ਡਾਲਰ ਸਾਹਮਣੇ ਰੁਪਈਆ ਢੇਰ, 19 ਮਹੀਨਿਆਂ ਦੇ ਹੇਠਲੇ ਪੱਧਰ ’ਤੇ

0
402

ਨਵੀਂ ਦਿੱਲੀ: ਡਾਲਰ ਦੇ ਮੁਕਾਬਲੇ ਰੁਪਈਆ ਰਿਕਾਰਡ 19 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਰੁਪਈਏ ’ਚ 30 ਪੈਸਿਆਂ ਦੀ ਕਮੀ ਵੇਖੀ ਗਈ। ਇਸੇ ਨਾਲ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ 68.54 ਰੁਪਏ ਹੋ ਗਈ। ਇਹ 29 ਨਵੰਬਰ, 2016 ਦੇ ਬਾਅਦ ਦੀ ਸਭ ਤੋਂ ਵੱਡੀ ਗਿਰਾਵਟ ਹੈ। ਆਰਥਿਕ ਜਾਣਕਾਰਾਂ ਮੁਤਾਬਕ ਡਾਲਰ ਦੀ ਵਧ ਰਹੀ ਮੰਗ ਕਰਕੇ ਰੁਪਈਆ ਫਿਸਲਿਆ ਹੈ।

ਮੰਗਲਵਾਰ ਨੂੰ ਰੁਪਈਆ ਡਾਲਰ ਦੇ ਮੁਕਾਬਲੇ 11 ਪੈਸੇ ਕਮਜ਼ੋਰ ਹੋ ਕੇ 68.24 ਦੇ ਪੱਧਰ ‘ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਰੁਪਈਆ ਡਿੱਗ ਕੇ 68.13 ਰੁਪਏ ਪ੍ਰਤੀ ਡਾਲਰ ’ਤੇ ਬਮਦ ਹੋਇਆ। ਕਾਰੋਬਾਰੀ ਮਾਹਿਰਾਂ ਨੇ ਕਿਹਾ ਕਿ ਹੋਰ ਪ੍ਰਮੁੱਖ ਵਿਦੇਸ਼ੀ ਮੁਦਰਾਵਾਂ ਦੇ ਮੁਕਾਬਲੇ ਡਾਲਰ ਵਿੱਚ ਮਜ਼ਬੂਤੀ ਨਾਲ ਰੁਪਈਏ ’ਤੇ ਦਬਾਅ ਰਹੇਗਾ।

ਕਿਵੇਂ ਪਏਗਾ ਜੇਬ੍ਹ ’ਤੇ ਅਸਰ : ਰੁਪਈਏ ਦੀ ਗਿਰਾਵਟ ਨਾਲ ਮਹਿੰਗਾਈ ਦਾ ਵਧਣਾ ਤੈਅ ਮੰਨਿਆ ਜਾਂਦਾ ਹੈ। ਜੇ ਰੁਪਈਆ ਕਮਜ਼ੋਰ ਹੁੰਦਾ ਹੈ ਤਾਂ ਇਸ ਨਾਲ ਬਰਾਮਦ ’ਤੇ ਖ਼ਰਚ ਵਧ ਜਾਂਦਾ ਹੈ ਕਿਉਂਕਿ ਬਰਾਮਦ ਕੀਤਾ ਜਾਣ ਵਾਲਾ ਸਾਮਾਨ ਡਾਲਰ ਦੇ ਮੁੱਲ ’ਤੇ ਖਰੀਦਿਆ ਜਾਂਦਾ ਹੈ। ਖ਼ਾਸ ਤੌਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਏਗਾ। ਰੁਪਈਏ ਦੇ ਕਮਜ਼ੋਰ ਹੋਣ ਨਾਲ ਕਾਰਾਂ, ਕੰਪਿਊਟਰ ਤੇ ਸਮਾਰਟਫੋਨ ਵਰਗੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਹਨ।

ਵਿਦੇਸ਼ੀ ਪੜ੍ਹਾਕੂਆਂ ’ਤੇ ਪਏਗਾ ਬੋਝ :  ਰੁਪਈਏ ਦੀ ਗਿਰਾਵਟ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਜੇਬ੍ਹ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਡਾਲਰ ਮਹਿੰਗਾ ਹੋਣ ਤੇ ਰੁਪਈਏ ਦੇ ਡਿੱਗਣ ਕਰਕੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਵੀ ਗਿਰਾਵਟ ਆਏਗੀ ਕਿਉਂਕਿ ਵਿਦੇਸ਼ੀ ਨਿਵੇਸ਼ਕ ਭਾਰਤ ਤੋਂ ਪੈਸਾ ਕੱਢ ਕੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਲਾ ਦਿੰਦੇ ਹਨ ਜਿੱਥੋਂ ਉਨ੍ਹਾਂ ਨੂੰ ਡਾਲਰ ਤੋਂ ਵੱਧ ਕਮਾਈ ਹੁੰਦੀ ਹੈ।