਦੋਸਤਾਨ ਰਿਪਬਲਿਕਨ ਐਸੋਸੀਏਸ਼ਨ’ ਦੇ ਝੰਡੇ ਹੇਠਾਂ ਅਤੇ ਸਤੰਬਰ 1928 ਵਿਚ ‘ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ’ ਦੇ ਝੰਡੇ ਹੇਠਾਂ ਨੌਜਵਾਨ ਇਨਕਲਾਬੀਆਂ ਨੇ ਲਹਿਰ ਨੂੰ ਨਵੀਆਂ ਬੁਲੰਦੀਆਂ ‘ਤੇ ਅਤੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਦੇਸ ਦੇ ਕੋਨੇ ਕੋਨੇ ਵਿਚ ਪੁਚਾ ਦਿੱਤਾ।
ਉੱਧਰ ਇਕ ਵਾਰੀ ਫਿਰ ਗਾਂਧੀ ਮਾਰਕਾ ਕਾਂਗਰਸ ਨੇ, ਇਨਕਲਾਬੀ ਲਹਿਰ ਕਾਰਨ ਭਖੇ ਸਿਆਸੀ ਮਾਹੌਲ ਨੂੰ ਦੇਖਦਿਆਂ ‘ਕਾਂਗਰਸ ਦਾ ਭੋਗ’ ਪੈ ਜਾਣ ਦੇ ਡਰ ਤੋਂ, ਦਸੰਬਰ 1929 ਦੇ ਲਾਹੌਰ ਸੈਸ਼ਨ ਅੰਦਰ ਪਹਿਲੀ ਵਾਰੀ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਅਤੇ 26 ਜਨਵਰੀ 1930 ਤੋਂ ਲੈ ਕੇ ਹਰ ਸਾਲ ਉਹ ਦਿਨ ‘ਆਜ਼ਾਦੀ ਦਿਵਸ’ ਮਨਾਉਣ ਦਾ ਅਹਿਦ ਕਰਦਿਆਂ, ਸਿਵਲ ਨਾ-ਫ਼ਰਮਾਨੀ ਦੀ ਤਹਿਰੀਕ ਵਿੱਢ ਦਿੱਤੀ ਜੋ ਪਿਛੋਂ ਗਾਂਧੀ-ਇਰਵਨ ਸਮਝੌਤੇ ਦੀ ਭੇਂਟ ਚੜ੍ਹ ਗਈ।…
ਭੈਣ ਦਾ ਵਿਰਲਾਪ
ਹਾਇ! ਹਾਇ!! ਜ਼ਾਲਮਾਂ ਜ਼ੁਲਮ ਕਮਾ ਲਿਆ।
ਘੁੱਟ ਪਾਣੀ ਦਾ ਨਾ ਪਿਲਾ ਲਿਆ।
ਪੀਤੇ ਕੌਸਰ ਬਹਿਸ਼ਤੋਂ ਜਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਉਹ ਦਿਨ ਰੱਬਾ ਕਦੋਂ ਔਨਗੇ।
ਜਦੋਂ ਡਾਇਰ ਨੂੰ ਫਾਂਸੀ ਚੜੌਨਗੇ।
ਬਾਗ਼ ਜੱਲ੍ਹਿਆਂ ਵਾਲੇ ਵਿਚ ਲਿਆ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਤੇਰਾਂ ਚਾਰ ਉਨੀ ਸੌ ਉਨੀ।
ਤੇਰੀ ਉਮਰ ਦੀ ਮੁਨਿਆਦ ਪੁੰਨੀ।
ਜਿਹੜੀ ਆਇਆ ਧੁਰੋਂ ਲਿਖਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਜੇਹੜੇ ਹੱਕ ਦੇ ਰਾਹ ‘ਤੇ ਮਰਦੇ।
ਉਹ ਖੁਸ਼ ਹੋ ਜੰਨਤੀ ਵੜਦੇ।
ਲੈਂਦੇ ਰੁਤਬਾ ਸ਼ਹਾਦਤ ਪਾ ਵੇ।
ਜੱਲ੍ਹਿਆਂ ਵਾਲੇ ਸ਼ਹੀਦ ਭਰਾ ਵੇ।
ਮੁਹੰਮਦ ਹੁਸੈਨ ਖੁਸ਼ਨੂਦ
ਮਿਲਾਪ ਦੀ ਮਲ੍ਹਮ
ਨਹੀਂ ਅੰਗਸ ਸਾਹ ਬੀ ਲੈਣ ਜੋਗੀ,
ਬੈਠੀ ਹੋਈ ਹਾਂ ਇਥੇ ਮਰ ਮੁਕ ਕੇ ਮੈਂ।
ਕੂਣ ਸਹਿਣ, ਉਠਣ ਬੈਠਣ ਨਹੀਂ ਹੁੰਦਾ,
ਖੋਰੀ ਹੋਈ ਹੋਈ ਹਾਂ ਸੜ ਸੁੱਕ ਕੇ ਮੈਂ।
ਚੌਥਾ ਚੜ੍ਹਦਾ ਏ ਪੁਤਾਂ ਦਾ ਜਾਣ ਚੌਥਾ,
ਚੁਗਣ ਆਈ ਮੈਂ ਬਾਗ਼ ਚੋਂ ਫੁੱਲ ਬੱਚਾ।
ਕੋੜ੍ਹ ਫੁੱਟ ਦਾ ਵੇਖ ਕੇ ਜੱਦ ਅੰਦਰ,
ਬੈਠੀ ਆਪਣਾ ਆਪ ਵੀ ਭੁਲ ਬੱਚਾ।
ਜਲ੍ਹਿਆਂ ਵਾਲਾ ਹੈ ਬਾਗ਼ ਏਹ ਧਰਤ ਪਿਆਰੀ,
ਏਥੇ ਆਂਦਰਾਂ ਮੇਰੀਆਂ ਵੱਲੀਆਂ ਨੇ।
ਮੇਰੇ ਪੁਤਾਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ,
ਮਰ ਕੇ ਲੰਘੀਆਂ ਏਹਦੀਆਂ ਗਲੀਆਂ ਨੇ।
ਆਬੇ ਜ਼ਮ ਜ਼ਮ ਤੇ ਅੰਮ੍ਰਿਤ ਦਾ ਮੇਲ ਹੋ ਕੇ,
ਇਸ ਪ੍ਰਯਾਗ ਰਲੀਆਂ ਗੰਗਾ ਜਲੀਆਂ ਨੇ।
ਮੇਰੇ ਜਾਇਆਂ ਦੀਆਂ ਇਸੇ ਕੁੰਡ ਅੰਦਰ,
ਘੁਲ ਮਿਲ ਡੁਲ੍ਹ ਕੇ ਰੱਤਾਂ ਰਲੀਆਂ ਨੇ।
ਇਸੇ ਭਾਗ ਵਾਲੀ ਪੱਧਰ ਭੋਇੰ ਉਤੇ,
ਮੇਰੇ ਚਾਨਣਾਂ ਦੀ ਚਰਬੀ ਨਿਚੜੀ ਸੀ।
ਹਿੰਦੂ, ਸਿੰਘ, ਮੁਹੰਮਦੀ, ਹੂਲ ਜਾਨਾਂ,
ਮਰ ਕੇ ਹੋਏ ਏਥੇ ਘਿਉ-ਖਿਚੜੀ ਸੀ।
…
ਮੇਰਾ ਸੁਖਾਂ ਦਾ ਲਹਿ ਗਿਆ ਮੁਕਟ ਸਿਰ ਤੋਂ;
ਰੋ ਰੋ ਦੁੱਖਾਂ ਦੇ ਕੀਰਨੇ ਪਾਵਾਂਗੀ ਮੈਂ।
ਭਾਗਾਂ ਨਾਲ ਜੇ “ਤੀਰ” ਮੁੜ ਸੁਰ ਹੋਈ,
ਫੇਰ ਗੀਤ ਮਿਲਾਪ ਦੇ ਗਾਵਾਂਗੀ ਮੈਂ।
ਵਿਧਾਤਾ ਸਿੰਘ ਤੀਰ