ਸ਼ਹੀਦ-ਏ-ਆਜ਼ਮ ਸਰਦਾਰ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਪਿੰਡ ਖਟਕੜ ਕਲਾਂ ਵਿੱਚ ਅਰਜਨ ਸਿੰਘ ਦੇ ਘਰ ਹੋਇਆ। ਅਰਜਨ ਸਿੰਘ ਸਰਦਾਰ ਫਤਹਿ ਸਿੰਘ ਦੇ ਪੁੱਤਰ ਸਨ। ਫਤਿਹ ਸਿੰਘ ਨੇ ਪਹਿਲੇ ਐਂਗਲੋ-ਸਿੱਖ ਯੁੱਧ (1845) ਵਿੱਚ ਆਪਣਾ ਲੋਹਾ ਮਨਵਾਇਆ ਸੀ। ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ ਤੇ ਛੋਟਾ ਭਰਾ ਸਵਰਨ ਸਿੰਘ ਵੀ ਆਜ਼ਾਦੀ ਘੁਲਾਟੀਏ ਸਨ।
ਅੰਗਰੇਜ਼ ਸਰਕਾਰ ਨੇ 1906 ਈ: ਵਿੱਚ ਆਬਾਦਕਾਰੀ ਬਿੱਲ ਪੇਸ਼ ਕਰਕੇ ਚਨਾਬ ਕਾਲੌਨੀ ਦੇ ਕਿਸਾਨਾਂ ਦੀ ਨਾਰਾਗਜ਼ੀ ਸਹੇੜ ਲਈ। ਬਹੁਤ ਸਾਰੇ ਫ਼ੌਜੀਆਂ ਨੂੰ ਬਹਾਦਰੀ ਦਿਖਾਉਣ ਬਦਲੇ ਜ਼ਮੀਨਾਂ ਦਿੱਤੀਆਂ ਗਈਆਂ ਸਨ। ਜ਼ਮੀਨਾਂ ਦੀ ਵੰਡ ਰੋਕਣ ਲਈ ਭਾਰਤ ਦੇ ਵਾਇਸਰਾਏ ਲਾਰਡ ਮਿੰਟੋ ਨੇ ਮਈ 1907 ਵਿੱਚ ਆਬਾਦਕਾਰੀ ਕਾਨੂੰਨ ਰਾਹੀਂ ਜ਼ਮੀਨ ਉੱਪਰ ਪਿਓ ਦੇ ਮਰਨ ਪਿੱਛੋਂ ਕੇਵਲ ਵੱਡੇ ਪੁੱਤਰ ਦਾ ਅਧਿਕਾਰ ਸਥਾਪਤ ਕਰ ਦਿੱਤਾ।
ਰਾਵਲਪਿੰਡੀ ਜ਼ਿਲ੍ਹੇ ਵਿੱਚ 25 ਫੀਸਦੀ ਮਾਲੀਆ ਵਧਾ ਦਿੱਤਾ। ਨਵੰਬਰ 1906 ਵਿੱਚ ‘ਬਾਰੀ ਦੋਆਬ ਐਕਟ’ ਪਾਸ ਕਰਕੇ ਆਬਿਆਨਾ ਕਰ ਵਧਾ ਦਿੱਤਾ। ਇਸ ਵਿਰੁੱਧ ਸਰਦਾਰ ਅਜੀਤ ਸਿੰਘ ਨੇ ਪੰਜਾਬ ਵਿੱਚ ਜ਼ਿੰਮੀਂਦਾਰਾ ਲੀਗ ਸਥਾਪਤ ਕਰਕੇ ਕਿਸਾਨਾਂ ਦੀ ਅਗਵਾਈ ਕੀਤੀ। ਉਹ ਕਿਸਾਨਾਂ ਵਿੱਚ ਜਾਗ੍ਰਤੀ ਪੈਦਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੇ ਨਾਲ ਕਿਸ਼ਨ ਸਿੰਘ ਅਤੇ ਲਾਲਾ ਘਸੀਟਾ ਰਾਮ ਵੀ ਮੈਦਾਨ ਵਿੱਚ ਸਨ।
ਦਸੰਬਰ 1906 ਵਿੱਚ ਅਜੀਤ ਸਿੰਘ ਦਾ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਪਰਕ ਹੋਇਆ। ਉਸ ਸਮੇਂ ਕਲਕੱਤਾ ਵਿੱਚ ਕਾਂਗਰਸ ਦਾ ਇਜਲਾਸ ਹੋ ਰਿਹਾ ਸੀ। ਇਸ ਸਮੇਂ ਕਾਂਗਰਸ ਵਿੱਚ ਦੋ ਧੜੇ ਸਨ ਗਰਮ-ਦਲ ਅਤੇ ਨਰਮ-ਦਲ। ਅਜੀਤ ਸਿੰਘ ਨੇ ਆਪਣਾ ਸਬੰਧ ਗਰਮ ਦਲ ਨਾਲ ਜੋੜਿਆ ਤੇ ਕਿਹਾ ਕਿ ‘ਸਾਡੀਆਂ ਔਕੜਾਂ ਦਾ ਉਦੋਂ ਤੱਕ ਹੱਲ ਨਹੀਂ ਹੋਵੇਗਾ, ਜਦੋਂ ਤੱਕ ਅਸੀਂ ਆਪਣੀ ਸਰਕਾਰ ਸਥਾਪਤ ਨਹੀਂ ਕਰ ਲੈਂਦੇ।’
ਅਜੀਤ ਸਿੰਘ ਨੇ ਪੰਜਾਬ ਆ ਕੇ ਸੰਨ੍ਹ 1907 ਵਿੱਚ ‘ਭਾਰਤ ਮਾਤਾ ਸੁਸਾਇਟੀ’ ਲਾਹੌਰ ਵਿੱਚ ਸਥਾਪਤ ਕੀਤੀ। ਇਸ ਦੇ ਮੈਂਬਰ ਲਾਲ ਚੰਦ ਫਲਕ, ਜੀਆ ਉਲ-ਹਕ ਅਤੇ ਕਿਸ਼ਨ ਸਿੰਘ ਆਦਿ ਸਨ। ਹੋਮ ਡਿਪਾਰਟਮੈਂਟ ਮੁਤਾਬਕ ਸੂਚੀ ਕਾਫੀ ਲੰਮੀ ਸੀ। 3 ਮਾਰਚ 1907 ਨੂੰ ਲਾਇਲਪੁਰ ਵਿੱਚ ਵਿਸ਼ਾਲ ਸਭਾ ਹੋਈ। ਝੰਗ ਸਿਆਲ ਦੇ ਸੰਪਾਦਕ ਬਾਂਕੇ ਦਿਆਲ ਨੇ ਆਪਣੀ ਕਵਿਤਾ ‘ਪੱਗੜੀ ਸੰਭਾਲ ਓ ਜੱਟਾ’ ਨਾਲ ਲੋਕਾਂ ਦੇ ਦਿਲ ਜਿੱਤ ਲਏ। ਅਜੀਤ ਸਿੰਘ ਨੇ ਪੰਜਾਬ ਦਾ ਤੁਫ਼ਾਨੀ ਦੌਰਾ ਸ਼ੁਰੂ ਕਰਕੇ ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਫ਼ਿਰੋਜ਼ਪੁਰ, ਕਸੂਰ, ਗੁਜਰਾਵਾਲਾ, ਰਾਵਲਪਿੰਡੀ ਅਤੇ ਮੁਲਤਾਨ ਵਿੱਚ ਖੁਫ਼ੀਆ ਸਭਾਵਾਂ ਕੀਤੀਆਂ ਅਤੇ ਰਾਜ-ਪ੍ਰਬੰਧ ਨੂੰ ਭੰਗ ਕਰਨ ਲਈ ਭਾਸ਼ਣ ਦਿੱਤਾ।
1907 ਵਿੱਚ 1857 ਦੇ ਵਿਦਰੋਹ ਦੀ 50ਵੀਂ ਵਰ੍ਹੇਗੰਡ ਸੀ। ਸਰਕਾਰ ਘਬਰਾਈ ਹੋਈ ਸੀ ਤੇ ਉਸ ਨੇ ਹੁਕਮ ਜਾਰੀ ਕੀਤਾ ਕਿ ਹਿੰਦੁਸਤਾਨੀ ਸਿਪਾਹੀ ਅਜੀਤ ਸਿੰਘ ਦੀਆਂ ਤਤਰੀਰਾਂ ਨਾ ਸੁਣਨ। ਇਸ ਮਨਾਹੀ ਕਾਰਨ ਹਿੰਦੁਸਤਾਨੀ ਸਿਪਾਹੀ ਤੇ ਸੈਨਿਕ ਅਜੀਤ ਸਿੰਘ ਦਾ ਭਾਸ਼ਣ ਸੁਣਨ ਲਈ ਹੋਰ ਵੀ ਉਤਾਵਲੇ ਹੋ ਗਏ। ਰਾਵਲਪਿੰਡੀ ਵਿੱਚ 2 ਅਪਰੈਲ 1907 ਨੂੰ ਸਭਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਤੇ 68 ਵਿਅਕਤੀ ਗ੍ਰਿਫ਼ਤਾਰ ਕਰ ਲਏ। ਅਜੀਤ ਸਿੰਘ ਨੇ ਇੱਕਠ ਵਿੱਚ ਭਾਸ਼ਣ ਦਿੱਤਾ ਤੇ ਰਾਜ ਪ੍ਰਬੰਧ ਭੰਗ ਕਰਨ ਲਈ ਕਿਹਾ।
ਕਮਾਂਡਰ ਨੇ ਭਾਰਤੀ ਸਿਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ, ਪਰ ਭਾਰਤੀ ਸਿਪਾਹੀਆਂ ਨੇ ਆਮ ਲੋਕਾਂ ’ਤੇ ਗੋਲੀ ਚਲਾਉਣ ਦੀ ਜਗ੍ਹਾ ਬੰਦੂਕਾਂ ਦਾ ਰੁੱਖ ਕਮਾਂਡਰ ਵੱਲ ਕਰ ਦਿੱਤਾ, ਜਿਸ ਕਾਰਨ ਕਮਾਂਡਰ ਘਬਰਾ ਗਿਆ ਤੇ ਫੌਜਾਂ ਨੂੰ ਛਾਉਣੀ ਪਰਤਣ ਦਾ ਹੁਕਮ ਦਿੱਤਾ। ਇਸ ਮੌਕੇ ਭੀੜ ਨੇ ਅੰਗ੍ਰੇਜ਼ੀ ਅਫ਼ਸਰਾਂ ਦੀ ਕੁੱਟਮਾਰ ਕੀਤੀ ਅਤੇ ਡਾਕਖਾਨੇ ਤੇ ਚਰਚ ਆਦਿ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਇਸ ਕਾਰਵਾਈ ਕਾਰਨ ਸਰਕਾਰ ਘਬਰਾ ਗਈ ਤੇ ਉਸ ਨੇ ਤਿੰਨ ਬਿੱਲ ਮਨਸੂਖ ਕਰ ਦਿੱਤੇ। ਇਨ੍ਹਾਂ ਨੂੰ ਰੱਦ ਕਰਨ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੂੰ ਸਰਕਾਰ ਨੇ 9 ਮਈ 1907 ਈ: ਨੂੰ ਗਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਲਾਹੌਰ ਵਿੱਚ ਦੰਗੇ ਸ਼ੁਰੂ ਹੋ ਗਏ ਅਤੇ 2 ਜੂਨ 1907 ਨੂੰ ਅਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਖੁਦ ਗ੍ਰਿਫ਼ਤਾਰੀ ਦੇ ਦਿੱਤੀ। ਉਨ੍ਹਾਂ ਆਪਣੀ ਗ੍ਰਿਫ਼ਤਾਰੀ ਫਸਾਦਾਂ ਨੂੰ ਰੋਕਣ ਲਈ ਦਿੱਤੀ ਸੀ। ਅਜੀਤ ਸਿੰਘ ਨੂੰ ਬਜਬਜ ਬੰਦਰਗਾਹ (ਕਲਕੱਤਾ) ਰੇਲ ਰਾਹੀਂ ਲਿਜਾਇਆ ਗਿਆ। ਇਹ ਸਪੈਸ਼ਲ ਰੇਲ ਕਿਸੇ ਵੀ ਸਟੇਸ਼ਨ ’ਤੇ ਨਾ ਰੋਕੀ ਗਈ ਤੇ ਅਜੀਤ ਸਿੰਘ ਨੂੰ ਰੰਗੂਨ ਤੋਂ ਮਾਡਲੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 11 ਨਵੰਬਰ 1907 ਨੂੰ ਅਜੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ।
ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ ਤੇ 1914 ਈ: ਤੋਂ 1932 ਤੱਕ ਅਜੀਤ ਸਿੰਘ ਨੇ ਬ੍ਰਜੀਲ ਵਿੱਚ ਮੁਕਾਮ ਕੀਤਾ। ਫਿਰ ਉਸ ਨੇ 1932-1938 ਦੌਰਾਨ ਫਰਾਂਸ, ਸਵਿਟਜ਼ਰਲੈਂਡ ਅਤੇ ਜਰਮਨੀ ਰਹਿੰਦਿਆਂ ਯੂਰਪ ਵਿੱਚ ਕੰਮ ਕਰ ਰਹੇ ਭਾਰਤੀ ਕ੍ਰਾਂਤੀਕਾਰੀਆਂ ਨਾਲ ਸਬੰਧ ਸਥਾਪਤ ਕੀਤੇ। ਦੂਜੇ ਵਿਸ਼ਵ ਯੁੱਧ (1939-45) ਦੌਰਾਨ ਉਸ ਨੇ ਇਟਲੀ ਵਿੱਚ ਰਿਹਾਇਸ਼ ਕਰ ਲਈ ਤੇ ‘ਫਰੈਂਡਜ਼ ਆਫ ਇੰਡੀਆ ਸੁਸਾਇਟੀ’ ਦੀ ਸਥਾਪਨਾ ਕੀਤੀ ਅਤੇ ਨਾਲ ਹੀ ਹਿੰਦੁਸਤਾਨ ਜੰਗੀ ਕੈਦੀਆਂ ਦੀ ਇਨਕਲਾਬੀ ਫੌਜ ਦਾ ਸੰਗਠਨ ਕੀਤਾ। ਮਸੋਲੀਨੀ ਅਤੇ ਮਹੁੰਮਦ ਇਕਬਾਲ ਸੈਦੀਆ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ 10,000 ਭਾਰਤੀ ਸਿਪਾਹੀ ਭਰਤੀ ਕੀਤੇ ਗਏ।
ਮਈ 1945 ਵਿੱਚ ਅਜੀਤ ਸਿੰਘ ਨੂੰ ਕੈਦ ਕਰ ਲਿਆ ਗਿਆ ਤੇ ਜਰਮਨੀ ਵਿੱਚ ਫੌਜੀ ਕੈਦੀਆਂ ਦੇ ਕੈਂਪ ਵਿੱਚ ਰੱਖਿਆ ਗਿਆ। ਦਸੰਬਰ 1946 ਈ: ਵਿੱਚ ਜਰਮਨੀ ’ਚੋਂ ਰਿਹਾਅ ਹੋ ਕੇ ਉਹ ਭਾਰਤ ਲਈ ਚੱਲ ਪਏ। 8 ਮਾਰਚ 1947 ਈ: ਨੂੰ ਕਰਾਚੀ ਪਹੁੰਚੇ ਅਤੇ ਉੱਥੋਂ ਦਿੱਲੀ ਪੁੱਜੇ। ਦਿੱਲੀ ਵਿੱਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਹੋਇਆ ਤੇ ਅਜੀਤ ਸਿੰਘ ਜਵਾਹਰ ਲਾਲ ਨਹਿਰੂ ਦੇ ਖਾਸ ਮਹਿਮਾਨ ਬਣੇ। ਫਿਰ ਉਹ ਪੰਜਾਬ ਪਰਤ ਆਏ। 1947 ਦਾ ਸਾਲ ਤੇ ਆਜ਼ਾਦੀ ਭਾਰਤੀ ਲੋਕਾਂ ਦੇ ਬੂਹੇ ’ਤੇ ਢੁੱਕਣ ਵਾਲੀ ਸੀ। ਦੇਸ਼ ਦੇ ਸਪੂਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੁੜਨ ਵਾਲਾ ਸੀ। 15 ਅਗਸਤ 1947 ਨੂੰ ਅਜੀਤ ਸਿੰਘ, ਡਲਹੌਜੀ ਵਿੱਚ ਆਜ਼ਾਦੀ ਦੇ ਚੜ੍ਹਦੇ ਸੂਰਜ ਨੂੰ ਦੇਖਣ ਤੋਂ ਪਹਿਲਾਂ ਹੀ ਤਾਰਿਆਂ ਦੀ ਨਿੰਮੀ ਲੋਅ ਵਿੱਚ ਸਵੇਰ ਦੇ ਸਾਢੇ ਤਿੰਨ ਵਜੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
##ਹਰਦੀਪ ਸਿੰਘ ਝੱਜ