ਨਵੀਂ ਦਿੱਲੀ: 2019 ਵਿੱਚ ਬੀਜੇਪੀ ਨੂੰ ਪਛਾੜਨ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀਆਂ ਹੋ ਰਹੀਆਂ ਜਾਪਦੀਆਂ ਹਨ। ਦੋਵਾਂ ਪਾਰਟੀਆਂ ਵਿੱਚ ਤਿੰਨ ਸੂਬਿਆਂ ਦੇ ਗਠਜੋੜ ਦੀ ਗੱਲਬਾਤ ਚੱਲ ਰਹੀ ਹੈ। ਦਿੱਲੀ ’ਚ ਸ਼ੀਲਾ ਦੀਕਸ਼ਿਤ ਦੀ 15 ਸਾਲਾਂ ਦੀ ਸਰਕਾਰ ਨੂੰ ਉਖਾੜਨ ਤੇ ਕਾਂਗਰਸ ਖ਼ਿਲਾਫ਼ ਅੰਦੋਲਨ ਕਰਨ ਵਾਲੇ ਕੇਜਰੀਵਾਲ ਹੁਣ ਖ਼ੁਦ ਕਾਂਗਰਸ ਨਾਲ ਹੱਥ ਮਿਲਾਉਣ ਦੀ ਫਿਰਾਕ ’ਚ ਹਨ। ਸੂਤਰਾਂ ਮੁਤਾਬਕ ਦਿੱਲੀ, ਪੰਜਾਬ ਤੇ ਹਰਿਆਣਾ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਗਠਜੋੜ ਹੋ ਸਕਦਾ ਹੈ।
ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿੱਚੋਂ ਚਾਰ ਸੀਟਾਂ ’ਤੇ ਆਮ ਆਦਮੀ ਪਾਰਟੀ ਜਦਕਿ ਤਿੰਨ ਸੀਟਾਂ ਤੋਂ ਕਾਂਗਰਸ ਚੋਣਾਂ ਲੜ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਦੀਆਂ 13 ਵਿੱਚੋਂ ‘ਆਪ’ ਨੂੰ 4 ਤੇ ਕਾਂਗਰਸ ਨੂੰ 9 ਸੀਟਾਂ ਮਿਲਣਗੀਆਂ। ਹਰਿਆਣਾ ਵਿੱਚ ਆਪ ਨੂੰ ਇੱਕ ਮਿਲੇਗੀ ਤੇ 9 ਸੀਟਾਂ ਤੋਂ ਕਾਂਗਰਸ ਚੋਣਾਂ ਦੇ ਮੈਦਾਨ ਵਿੱਚ ਨਿੱਤਰੇਗੀ। ਇਸ ਹਿਸਾਬ ਨਾਲ ਕੁੱਲ 30 ਸੀਟਾਂ ’ਤੇ ‘ਆਪ’ ਨੂੰ 9 ਜਦਕਿ ਕਾਂਗਰਸ ਨੂੰ 21 ਸੀਟਾਂ ਮਿਲਣਗੀਆਂ।
ਜੇ ‘ਆਪ’ ਤੇ ਕਾਂਗਰਸ ਵਿਚਾਲੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਹੋ ਗਿਆ ਤਾਂ ਦਿੱਲੀ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਸਾਲ 2014 ਲੋਕ ਸਭਾ ਚੋਣਾਂ ਦੇ ਨਤੀਜੇ ਵੇਖੇ ਜਾਣ ਤਾਂ ਮੋਦੀ ਲਹਿਰ ਵਿੱਚ ਵੀ ਕਾਂਗਰਸ ਤੇ ਆਪ ਨੂੰ ਦਿੱਲੀ ਦੀਆਂ 7 ਚੋਂ 6 ਸੀਟਾਂ ’ਤੇ ਬੀਜੇਪੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਸੀ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੀਆਂ ਸਾਰੀਆਂ 7 ਸੀਟਾਂ ’ਤੇ ਬੀਜੇਪੀ ਨੇ ਜਿੱਤ ਦਰਜ ਕੀਤੀ ਸੀ।