ਚੰਡੀਗੜ੍ਹ: ਪੰਜਾਬ ਪੁਲਿਸ ਦੇ ਏਆਈਜੀ ਪਰਮਦੀਪ ਸਿੰਘ ਸੰਧੂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 50 ਹਜ਼ਾਰ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਤਿੰਨ ਸਾਲ ਦੀ ਸਜ਼ਾ ਤੇ ਇੱਕ ਲੱਖ ਜੁਰਮਾਨਾ ਸੁਣਾਈ ਹੈ।
ਏਆਈਜੀ ਸੰਧੂ ਨੂੰ 31 ਜੁਲਾਈ, 2011 ਨੂੰ ਚੰਡੀਗੜ੍ਹ ਦੇ ਸੈਕਟਰ 28 ਵਿੱਚ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਦੇ ਹਫਤੇ ਬਾਅਦ ਸੰਧੂ ਨੂੰ ਪੰਜਾਬ ਪੁਲਿਸ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ। ਸੰਧੂ ‘ਤੇ ਇਲਜ਼ਾਮ ਸੀ ਕਿ ਉਸ ਨੇ ਨਿਸ਼ਾਂਤ ਸ਼ਰਮਾ ਜੋ ਕਿ ਸ਼ਿਕਾਇਤਕਰਤਾ ਹੈ, ਦੀ ਇਨਕੁਆਇਰੀ ਵਿੱਚ ਮਦਦ ਕਰਨ ਲਈ 50 ਹਜ਼ਾਰ ਦੀ ਰਿਸ਼ਵਤ ਮੰਗੀ ਸੀ।
ਸੱਤ ਸਾਲ ਸੀਬੀਆਈ ਦੀ ਅਦਾਲਤ ਵਿੱਚ ਕੇਸ ਚੱਲਣ ਤੋਂ ਬਾਅਦ ਆਈਜੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਹਾਲਾਂਕਿ ਆਪਣੇ ਬਚਾਅ ਕਰਦੇ ਹੋਏ ਏਆਈਜੀ ਸੰਧੂ ਨੇ ਅਪੀਲ ਕੀਤੀ ਸੀ ਕਿ ਪੈਸੇ ਉਧਾਰ ਦੇ ਸਨ। ਇਲਜ਼ਾਮਾਂ ਮੁਤਾਬਕ ਸੰਧੂ ਨੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਗੱਲ 50 ਹਜ਼ਾਰ ‘ਤੇ ਜਾ ਕੇ ਟਿੱਕੀ ਸੀ।































