ਨਾਰਾਜ਼ ਵਿਧਾਇਕ ਰਾਹੁਲ ਗਾਂਧੀ ਦੇ ਦਰਬਾਰ ਪੁੱਜੇ

0
412

ਦਿੱਲੀ – ਪੰਜਾਬ ਸਰਕਾਰ ‘ਚ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਕਾਂਗਰਸ ਅੰਦਰ ਜੋ ਜੰਗ ਸ਼ੁਰੂ ਹੋਈ ਹੈ, ਉਹ ਰੁਕਣ ਦਾ ਨਾਂ ਨਹੀਂ ਲੈ ਰਹੀ। ਵਿਧਾਇਕਾਂ ‘ਚ ਰੋਸ ਘਟਣ ਦੀ ਬਜਾਏ ਵਧ ਰਿਹਾ ਹੈ ਤੇ ਨਾਰਾਜ਼ ਵਿਧਾਇਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਇਹ ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਪੰਜਾਬ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਦੇ ਵਿਧਾਇਕਾਂ ‘ਚ ਕੋਈ ਵੀ ਨਰਾਜ਼ਗੀ ਨਹੀਂ ਹੈ ਤੇ ਸਾਰੇ ਇਕਜੁੱਟ ਹਨ, ਪਰ ਇਸ ਵਿਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ। ਪੰਜਾਬ ਕਾਂਗਰਸ ਦੇ ਇੰਚਾਰਜਾਂ ਵੱਲੋਂ ਰੁੱਸੇ ਹੋਏ ਵਿਧਾਇਕਾਂ ਨੂੰ ਮਨਾਉਣ ਤੇ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਉਕਤ ਵਿਧਾਇਕ ਅਜੇ ਤੱਕ ਇਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਨ। ਅਖ਼ਬਾਰਾਂ ਵਿਚ ਪੰਜਾਬ ਹਾਈ ਕਮਾਂਡ ਦੇ ਲੀਡਰਾਂ ਵੱਲੋਂ ਵਿਧਾਇਕਾਂ ਨੂੰ ਕੋਈ ਨਰਾਜ਼ਗੀ ਨਾ ਹੋਣ ਦੇ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਵੀ ਸਿਰਫ ਪੋਚਾ-ਪਾਚੀ ਤੱਕ ਹੀ ਸੀਮਤ ਹਨ। ਬੀ. ਸੀ. ਤੇ ਐੱਸ. ਸੀ. ਦੇ ਨਾਲ-ਨਾਲ ਜਨਰਲ ਸ਼੍ਰੇਣੀਆਂ ਦੇ ਵਿਧਾਇਕ ਵੀ ਪਾਰਟੀ ਤੋਂ ਡਾਹਢੇ ਖਫ਼ਾ ਹਨ ਤੇ ਸੀਨੀਅਰ ਵਿਧਾਇਕਾਂ ਨੂੰ ਨਜ਼ਰ-ਅੰਦਾਜ਼ ਕਰਕੇ ਜੂਨੀਅਰਾਂ ਨੂੰ ਮੰਤਰੀ ਬਣਾਏ ਜਾਣ ਨਾਲ ਇਨ੍ਹਾਂ ਦੀ ਨਰਾਜ਼ਗੀ ਕਾਂਗਰਸ ਲਈ ਸਿਰਦਰਦੀ ਬਣ ਚੁੱਕੀ ਹੈ। ਸੀਨੀਅਰ ਵਿਧਾਇਕ ਪਾਰਟੀ ਅੰਦਰ ਆਪਣੀ ਤੌਹੀਨ ਸਮਝਦੇ ਹਨ ਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਹੱਥੋਂ ਇਕ ਸੁਨਹਿਰੀ ਮੌਕਾ ਖੁੰਝ ਗਿਆ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਾਰਾ ਮਾਮਲਾ ਰਾਹੁਲ ਗਾਂਧੀ ਦੇ ਦਰਬਾਰ ‘ਚ ਪੁੱਜ ਚੁੱਕਾ ਹੈ ਤੇ 15 ਦੇ ਕਰੀਬ ਐੱਸ. ਸੀ., ਬੀ. ਸੀ. ਵਿਧਾਇਕ ਦਿੱਲੀ ਡੇਰੇ ਲਾ ਕੇ ਬੈਠੇ ਰਹੇ। ਕੁੱਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸ਼ੋਕ ਗਹਿਲੋਤ ਤੇ ਮਲਿਕ ਅਰਜਨ ਖੜਗੇ ‘ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾਈ ਗਈ, ਜਿਨ੍ਹਾਂ ਨੂੰ ਇਨ੍ਹਾਂ ਵਿਚੋਂ ਕੁੱਝ ਵਿਧਾਇਕਾਂ ਦਾ ਵਫ਼ਦ ਦਿੱਲੀ ਵਿਖੇ ਮਿਲਿਆ ਤੇ ਪੰਜਾਬ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਹੈ।