(ਹਾਂਗਕਾਂਗ), 20 ਨਵੰਬਰ : ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਭਲਕ ਤੋਂ ਇੱਥੇ ਸ਼ੁਰੂ ਹੋ ਰਹੇ ਚਾਰ ਲੱਖ ਡਾਲਰ ਇਨਾਮੀ ਹਾਂਗਕਾਂਗ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ’ਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ ਤੇ ਉਸ ਨੂੰ ਆਪਣੀ ਥਕਾਨ ਨਾਲ ਵੀ ਜੂਝਣਾ ਪਵੇਗਾ।
ਪਿਛਲੇ ਮਹੀਨੇ ਵਧੇਰੇ ਸਮਾਂ ਟੂਰਨਾਮੈਂਟ ਖੇਡਣ ’ਚ ਰੁੱਝੀ ਰਹੀ ਸਿੰਧੂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਕੋਰਟ ’ਤੇ ਉਸ ਦੀ ਰਫ਼ਤਾਰ ਥੋੜੀ ਸੁਸਤ ਰਹੀ ਹੈ। ਸਿੰਧੂ ਨੂੰ ਪਿਛਲੇ ਹਫ਼ਤੇ ਚਾਈਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ’ਚ ਚੀਨ ਦੀ ਗਾਓ ਫਾਂਗਜੀਏ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਖਿਡਾਰਨ ਨੂੰ ਇਸ ਹਾਰ ਤੋਂ ਜਲਦ ਹੀ ਉੱਭਰਨਾ ਪਵੇਗਾ ਤੇ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ’ਚ ਕੁਆਲੀਫਾਇਰ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਵੇਗਾ।
ਹੋਰਨਾਂ ਭਾਰਤੀਆਂ ’ਚ ਕੌਮੀ ਚੈਂਪੀਅਨ ਸਾਇਨਾ ਨੇਹਵਾਲ ਤੇ ਐਚਐਸ ਪ੍ਰਣਯ ਵੀ ਸਿੰਧੂ ਵਾਂਗ ਲਗਾਤਾਰ ਖੇਡ ਰਹੇ ਹਨ ਤੇ ਉਹ ਆਪਣੇ ਸੈਸ਼ਨ ਦਾ ਸ਼ਾਨਦਾਰ ਅੰਤ ਕਰਨਾ ਚਾਹੁਣਗੇ। ਪ੍ਰਣਯ ਨੂੰ ਪਹਿਲੇ ਦੌਰ ’ਚ ਹਾਂਗਕਾਂਗ ਦੇ ਹੂ ਯੁਨ ਨਾਲ ਭਿੜਨਾ ਪਵੇਗਾ ਜਦਕਿ ਸਾਇਨਾ ਨੂੰ ਸ਼ੁਰੂਆਤ ’ਚ ਡੈਨਮਾਰਕ ਦੀ ਮੇਟ ਪਾਲਸਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। -ਪੀਟੀਆਈ