ਕੈਨੇਡਾ, ਯੂਰਪ, ਅਮਰੀਕਾ ਲਈ ਅੰਮਿ੍ਤਸਰ ਚੰਡੀਗੜ੍ਹ ਤੋਂ ਹੋਵੇ ਸਿੱਧੀ ਉਡਾਣ:ਭਗਵੰਤ ਮਾਨ

0
220

ਚੰਡੀਗੜ੍ਹ : ਸੰਸਦ ਮੈਂਬਰ ਤੇ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਕੈਨੇਡਾ, ਯੂਰਪ ਤੇ ਅਮਰੀਕਾ ਲਈ ਅੰਮਿ੍ਰਤਸਰ ਤੇ ਚੰਡੀਗੜ੍ਹ ਤੋਂ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਹੈ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ, ਹਿਮਾਚਲ ਪ੍ਰਦੇਸ, ਜੰਮੂ-ਕਸ਼ਮੀਰ ਸਮੇਤ ਹਰਿਆਣਾ ਦੇ ਵੱਡੇ ਹਿੱਸੇ ਨਾਲ ਜੁੜੇ ਇਸ ਮੁੱਦੇ ‘ਤੇ ਗੰਭੀਰ ਹੋਣ ਦੀ ਅਪੀਲ ਕੀਤੀ, ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ।

ਮਾਨ ਨੇ ਕਿਹਾ ਕਿ ਕਿੰਨੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀਆਂ ਖ਼ਾਸ ਕਰ ਕੇ ਐੱਨਆਰਆਈ ਪੰਜਾਬੀਆਂ ਨਾਲ ਸਿੱਧੇ ਤੌਰ ‘ਤੇ ਜੁੜੇ ਸਿੱਧੀਆਂ ਉਡਾਣਾਂ ਦਾ ਮੁੱਦਾ ਦਹਾਕੇ ਪਹਿਲਾ ਹੱਲ ਹੋ ਜਾਣਾ ਚਾਹੀਦਾ ਸੀ ਪ੍ਰੰਤੂ ਕਾਂਗਰਸ ਅਤੇ ਅਕਾਲੀ-ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਨੇ ਕੇਂਦਰ ਅਤੇ ਸੂਬੇ ਨੂੰ ਲੰਬਾ ਸਮਾਂ ਸੱਤਾ ਭੋਗਣ ਦੇ ਬਾਵਜੂਦ ਐੱਨਆਰਆਈਜ਼ ਦੀ ਇਸ ਮੰਗ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ।

ਮਾਨ ਨੇ ਦੋਸ਼ ਲਾਇਆ ਕਿ ਕੈਨੇਡਾ, ਯੂਰਪ, ਅਮਰੀਕਾ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ਲਈ ਡਾਇਰੈਕਟ ਅਪ-ਡਾਊਨ ਫਲਾਈਟ ਸ਼ੁਰੂ ਨਾ ਕਰਨ ਪਿੱਛੇ ਵੱਡਾ ਮਾਫ਼ੀਆ ਸਰਗਰਮ ਹੈ, ਜਿਸ ‘ਚ ਬਤੌਰ ਟਰਾਂਸਪੋਰਟ ਮਾਫ਼ੀਆ ਬਾਦਲ ਪਰਿਵਾਰ ਵੀ ਸ਼ਾਮਲ ਹੈ।

ਮਾਨ ਨੇ ਕਿਹਾ ਕਿ ਹੁਣ ਕੈਨੇਡਾ ਸਰਕਾਰ ਵੱਲੋਂ ਐਬਸਫੋਰਡ ਤੋਂ ਅੰਮਿ੍ਰਤਸਰ ਅਤੇ ਵੈਨਕੂਵਰ ਤੋਂ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਲਈ ਸਿੱਧੀ ਉਡਾਣ ਲਈ ਭਾਰਤ ਸਰਕਾਰ ਨੂੰ ਤਜਵੀਜ਼ ਭੇਜੀ ਹੋਈ ਹੈ ਪ੍ਰੰਤੂ ਕੇਂਦਰ ਸਰਕਾਰ ਨੇ ਇਨ੍ਹਾਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਲਈ ਅਜੇ ਤਕ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ ਜਿਸ ਦੀ ਪੰਜਾਬ ਦੇ ਲੱਖਾਂ ਦੀ ਗਿਣਤੀ ‘ਚ ਸ਼ਾਮਲ ਐੱਨਆਰਆਈਜ ਸਮੇਤ ਗੁਆਂਢੀ ਰਾਜਾਂ ਦੇ ਅੰਤਰਰਾਸ਼ਟਰੀ ਮੁਸਾਫ਼ਰਾਂ ਨੂੰ ਵਕਤ ਅਤੇ ਪੈਸੇ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਏਅਰਪੋਰਟ ਮਾਫ਼ੀਆ ਦੀ ਥਾਂ ਦੇਸ਼ ਦੇ ਆਮ ਲੋਕਾਂ ਅਤੇ ਖ਼ਾਸ ਕਰ ਕੇ ਪੰਜਾਬੀ ਐੱਨਆਰਆਈਜ਼ ਦੇ ਹਿੱਤਾਂ ‘ਚ ਪਹਿਰਾ ਦੇਣ ਦੀ ਅਪੀਲ ਕੀਤੀ।

ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਏਅਰਪੋਰਟ ਨਾਲ ਸਬੰਧਤ ਇਸ ਮਾਫ਼ੀਆ ਦੇ ਇਸ ਕਦਰ ਦਬਾਅ ਥੱਲੇ ਹੈ ਕਿ ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਵਪਾਰ ਸੰਭਾਵਨਾਵਾਂ ਅਤੇ ਸਮਰੱਥਾਵਾਨ ਦੇ ਬਾਵਜੂਦ ਚੱਲਣ ਨਹੀਂ ਦਿੱਤਾ ਗਿਆ, ਜਦੋਂ ਕਿ ਅੰਮਿ੍ਰਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਪਹਿਲਾਂ ਕਈ ਸਫਲ ਇੰਟਰਨੈਸ਼ਨਲ ਉਡਾਣਾਂ ਨੂੰ ਸਾਜ਼ਿਸ਼ਾਂ ਤਹਿਤ ਬੰਦ ਕਰਵਾਇਆ ਜਾ ਚੁੱਕਾ ਹੈ।  ਭਗਵੰਤ ਮਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਕੈਨੇਡਾ ਦੀਆਂ ਦੋਵੇਂ ਅੰਤਰਰਾਸ਼ਟਰੀ ਉਡਾਣਾਂ ਨੂੰ ਚੰਡੀਗੜ੍ਹ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤੁਰੰਤ ਪ੍ਰਵਾਨਗੀ ਨਾ ਦਿੱਤੀ ਤਾਂ ਉਹ ਸੜਕਾਂ ਤੋਂ ਲੈ ਕੇ ਸੰਸਦ ਤਕ ਕੇਂਦਰ ਸਰਕਾਰ ਦੇ ਖ਼ਿਲਾਫ਼ ਮੋਰਚਾ ਖੋਲ੍ਹਣਗੇ।