ਬਠਿੰਡਾ: ਆਮ ਆਦਮੀ ਪਾਰਟੀ ਤੋਂ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਹਮਾਇਤੀਆਂ ਨੇ ਅੱਜ ਬਠਿੰਡਾ ਵਿੱਚ ਕਨਵੈਨਸ਼ਨ ਰੱਖੀ ਹੈ। ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਖਹਿਰਾ ਨੂੰ ਜਿੱਥੇ ਆਪਣੀ ਪਾਰਟੀ ਦੇ ਕਈ ਵਿਧਾਇਕਾਂ ਵੱਲੋਂ ਮਿਲਣ ਵਾਲਾ ‘ਜ਼ੋਰਦਾਰ’ ਹੁੰਗਾਰਾ ਹੁਣ ਮੱਠਾ ਪੈਣ ਦੇ ਆਸਾਰ ਹਨ, ਉੱਥੇ ਹੀ ਖਹਿਰਾ ਥੜੇ ਨੂੰ ਮੁਤਵਾਜੀ ਜਥੇਦਾਰਾਂ ਦਾ ਥਾਪੜਾ ਮਿਲ ਗਿਆ ਹੈ।
ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਖਹਿਰਾ ਦੀ ਹਮਾਇਤ ਵਿੱਚ ਕਿਹਾ ਕਿ ਬਠਿੰਡਾ ਰੈਲੀ ਪੰਜਾਬ ਦੇ ਹਿਤਾਂ ਲਈ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਮੰਤਵ ‘ਰਿਮੋਟ ਕੰਟ੍ਰੋਲ’ ਵਾਲੀ ਸਿਆਸਤ ਵਿਰੁੱਧ ਹੈ, ਇਸ ਲਈ ਸਾਰੇ ਪੰਜਾਬੀਆਂ ਨੂੰ ਲੋਕ ਹਿਤਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਉਨ੍ਹਾਂ ਖਹਿਰਾ ਵੱਲੋਂ ਬਰਗਾੜੀ ਮੋਰਚੇ ਦਾ ਸਮਰਥਨ ਕੀਤੇ ਜਾਣ ਦਾ ਧੰਨਵਾਦ ਵੀ ਕੀਤਾ ਜਦਕਿ ਪਾਰਟੀ ਹਾਈਕਮਾਨ ਨੇ ਖਹਿਰਾ ਨੂੰ ਵਰਜਿਆ ਸੀ।