ਐਮ ਏ ਦੇ ਵਿਦਿਆਰਥੀ ਨੇ ਨਸ਼ੇ ਲਈ ਕੀਤੇ ਦੋ ਕਤਲ

0
237

ਪਟਿਆਲਾ: ਪੈਟਰੋਲ ਪੰਪ ਦੋਹਰੇ ਕਤਲ ਕਾਂਡ ਵਿੱਚ ਪੁਲਿਸ ਨੇ ਦੋ ਮੁਲਜ਼ਮ ਫੜੇ ਹਨ ਪਰ ਇਨ੍ਹਾਂ ਵਿੱਚੋਂ ਇੱਕ ਕੋਈ ਆਮ ਅਪਰਾਧੀ ਨਹੀਂ ਬਲਕਿ ਐਮ ਏ ਫਿਲਾਸਫ਼ੀ ਦਾ ਵਿਦਿਆਰਥੀ ਹੈ ਤੇ ਉਸ ਨੇ ਨਸ਼ੇ ਦੀ ਲਤ ਕਾਰਨ ਇਸ ਘਿਨੌਣੇ ਕੰਮ ਨੂੰ ਅੰਜਾਮ ਦਿੱਤਾ ਸੀ। ਪੁਲਿਸ ਮੁਤਾਬਕ ਆਪਣੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਇਸ ਐਮਏ ਦੇ ਵਿਦਿਆਥੀ ਨੂੰ ਲੁੱਟ-ਖੋਹ ਕਰਨ ਦੀ ਆਦਤ ਪੈ ਗਏ ਸੀ। ਉਸ ਦੀ ਇਸੇ ਆਦਤ ਨੇ ਉਸ ਨੂੰ ਲੰਘੀ 17-18 ਜੂਨ ਦਰਮਿਆਨ ਦੀ ਰਾਤ ਪਟਿਆਲਾ-ਰਾਜਪੁਰਾ ਕੌਮੀ ਸ਼ਾਹਰਾਹ ‘ਤੇ ਪੰਪ ਲੁੱਟਣ ਲਈ ਪਹੁੰਚਾ ਦਿੱਤਾ।
ਪਟਿਆਲਾ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਮੁਲਜ਼ਮਾਂ ਨੂੰ ਮੀਡੀਆ ਦੇ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਸੰਗਰੂਰ ਦਾ ਰਹਿਣ ਵਾਲਾ 25 ਸਾਲਾ ਸਿਕੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ MA ਫਿਲਾਸਫੀ ਦਾ ਵਿਦਿਆਰਥੀ ਹੈ। ਉਸ ਦਾ ਦੂਜਾ ਸਾਥੀ ਪਟਿਆਲਾ ਦੇ ਪਿੰਡ ਸੈਫ਼ਦੀਪੂਰ ਦਾ ਰਹਿਣ ਵਾਲਾ ਮੱਖਣ ਸਿੰਘ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਜਣੇ 17-18 ਦੀ ਰਾਤ ਨੂੰ ਆਪਣੇ ਨਸ਼ੇ ਦੀ ਥੁੜ ਨੂੰ ਪੂਰਾ ਕਰਨ ਲਈ ਪੰਪ ਲੁੱਟਣ ਪਹੁੰਚੇ ਸਨ।
ਪੁਲਿਸ ਨੇ ਦੱਸਿਆ ਕਿ ਪੰਪ ‘ਤੇ ਪਹੁੰਚ ਕੇ ਇਨ੍ਹਾਂ ਤਿੰਨ ਮੁਲਜ਼ਮਾਂ ਨੇ ਲੁੱਟ ਦੌਰਾਨ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਪੁਲਿਸ ਨੇ ਸੀ ਸੀ ਟੀ ਵੀ ਖੰਘਾਲਣ ਮਗਰੋਂ ਗੁਪਤ ਸੂਤਰਾਂ ਦੇ ਸਹਾਰੇ ਇਨ੍ਹਾਂ ਨੂੰ ਦਬੋਚ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਤੋਂ ਵਾਰਦਾਤ ਵਿੱਚ ਵਰਤਿਆ ਬੁਲੇਟ ਮੋਟਰਸਾਈਕਲ ਤੇ ਇੱਕ 32 ਬੋਰ ਪਿਸਤੌਲ ਤੇ ਇੱਕ 315 ਬੋਰ ਦਾ ਦੇਸੀ ਰਿਵਾਲਵਰ (ਕੱਟਾ) ਤੇ 300 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਬਰਾਮਦ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦਾ ਇੱਕ ਹੋਰ ਸਾਥੀ ਲਖਨਦੀਪ ਸਿੰਘ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਪਿੰਡ ਢੱਠੇਕੇ ਪੱਤੀ ਦੇ ਇੱਕ ਹੋਰ ਕੇਸ ਵਿੱਚ ਭਗੌੜਾ ਹੈ। ਉਨ੍ਹਾਂ ਦੱਸਿਆ ਕਿ ਇਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨੇੜੇ ਤੇ ਹੋਸਟਲਾਂ ਵਿੱਚ ਲੁਕ ਕੇ ਰਹਿੰਦਾ ਸੀ। ਪੁਲਿਸ ਮੁਤਾਬਕ ਸਿਕੰਦਰ ਸਿੰਘ ‘ਤੇ ਪਹਿਲਾਂ ਵੀ ਲੁੱਟ ਖੋਹ ਦੇ ਮਾਮਲੇ ਦਰਜ ਹਨ। ਪੁਲਿਸ ਹੁਣ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਇਨ੍ਹਾਂ ਦੇ ਕਿਸੇ ਗੈਂਗਸਟਰ ਆਦਿ ਸਬੰਧ ਹੋਣ ਬਾਰੇ ਪੜਤਾਲ ਕਰੇਗੀ।