ਨਵਜੋਤ ਸਿੱਧੂ ਨੇ ਕੈਪਟਨ ‘ਤੇ ਛੱਡੀਆਂ ਡੋਰਾਂ

0
411

ਚੰਡੀਗੜ੍ਹ: ਭੂ-ਮਾਫ਼ੀਆ ਨੂੰ ਕਾਬੂ ਕਰਨ ਲਈ ਬਣਾਈ ਕੈਬਨਿਟ ਕਮੇਟੀ ਦੀ ਬੈਠਕ ਤੋਂ ਬਾਅਦ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਏਬੀਪੀ ਸਾਂਝਾ ਨੂੰ ਦੱਸਿਆ, “ਮੈਂ ਲੈਂਡ ਮਾਫ਼ੀਆ ਦਾ ਘੋੜਾ ਛੱਪੜ ਤੱਕ ਲੈ ਜਾਵਾਂਗੇ, ਪਾਣੀ ਪਿਲਾਉਣਾ ਜਾਂ ਨਾ ਪਿਲਾਉਣਾ ਕੈਪਟਨ ਦੀ ਮਰਜ਼ੀ ਹੈ। ਮੈਂ ਹਰ ਕਮੇਟੀ ਦੀ ਗੱਲ ਸਿਰੇ ਲਾਵਾਂਗਾ, ਬਾਕੀ ਕੈਪਟਨ ਦੀ ਮਰਜ਼ੀ ਹੈ।”

ਕਮੇਟੀ ਮੈਂਬਰ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਦੁਪਹਿਰ ਪੰਜਾਬ ਭਵਨ ਬੈਠਕ ਕੀਤੀ ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਲੈਂਡ ਮਾਫ਼ੀਆ ਤੇ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਮੰਗੀ ਹੈ ਤੇ ਅਗਲੀ ਮੀਟਿੰਗ ਵਿੱਚ ਲੈਂਡ ਮਾਫ਼ੀਆ ‘ਤੇ ਕੰਮ ਕਰਨ ਵਾਲੇ ਡੀਜੀਪੀ ਚੰਦਰ ਸ਼ੇਖਰ ਤੇ ਹਾਈਕੋਰਟ ਦੇ ਸਾਬਕਾ ਜੱਜ ਸਾਰੋਂ ਨੂੰ ਵੀ ਬੁਲਾਇਆ ਗਿਆ ਹੈ। ਸਿੱਧੂ ਮੁਤਾਬਕ ਭੂ ਮਾਫ਼ੀਆ ਦੇ ਹੱਲ ਲਈ ਉਨ੍ਹਾਂ ਸਭਨਾਂ ਦੀ ਸਲਾਹ ਲਈ ਜਾਵੇਗੀ।

ਮੰਤਰੀ ਨੇ ਖੁਲਾਸਾ ਕੀਤਾ ਕਿ ਤਕਰੀਬਨ ਹਰ ਵਿਭਾਗ ਦੀ ਸਰਕਾਰੀ ਜ਼ਮੀਨਾਂ ‘ਤੇ ਗ਼ੈਰ ਕਾਨੂੰਨੀ ਕਬਜ਼ੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਰ ਗੈਰ ਕਾਨੂੰਨੀ ਕਬਜ਼ਾ ਛੜਵਾਉਣ ਲਈ ਅਸੀਂ ਕੰਮ ਕਰ ਰਹੇ ਹਾਂ।

ਸੁਪਰੀਮ ਕੋਰਟ ਦੇ ਕੇਸ ਬਾਰੇ ਸਿੱਧੂ ਕੁਝ ਵੀ ਬੋਲਣ ਤੋਂ ਟਾਲ਼ਾ ਵੱਟ ਗਏ। ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ ਤੇ ਮੈਂ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ, ਇਸ ਲਈ ਇਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗਾ।