ਭਾਰਤੀ ਨੂੰ ਲਾਹੌਰ ਹਵਾਈ ਅੱਡੇ ਤੇ ਡਾਕਟਰੀ ਮਦਦ ਤੋਂ ਇਨਕਾਰ

0
490

ਜਲੰਧਰ: ਗੁਆਂਢੀ ਮੁਲਕ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਨੂੰ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਦੀ ਤਲਖੀ ਖਤਮ ਕਰਨ ਲਈ ਕਈ ਵੱਡੇ ਕਦਮ ਚੁੱਕਣੇ ਪੈਣਗੇ। ਫਿਲਹਾਲ ਰਿਸ਼ਤਿਆਂ ਦੀ ਤਲਖੀ ਦਾ ਆਲਮ ਇਹ ਹੈ ਕਿ ਮੈਡੀਕਲ ਐਮਰਜੈਂਸੀ ਲਈ ਇਸਤਾਂਬੁਲ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਲਾਹੌਰ ਵਿੱਚ ਉਤਰਨ ਤਾਂ ਦਿੱਤਾ ਗਿਆ ਪਰ ਹਿੰਦੁਸਤਾਨੀ ਮਰੀਜ਼ ਦਾ ਪਾਕਿਸਤਾਨੀ ਡਾਕਟਰਾਂ ਨੇ ਇਲਾਜ ਨਾ ਕੀਤਾ।
ਜਹਾਜ਼ ਤਿੰਨ ਘੰਟੇ ਲਾਹੌਰ ਹਵਾਈ ਅੱਡੇ ‘ਤੇ ਖੜ੍ਹਾ ਰਿਹਾ। ਇਸ ਤੋਂ ਬਾਅਦ ਦੱਸਿਆ ਗਿਆ ਕਿ ਰਾਜਨੀਤਕ ਕਾਰਨਾਂ ਕਰਕੇ ਇਲਾਜ ਨਹੀਂ ਹੋ ਸਕਦਾ। ਬੀਮਾਰ ਨੌਜਵਾਨ ਨੂੰ ਦਿੱਲੀ ਲਿਆ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਹ ਘਟਨਾ 12 ਅਗਸਤ ਦੀ ਹੈ। ਵਿਪਨ ਕੁਮਾਰ ਨਾਲ ਜਹਾਜ਼ ਵਿੱਚ ਸਵਾਰ ਜਲੰਧਰ ਦੇ ਪੰਕਜ ਮਹਿਤਾ ਹੁਣ ਸਾਰੀ ਗੱਲ ਦੱਸੀ ਹੈ।

ਦਰਅਸਲ 10 ਅਗਸਤ ਨੂੰ ਨਵੀਂ ਦਿੱਲੀ ਤੋਂ ਬਿਜ਼ਨੈੱਸ ਟੂਰ ਇਸਤਾਂਬੁਲ ਲਈ ਰਵਾਨਾ ਹੋਇਆ ਸੀ। ਟਰਕਿਸ਼ ਏਅਰਲਾਈਨ ਵਿੱਚ 12 ਅਗਸਤ ਨੂੰ ਵਾਪਸੀ ਹੋ ਰਹੀ ਸੀ। ਰਸਤੇ ਵਿੱਚ ਗੁੜਗਾਂਵਾ ਦੇ ਰਹਿਣ ਵਾਲੇ ਵਿਪਨ ਕੁਮਾਰ ਦੀ ਤਬੀਅਤ ਵਿਗੜ ਗਈ। ਇਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ਤੋਂ ਪਹਿਲਾਂ ਲਾਹੌਰ ਉਤਾਰਿਆ ਗਿਆ।

ਜਹਾਜ਼ ਵਿੱਚ ਤਿੰਨ ਡਾਕਟਰ ਆਏ ਪਰ ਉਨ੍ਹਾਂ ਨੇ ਬੀਪੀ ਚੈੱਕ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਇੱਕ ਹੋਰ ਡਾਕਟਰ ਆਇਆ ਪਰ ਉਸ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਜਹਾਜ਼ ਦੇ ਪਾਇਲਟ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ ਰਾਜਨੀਤਕ ਕਾਰਨਾਂ ਕਰਕੇ ਮਰੀਜ਼ ਦਾ ਇਲਾਜ ਇੱਥੇ ਨਹੀਂ ਹੋ ਸਕਦਾ। ਅਸੀਂ ਦਿੱਲੀ ਲਈ ਉਡਾਣ ਭਰ ਰਹੇ ਹਾਂ।