ਖ਼ੁਦ ਨਾਲ ਇਕਸੁਰ ਹੋਣਾ ਹੀ ਖ਼ੁਸ਼ੀ

0
719

ਖ਼ੁਸ਼ੀ ਦੀ ਭਾਲ ਵਿੱਚ ਇਨਸਾਨ ਹਰ ਥਾਂ ਭਟਕਦਾ ਹੈ, ਪਰ ਇਹ ਮਿਲਦੀ ਓਦੋਂ ਹੈ ਜਦ ਇਨਸਾਨ ਦੀ ਭਟਕਣ ਖ਼ਤਮ ਹੋ ਜਾਵੇ ਤੇ ਉਹ ਆਪਣੇ ਆਪ ਨਾਲ ਇਕਸੁਰ ਹੋਵੇ। ਉਸ ਨੂੰ ਪੰਛੀਆਂ ਦੀ ਉੱਡੀ ਜਾਂਦੀ ਡਾਰ ਵਿੱਚੋਂ ਵੀ ਖ਼ੁਸ਼ੀ ਲੱਭੇ ਤੇ ਇੱਕ ਰੁੱਖ ’ਤੇ ਬੈਠੇ ਪੰਛੀ ਦੇ ਅਲਾਪ ਵਿੱਚ ਵੀ ਖ਼ੁਸ਼ੀ ਦਾ ਅਹਿਸਾਸ ਹੋਵੇ। ਵਗਦੇ ਪਾਣੀ ਦੀ ਕਲਕਲ ਵਿੱਚ ਖ਼ੁਸ਼ੀ ਦਾ ਅਹਿਸਾਸ ਹੋਵੇ ਤੇ ਮਿੱਠੀ ਤੇ ਸਵੱਛ ਰੁਮਕਦੀ ਹਵਾ ਦਾ ਇੱਕ ਬੁੱਲਾ ਵੀ ਖ਼ੁਸ਼ੀ ਦੀ ਵੱਡੀ ਸੌਗਾਤ ਜਾਪੇ। ਸਵੇਰ ਦੀ ਸੈਰ ’ਤੇ ਨਿਕਲਿਆ ਇਨਸਾਨ, ਹਰ ਚੀਜ਼ ਵਿੱਚ ਖ਼ੁਸ਼ੀ ਵੇਖਦਾ ਹੈ। ਉਸ ਨੂੰ ਉੱਡੇ ਜਾਂਦੇ ਪੰਛੀਆਂ ਦੀ ਇੱਕ ਝਾਤ ਵੀ ਖ਼ੁਸ਼ੀ ਦੇ ਸਕਦੀ ਹੈ ਤੇ ਸੈਰ ਕਰਨ ਵੇਲੇ ਆਲੇ-ਦੁਆਲੇ ਦੀ ਸੁੰਦਰਤਾ ਇੱਕ ਖ਼ੁਸ਼ੀ ਭਰਿਆ ਅਨੁਭਵ ਜਾਪਦਾ ਹੈ।
ਜਦੋਂ ਇਨਸਾਨ ਆਪਣੇ ਅੰਦਰਲੇ ਸ਼ੋਰ ਨੂੰ ਖ਼ਤਮ ਕਰ ਲਵੇ ਤਾਂ ਉਹ ਖ਼ੁਸ਼ ਹੁੰਦਾ ਹੈ। ਕਈ ਵਾਰ ਇਕੱਲਤਾ ਵਿੱਚੋਂ ਵੀ ਖ਼ੁਸ਼ੀ ਲੱਭਦੀ ਹੈ। ਜਦੋਂ ਇਨਸਾਨ ਇਕੱਲਤਾ ਵਿੱਚ ਖੁੱਭ ਕੇ, ਆਪਣੇ-ਆਪ ਨਾਲ ਗੱਲਾਂ ਕਰਦਾ ਹੈ, ਉਸ ਨੂੰ ਆਪਣੇ ਅੰਦਰਲੇ ਮਨ ਨੂੰ ਫਰੋਲ ਕੇ ਖ਼ੁਸ਼ੀ ਮਿਲਦੀ ਹੈ ਤੇ ਆਪਣੇ ਚੰਗੇ ਕੀਤੇ ਕੰਮਾਂ ਦੀ ਤਫ਼ਸੀਲ ਵੀ ਖ਼ੁਸ਼ੀ ਦਾ ਸਰੋਤ ਬਣਦੀ ਹੈ। ਖ਼ੁਸ਼ੀ ਦਾ ਅਸਲ ਸਰੋਤ ਤੁਹਾਡਾ ਅੰਦਰਲਾ ਮਨ ਹੈ। ਜੇਕਰ ਤੁਸੀਂ ਆਪਣੇ ਮਨ ਨੂੰ ਕਾਬੂ ਕਰ ਲਿਆ ਤਾਂ ਤੁਸੀਂ ਸਹਿਜੇ ਹੀ ਖ਼ੁਸ਼ੀ ਦੇ ਦੁਆਰ ’ਤੇ ਪਹੁੰਚ ਸਕਦੇ ਹੋ। ਅੰਦਰਲੀ ਸ਼ਾਂਤ ਅਡੋਲ ਅਵਸਥਾ ਇਨਸਾਨ ਨੂੰ ਖ਼ੁਸ਼ੀ ਦੇ ਸਕਦੀ ਹੈ ਤੇ ਕਈ ਵਾਰ ਤੁਸੀਂ ਆਪਣੇ ਘਰ ਦੀ ਬਾਹਰਲੀ ਬਾਲਕੋਨੀ ਵਿੱਚੋਂ ਅਸਮਾਨ ’ਚ ਉੱਡਦੇ ਪੰਛੀ ਦੀ ਇੱਕ ਝਾਤ ਪਾ ਕੇ ਵੀ ਖ਼ੁਸ਼ੀ ਦੇ ਦਰਸ਼ਨ ਕਰ ਸਕਦੇ ਹੋ ਤੇ ਕਈ ਵਾਰ ਨਿੱਕੇ-ਨਿੱਕੇ ਕੰਮ ਕਰਨ ਵਿੱਚੋਂ ਵੀ ਖ਼ੁਸ਼ੀ ਮਿਲਦੀ ਹੈ।
ਜਿਵੇਂ ਘਰ ਦੀ ਬਗੀਚੀ ਵਿੱਚ ਕੁਝ ਬੂਟੇ ਉਗਾ ਕੇ ਤੁਸੀਂ ਇਨ੍ਹਾਂ ਬੂਟਿਆਂ ਦੀ ਦੇਖ-ਭਾਲ ਕਰਕੇ ਖ਼ੁਸ਼ੀ ਦੇ ਆਭਾਸ ਨੂੰ ਮਹਿਸੂਸਦੇ ਹੋ। ਇੰਜ ਹੀ ਜਦੋਂ ਇਨ੍ਹਾਂ ਬੂਟਿਆਂ ਨੂੰ ਵਧਦੇ ਵੇਖ ਕੇ ਤੇ ਫਿਰ ਫੁੱਲਾਂ ਨਾਲ ਖਿੜੇ ਵੇਖ ਕੇ ਤੁਹਾਡਾ ਮਨ ਖ਼ੁਸ਼ੀ ਨਾਲ ਖਿੜ ਜਾਂਦਾ ਹੈ। ਇਸੇ ਲਈ ਕਿਸੇ ਸਿਆਣੇ ਨੇ ਕਿਹਾ ਹੈ ਕਿ ਘਰ ਦੀ ਵੀ ਇੱਕ ਆਤਮਾ ਹੁੰਦੀ ਹੈ ਤੇ ਘਰ ਦੀਆਂ ਸੁੰਦਰ ਚੀਜ਼ਾਂ ਤੇ ਸ਼ਾਂਤਮਈ ਚੁੱਪ ਇਸ ਆਤਮਾ ਨੂੰ ਖ਼ੁਸ਼ੀ ਨਾਲ ਭਰੀ ਰੱਖਦੀਆਂ ਹਨ। ਇੱਕ ਨਿੱਕੇ ਬੱਚੇ ਨਾਲ ਖੇਡ ਕੇ ਖ਼ੁਸ਼ੀ ਮਿਲਦੀ ਹੈ, ਖਿੜੇ ਤੇ ਖ਼ੂਬਸੂਰਤ ਫੁੱਲ ਸਾਡੇ ਮਨ ’ਚ ਰੰਗ ਭਰ ਦਿੰਦੇ ਹਨ। ਬੱਚੇ ਦੀਆਂ ਤੋਤਲੀਆਂ ਗੱਲਾਂ ਵਿੱਚੋਂ ਖ਼ੁਸ਼ੀ ਦੇ ਫੁਆਰੇ ਫੁੱਟ ਨਿਕਲਦੇ ਹਨ। ਜਦੋਂ ਬੱਚਾ ਭੱਜਾ-ਭੱਜਾ ਆ ਕੇ ਤੁਹਾਡੀ ਗੋਦ ਵਿੱਚ ਬੈਠ ਜਾਵੇ ਤਾਂ ਤੁਹਾਡੇ ਮਨ ਨੂੰ ਅਤਿਅੰਤ ਖ਼ੁਸ਼ੀ ਤੇ ਟਿਕਾਅ ਮਿਲਦਾ ਹੈ। ਵਗਦੀਆਂ ਨਦੀਆਂ, ਉੱਡਦੇ ਪੰਛੀ ਤੇ ਦਰਿਆਵਾਂ ਦੇ ਵਹਿਣ ਸਾਨੂੰ ਖ਼ੁਸ਼ੀ ਦੇ ਦੁਆਰ ’ਤੇ ਪਹੁੰਚਾ ਦਿੰਦੇ ਹਨ।
ਬਾਹਰਲੇ ਮੁਲਕਾਂ ਵਿੱਚ ਅਨੇਕਾਂ ਵਿਦੇਸ਼ੀ ਖ਼ੁਸ਼ੀ ਦੀ ਭਾਲ ਵਿੱਚ ਐਤਵਾਰ ਵਾਲੇ ਦਿਨ ਕਿਸੇ ਰੈਸਟੋਰੈਂਟ ਵਿੱਚ ਜਾ ਕੇ ਰੱਜ ਕੇ ਖਾਣਾ ਖਾਂਦੇ ਹਨ ਤੇ ਪੀਜ਼ੇ ਤੇ ਕੋਕ ਦੇ ਘੁੱਟ ਭਰ ਕੇ ਖ਼ੁਸ਼ੀ ਲੱਭ ਲੈਂਦੇ ਹਨ। ਕਈ ਆਪਣੇ ਆਪ ਨੂੰ ਵਿਸਕੀ ਜਾਂ ਵਾਈਨ ਦੇ ਲੜ ਲਾ ਕੇ ਕਿਸੇ ਹੋਰ ਹੀ ਸੰਸਾਰ ਵਿੱਚ ਲੈ ਜਾਂਦੇ ਹਨ। ਖ਼ੁਸ਼ੀਆਂ ਵਿੱਚ ਮਸਤ ਉਹ ਇਸ ਨੂੰ ਸਵਰਗ ਸਮਝ ਬੈਠਦੇ ਹਨ। ਇੱਕ ਦਿਨ ਦੀ ਇਹ ਖ਼ਰਮਸਤੀ ਉਨ੍ਹਾਂ ਨੂੰ ਖ਼ੁਸ਼ੀ ਨਾਲ ਭਰ ਦਿੰਦੀ ਹੈ। ਪਰ ਅਸਲ ਖ਼ੁਸ਼ੀ ਤੁਹਾਡੇ ਮਨ ਦੀ ਤ੍ਰਿਪਤੀ ਹੈ। ਇੱਕ ਹੁਲਾਰਾ ਹੈ, ਜਿਸ ਨਾਲ ਤੁਸੀਂ ਆਪਣੇ ਆਪ ਨੂੰ ਇਸ ਦੁਨੀਆਂ ਦਾ ਸ਼ਹਿਨਸ਼ਾਹ ਮਹਿਸੂਸ ਕਰਦੇ ਹੋ।
ਕਈ ਹੋਰ ਵਿਦੇਸ਼ੀ ਐਤਵਾਰ ਵਾਲੇ ਦਿਨ ਸਮੁੰਦਰ ਕਿਨਾਰੇ ਸਾਰਾ ਦਿਨ ਮਸਤੀ ਵਿੱਚ ਲੰਘਾਉਂਦੇ ਹਨ। ਨੰਗੇ ਪਿੰਡੇ ਪਾਣੀ ਦੀਆਂ ਲਹਿਰਾਂ ਨਾਲ ਅਠਖੇਲੀਆਂ ਕਰਕੇ ਖ਼ੁਸ਼ ਹੁੰਦੇ ਹਨ ਤੇ ਉੱਥੇ ਹੀ ਆਪਣੇ ਬੱਚਿਆਂ ਤੇ ਪਤਨੀ ਨੂੰ ਨਾਲ ਲਿਜਾ ਕੇ ਇੱਕ ਵੱਖਰਾ ਹੀ ਸੰਸਾਰ ਸਿਰਜ ਲੈਂਦੇ ਹਨ। ਪੀਜ਼ੇ ਤੇ ਕੋਕ ਨਾਲ ਢਿੱਡ ਭਰ ਕੇ ਆਪਣੀ ਕਮਾਈ ਦੀ ਯੋਗ ਵਰਤੋਂ ਕਰਕੇ ਖ਼ੁਸ਼ ਹੁੰਦੇ ਹਨ। ਹਫ਼ਤੇ ਭਰ ਦੀ ਕਮਾਈ ਇਨ੍ਹਾਂ ਨੂੰ ਸੰਤੁਸ਼ਟੀ ਨਾਲ ਭਰ ਦਿੰਦੀ ਹੈ ਤੇ ਅਗਲੇ ਹਫ਼ਤੇ ਇਹ ਸ਼ੂਟ ਵੱਟੀ ਫਿਰ ਆਪਣੇ ਕੰਮਾਂ ਵੱਲ ਭੱਜ ਤੁਰਦੇ ਹਨ।
ਅਸਲ ਖ਼ੁਸ਼ੀ ਰੁੱਖ ’ਤੇ ਬੈਠੇ ਪੰਛੀ ਦਾ ਉਹ ਗੀਤ ਹੈ, ਜੋ ਸਾਰੀ ਫਿਜ਼ਾ ਨੂੰ ਆਪਣੇ ਰੰਗ ਵਿੱਚ ਰੰਗ ਦਿੰਦਾ ਹੈ ਜਾਂ ਕੋਈ ਭੇਡਾਂ ਚਾਰਦੇ ਤੇ ਬੱਕਰੀਆਂ ਚਾਰਦੇ ਮੁੰਡੇ ਦੀ ਬੰਸਰੀ ਦੀ ਹੇਕ ਹੈ, ਜਿਸ ਨਾਲ ਵਗਦੇ ਪਾਣੀ ਵੀ ਲਹਿਰਾਂ ਦੇ ਰੂਪ ਵਿੱਚ ਖ਼ੁਸ਼ੀ ਨਾਲ ਝੂੰਮਦੇ ਹਨ। ਰੱਬ ਨੇ ਤਾਂ ਸੰਸਾਰ ਦੇ ਹਰ ਪਾਸੇ ਹੀ ਖ਼ੁਸ਼ੀਆਂ ਬਿਖੇਰੀਆਂ ਹੋਈਆਂ ਹਨ, ਪਰ ਇਨਸਾਨ ਦੀਆਂ ਅੱਖਾਂ ਤੇ ਮਨ ਇਨ੍ਹਾਂ ਖ਼ੁਸ਼ੀਆਂ ਨੂੰ ਮਹਿਸੂਸ ਨਹੀਂ ਕਰਦੇ। ਰੱਬ ਜੋ ਇਸ ਸੰਸਾਰ ਦਾ ਸਿਰਜਕ ਹੈ, ਰੁੱਖ, ਬੂਟੇ ਤੇ ਫੁੱਲ, ਫ਼ਲ ਦੇ ਰੂਪ ਵਿੱਚ ਖ਼ੁਸ਼ੀਆਂ ਵੰਡਦਾ ਹੈ, ਪਰ ਇਨਸਾਨ ਆਪਣੇ ਖਾਲੀ ਤੇ ਉਦਾਸ ਮਨ ਨਾਲ ਇਨ੍ਹਾਂ ਨੂੰ ਮਹਿਸੂਸ ਨਹੀਂ ਕਰਦਾ।
ਜਿੰਨਾ ਚਿਰ ਤੁਸੀਂ ਆਪਣੇ ਭਟਕਦੇ ਮਨ ਨੂੰ ਆਪਣੇ ਵੱਸ ਵਿੱਚ ਨਹੀਂ ਕਰਦੇ, ਤੁਹਾਨੂੰ ਕੋਈ ਖ਼ੁਸ਼ੀ ਨਹੀਂ ਮਿਲੇਗੀ। ਖ਼ੁਸ਼ੀ ਦਾ ਸਰੋਤ ਤੁਹਾਡਾ ਅੰਦਰਲਾ ਮਨ ਹੈ। ਜੇ ਇਕਾਗਰ ਹੋ ਕੇ ਕੰਵਲ ਫੁੱਲ ਵਾਂਗ ਖਿੜ ਪਵੇ ਤਾਂ ਕਿਸੇ ਪਾਸੇ ਭੱਜਣ ਦੀ ਲੋੜ ਨਹੀਂ। ਖ਼ੁਸ਼ੀ ਦਾ ਸਮੁੰਦਰ ਤੁਹਾਡੇ ਅੰਦਰ ਹੀ ਵਗਦਾ ਹੈ। ਇਸ ਦੀਆਂ ਅਠਖੇਲੀਆਂ ਕਰਦੀਆਂ ਲਹਿਰਾਂ ਨੂੰ ਮਹਿਸੂਸ ਕਰੋ। ਤੁਸੀਂ ਖ਼ੁਸ਼ੀ ਤੋਂ ਖਾਲੀ ਨਹੀਂ ਰਹੋਗੇ। ਖ਼ੁਸ਼ੀ ਅੰਦਰ ਹੈ, ਬਾਹਰ ਨਹੀਂ। ਬਾਹਰ ਸਿਰਫ਼ ਵਿਖਾਵਾ ਹੈ।
          ਅਜੀਤ ਸਿੰਘ ਚੰਦਨ ਸੰਪਰਕ: 75290-05861