ਡੇਰਾ ਸਿਰਸਾ ਨਾਲ ‘ਸਾਂਝ’ ਬਣ ਸਕਦੀ ਬਾਦਲਾਂ ਲਈ ਮੁਸੀਬਤ

0
317

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਬਾਦਲਾਂ ਨੇ ਕੈਪਟਨ ਸਰਕਾਰ ਵੱਲੋਂ ਬਣਾਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਤਾਂ ਰੱਦ ਕਰ ਦਿੱਤਾ ਸੀ ਪਰ ਹੁਣ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਉਨ੍ਹਾਂ ਨੂੰ ਘੇਰਾ ਪਾਇਆ ਹੈ। ਸਿਟ ਨੇ ਦੋਵਾਂ ਲੀਡਰਾਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਤਲਬ ਕਰ ਲਿਆ ਹੈ।

ਬਾਦਲਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਹੁਣ ਕਮਿਸ਼ਨ ਦੀ ਰਿਪੋਰਟ ਮਗਰੋਂ ਬਣਾਈ ਸਿਟ ਨੇ ਬਾਦਲਾਂ ਨੂੰ ਪੇਸ਼ ਹੋਣ ਲਈ ਮਜਬੂਰ ਕਰ ਦਿੱਤਾ ਹੈ। ਸਿਟ ਨੇ ਦੋਵੇਂ ਬਾਦਲਾਂ ਨੂੰ ਸੀਆਰਪੀਸੀ ਦੀ ਧਾਰਾ 160 ਤਹਿਤ ਸੰਮਨ ਜਾਰੀ ਕੀਤੇ ਗਏ ਹਨ ਜਿਸ ਤਹਿਤ ਉਨ੍ਹਾਂ ਨੂੰ ਹਰ ਹੀਲੇ ਪੇਸ਼ ਹੋਣਾ ਹੀ ਪਵੇਗਾ। ਇਸ ਕਰਕੇ ਬਾਦਲ ਵੀ ਪੇਸ਼ ਹੋਣ ਲਈ ਰਾਜ਼ੀ ਹੋ ਗਏ ਹਨ। ਚਰਚਾ ਹੈ ਕਿ ਸਿੱਟ ਵੱਲੋਂ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸੁਮੇਧ ਸੈਣੀ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ।

ਕਾਬਲੇਗੌਰ ਹੈ ਕਿ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਨਵੰਬਰ, ਸੁਖਬੀਰ ਬਾਦਲ ਨੂੰ 19 ਨਵੰਬਰ ਤੇ ਅਦਾਕਾਰ ਅਕਸ਼ੈ ਕੁਮਾਰ ਨੂੰ 21 ਨਵੰਬਰ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਬਾਦਲਾਂ ਨਾਲ ਅਕਸ਼ੈ ਕੁਮਾਰ ਦੀ ਕੜੀ ਡੇਰਾ ਸਿਰਸਾ ਮੁਖੀ ਰਾਹੀਂ ਜੁੜ ਰਹੀ ਹੈ। ਮੰਨਿਆ ਜਾਂਦਾ ਹੈ ਕਿ ਕਿ ਅਕਸ਼ੈ ਕੁਮਾਰ ਨੇ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਾਉਣ ਲਈ ਸਮਝੌਤਾ ਕਰਵਾਇਆ ਸੀ।

ਇਸ ਲਈ ਜੇਕਰ ਇਹ ਸਾਬਤ ਹੋ ਗਿਆ ਕਿ ਫਿਲਮ ਰਿਲੀਜ਼ ਕਰਨ ਵਿੱਚ ਅਕਾਲੀ ਦਲ ਦੀ ਸਰਕਾਰ ਨੇ ਭੂਮਿਕਾ ਨਿਭਾਈ ਸੀ ਤਾਂ ਬਾਦਲਾਂ ਦੀ ਮੁਸੀਬਤ ਵਧ ਸਕਦੀ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੇ ਕੁਝ ਪੈਰੋਕਾਰ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਸੀ। ਪਿਛਲੀ ਸਰਕਾਰ ਨੇ ਇਸ ਦਬਾਅ ਹੇਠ ਹੀ ਬੇਅਦਬੀ ਦੀਆਂ ਘਟਨਾਵਾਂ ਸਹੀ ਜਾਂਚ ਨਹੀਂ ਕਰਵਾਈ ਤੇ ਇਸ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਪਰ ਸਖਤੀ ਵਰਤੀ।