ਨਵੀਂ ਦਿੱਲੀ — ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸੂਬੇ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਕੰਪਨੀ ‘ਤੇ ਵਪਾਰ ਵਿਚ ਹੇਰਾਫੇਰੀ ਨੂੰ ਲੈ ਕੇ ਸੇਬੀ ਨੇ 15 ਲੱਖ ਰੁਪਏ ਦਾ ਜੁਰਮਾਨਾ ਲਾ ਦਿੱਤਾ।
ਸੇਬੀ ਨੇ ਰੂਪਾਨੀ ਦੇ ਹਿੰਦੂ ਅੰਨ ਵੰਡੇ ਪਰਿਵਾਰ ਭਾਵ ਐੱਚ. ਯੂ. ਐੱਫ. ਖਾਤੇ ਸਮੇਤ 22 ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਾਰੰਗ ਕੈਮੀਕਲਜ਼ ਕੰਪਨੀ ਦੇ ਸ਼ੇਅਰਾਂ ਦੇ ਮੁਲ ਵਧਾਉਣ ਲਈ ਨਿਯਮਾਂ ਦੀ ਉਲੰਘਣਾ ਕਰਕੇ ਹੇਰਾਫੇਰੀ ਕਰਨ ਦਾ ਦੋਸ਼ੀ ਪਾਇਆ ਹੈ।
ਸੇਬੀ ਦੇ ਹੁਕਮਾਂ ਮੁਤਾਬਕ ਜਨਵਰੀ ਤੋਂ ਲੈ ਕੇ ਜੂਨ 2011 ਵਿਚ ਇਹ ਹੇਰ-ਫੇਰ ਕੀਤਾ ਗਿਆ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੇ ਨਿਵੇਸ਼ਕਾਂ ਨੂੰ ਖਿੱਚਣ ਲਈ ਇਕ-ਦੂਜੇ ਦੇ ਸ਼ੇਅਰਾਂ ਦਾ ਵਪਾਰ ਕੀਤਾ। ਸੇਬੀ ਨੇ 22 ਕੰਪਨੀਆਂ ‘ਤੇ ਕੁਲ 6.9 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਜਿਨ੍ਹਾਂ ‘ਚੋਂ ਇਕ ਵਿਜੇ ਰੂਪਾਨੀ ਦੀ ਕੰਪਨੀ ਹੈ। ਰੂਪਾਨੀ ਨੂੰ ਜੁਰਮਾਨਾ 45 ਦਿਨ ਅੰਦਰ ਦੇਣਾ ਹੋਵੇਗਾ। ਮਈ 2016 ਵਿਚ ਸੇਬੀ ਨੇ ਇਕ ਨੋਟਿਸ ਜਾਰੀ ਕਰਕੇ ਕਿਹਾ ਸੀ ਕਿ ਇਨ੍ਹਾਂ 22 ਕੰਪਨੀਆਂ ਨੇ ਸੇਬੀ ਦੇ ਐਕਟ ਦੀ ਉਲੰਘਣਾ ਕੀਤੀ ਹੈ।
ਰੂਪਾਨੀ ਨੂੰ ਕਰੋ ਬਰਤਰਫ : ਕਾਂਗਰਸ ਨੇ ਕਿਹਾ ਹੈ ਕਿ ਸੇਬੀ ਨੇ ਵਿਜੇ ਰੂਪਾਨੀ ਨੂੰ ਸ਼ੇਅਰ ਬਾਜ਼ਾਰ ਦੇ ਕਾਰੋਬਾਰ ਵਿਚ ਹੇਰਾਫੇਰੀ ਕਰਨ ਦਾ ਦੋਸ਼ੀ ਮੰਨਿਆ ਹੈ। ਇਸ ਲਈ ਉਨ੍ਹਾਂ ਨੂੰ ਤੁਰੰਤ ਬਰਤਰਫ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਅਤੇ ਪਾਰਟੀ ਦੇ ਸੀਨੀਅਰ ਨੇਤਾ ਅਖਿਲੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਰੂਪਾਨੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।
ਰਾਹੁਲ ਨੇ ਮੋਦੀ ‘ਤੇ ਕੀਤੀ ਟਿੱਪਣੀ
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਰੂਪਾਨੀ ਦੇ ਬਹਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ” ਨਾ ਖਾਓਂਗਾ, ਨਾ ਖਾਨੇ ਦੂੰਗਾ, ਸ਼ਾਹ-ਜ਼ਿਆਦਾ, ਸ਼ੌਰਿਆ ਔਰ ਅਬ ਵਿਜੇ ਰੂਪਾਨੀ।”