ਚੰਡੀਗੜ੍ਹ:ਕਾਂਗਰਸ ਪਾਰਟੀ ਪੰਜ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ ਨਾਲ ਜੁੜੇ ਹੋਏ ਇੱਕ ਪਾਰਟੀ ਅਹੁਦੇਦਾਰ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ, ਮਬੁੰਈ ਤੇ ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਪ੍ਰਦੇਸ਼ ਪ੍ਰਧਾਨਾਂ ਦੀ ਤਲਾਸ਼ ਸ਼ੁਰੁ ਕਰ ਦਿੱਤੀ ਗਈ ਹੈ।
ਕਾਂਗਰਸ ਦੇ ਇਸ ਕਦਮ ਨੂੰ 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਸ਼ੁਰੂਆਤ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ।ਇਸ ਤੋਂ ਇਲਾਵਾ ਇਨ੍ਹਾਂ ਵਿੱਚੋਂ ਕੁਝ ਰਾਜਾਂ ‘ਚ ਪਾਰਟੀ ਧੜਿਆਂ ‘ਚ ਵੰਡੀ ਹੋਈ ਹੈ। ਜਿਸ ਕਰਕੇ ਕੋਈ ਨਵਾਂ ਚਿਹਰਾ ਪਾਰਟੀ ਨੂੰ ਇੱਕਜੁੱਟ ਕਰਨ ਲਈ ਅੱਗੇ ਕੀਤਾ ਜਾ ਸਕਦਾ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਅਜੈ ਮਾਕਨ ਪਹਿਲਾਂ ਹੀ ਪਾਰਟੀ ਨੂੰ ਕਹਿ ਚੁੱਕੇ ਹਨ ਕਿ ਉਹ ਹੁਣ ਇਹ ਜ਼ਿੰਮੇਵਾਰੀ ਸ਼ਾਇਦ ਨਹੀਂ ਨਿਭਾ ਪਾਉਣਗੇ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਨਾਮ ਵੀ ਅੱਗੇ ਰਿਹਾ ਹੈ, ਪਰ ਸ਼ੀਲਾ ਨੇ ਇਸ ਤਰ੍ਹਾਂ ਦੀ ਕਿਸੇ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ।
ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਇੱਕ ਵਾਰ ਫ਼ਿਰ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਚੋਣਾਂ ਲੜਨਾ ਚਾਹੁੰਦੇ ਹਨ, ਉਹ ਹੁਣ ਸੂਬਾਈ ਮੁੱਦਿਆਂ ਨੂੰ ਜ਼ਿਆਦਾ ਸਮਾਂ ਨਹੀਂ ਦੇ ਪਾਉਣਗੇ। ਇਸ ਲਈ ਪਾਰਟੀ ਉਨ੍ਹਾਂ ਹੱਥੋਂ ਕਮਾਨ ਲੈ ਕੇ ਕਿਸੇ ਨਵੇਂ ਚਿਹਰੇ ਨੂੰ ਸੌਂਪਣ ਦੀ ਤਿਆਰੀ ਕਰ ਰਹੀ ਹੈ।