80 ਤੋਂ ਵੱਧ ਭਾਸ਼ਾਵਾਂ ’ਚ ਗਾਏਗੀ ਸੁਚੇਤਾ

0
574

ਦੁਬਈ  : ਇੱਥੋਂ ਦੀ ਇੱਕ 12 ਸਾਲਾ ਭਾਰਤੀ ਲੜਕੀ, ਜੋ ਕਿ 80 ਭਾਸ਼ਾਵਾਂ ’ਚ ਗੀਤ ਗਾ ਲੈਂਦੀ ਹੈ, ਵੱਲੋਂ ਇੱਕ ਸਮਾਗਮ ’ਚ ਵੱਧ ਤੋਂ ਵੱਧ ਭਾਸ਼ਾਵਾਂ ’ਚ ਗੀਤ ਗਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦੁਬਈ ਦੇ ਇੰਡੀਅਨ ਹਾਈ ਸਕੂਲ ’ਚ ਸੱਤਵੀਂ ਜਮਾਤ ਦੀ ਵਿਦਿਆਰਥਣ ਸੁਚੇਤਾ ਸਤੀਸ਼ 29 ਦਸੰਬਰ ਨੂੰ ਹੋ ਰਹੇ ਇੱਕ ਸਮਾਗਮ ’ਚ 85 ਭਾਸ਼ਾਵਾਂ ’ਚ ਗੀਤ ਗਾਉਣ ਦੀ ਕੋਸ਼ਿਸ਼ ਕਰੇਗੀ। ਉਹ 80 ਭਾਸ਼ਾਵਾਂ ’ਚ ਗੀਤ ਗਾ ਸਕਦੀ ਹੈ ਤੇ ਇਹ ਹੁਨਰ ਉਸ ਨੇ ਸਿਰਫ਼ ਇੱਕ ਸਾਲ ਅੰਦਰ ਹਾਸਲ ਕਰ ਲਿਆ। ਉਸ ਦੀ ਯੋਜਨਾ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਪੰਜ ਹੋਰ ਭਾਸ਼ਾਵਾਂ ’ਚ ਗੀਤ ਸਿੱਖਣ ਦੀ ਹੈ। ਮੂਲ ਤੌਰ ’ਤੇ ਕੇਰਲਾ ਤੋਂ ਆਈ ਸੁਚੇਤਾ ਪਹਿਲਾਂ ਹੀ ਹਿੰਦੀ, ਮਲਿਆਲਮ ਤੇ ਤਾਮਿਲ ਵਰਗੀਆਂ ਕੁਝ ਭਾਰਤੀ ਭਾਸ਼ਾਵਾਂ ਦੇ ਗੀਤ ਗਾ ਲੈਂਦੀ ਹੈ। ਉਸ ਨੇ ਸਕੂਲ ਮੁਕਾਬਲਿਆਂ ’ਚ ਅੰਗਰੇਜ਼ੀ ਗੀਤ ਵੀ ਗਾਏ ਹਨ। ਪਰ ਉਸ ਨੇ ਸਿਰਫ਼ ਸਾਲ ਪਹਿਲਾਂ ਹੀ ਵਿਦੇਸ਼ੀ ਭਾਸ਼ਾਵਾਂ ’ਚ ਗੀਤ ਗਾਉਣੇ ਸ਼ੁਰੂ ਕੀਤੇ ਹਨ।
ਸੁਚੇਤਾ ਨੇ ਦੱਸਿਆ ਕਿ ਵਿਦੇਸ਼ੀ ਭਾਸ਼ਾਵਾਂ ’ਚ ਜੋ ਉਸ ਦਾ ਪਹਿਲਾ ਗੀਤ ਸੀ ਉਹ ਜਪਾਨੀ ਭਾਸ਼ਾ ’ਚ ਸੀ। ਉਸ ਨੇ ਦੱਸਿਆ ਕਿ ਜੇਕਰ ਗੀਤ ਸੌਖਾ ਹੋਵੇ ਤਾਂ ਉਹ ਇਸ ਨੂੰ ਸੌਖਿਆਂ ਹੀ ਯਾਦ ਕਰ ਲੈਂਦੀ ਹੈ ਤੇ ਜੇਕਰ ਗੀਤ ਛੋਟਾ ਹੋਵੇ ਤਾਂ ਉਹ ਇਸ ਨੂੰ ਅੱਧੇ ਘੰਟੇ ’ਚ ਖਤਮ ਕਰ ਦਿੰਦੀ ਹੈ। ਗਿੰਨੀਜ਼ ਵਿਸ਼ਵ ਰਿਕਾਡਜ਼ ਅਨੁਸਾਰ ਹੁਣ ਤੱਕ ਸਭ ਤੋਂ ਵੱਧ ਭਾਸ਼ਾਵਾਂ ’ਚ ਗੀਤ ਗਾਉਣ ਦਾ ਰਿਕਾਰਡ ਭਾਰਤ     ਦੇ ਹੀ ਆਂਧਰਾ ਪ੍ਰਦੇਸ਼ ’ਚ ਗਾਂਧੀ ਹਿੱਲਜ਼ ਦੇ ਵਾਸੀ ਕੇਸੀਰਾਜੂ ਸ੍ਰੀਨਿਵਾਸ ਦੇ ਨਾਂ ਹੈ, ਜਿਸ ਨੇ 76 ਭਾਸ਼ਾਵਾਂ ’ਚ ਗੀਤ ਗਾਏ ਸੀ।    -ਪੀਟੀਆਈ