ਦੀਵਾਲੀ ਨੂੰ ਆਮ ਕਰਕੇ ਸ਼੍ਰੀ ਰਾਮ ਦੇ ਅਯੁਧਿਆ ਵਿਚ ਵਾਪਸ ਆਉਣ ਤੇ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲੇ ਵਿਚੋ ਰਿਹਾਈ ਨਾਲ ਹੀ ਜੋੜਿਆ ਜਾਦਾ ਹੈ। ਇਸ ਤੋ ਇਲਾਵਾਂ ਦੀਵਾਲੀ ਦਾ ਗੂੜਾਂ ਸਬੰਧ ਭਾਈ ਮਨੀ ਸਿੰਘ ਨਾਲ ਵੀ ਹੈ। ਉਨ੍ਹਾਂ ਨੂੰ ਦੀਵਾਲੀ ਦੇ ਸੰਬੰਧ ਵਿਚ ਹੀ ਸ਼ਹੀਦ ਕੀਤਾ ਗਿਆ ਸੀ। ਇਸ ਲਈ ਸਿੱਖ ਸੰਗਤਾਂ ਭਾਈ ਮਨੀ ਸਿੰਘ ਜੀ ਨੂੰ ਵੀ ਇਸ ਦਿਨ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਹਨ।
ਭਾਈ ਮਨੀ ਸਿੰਘ ਜੀ ਸਿੱਖਾਂ ਵਿਚ ਬਹੁਤ ਹੀ ਸਤਿਕਾਰਯੋਗ ਹਸਤੀ ਹਨ। ਆਪ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਜੀ ਦਾ ਹੈੱਡ ਗ੍ਰੰਥੀ ਬਣਾ ਕੇ ਭੇਜਿਆ ਸੀ। ਇਹ ਗੱਲ 1738 ਈਸਵੀ ਦੀ ਹੈ। ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਦੀਆਂ ਸੰਗਤਾਂ ਨਾਲ ਸਲਾਹ ਕੀਤੀ ਕਿ ਇਸ ਸਾਲ ਦੀਵਾਲੀ ਦੇ ਮੌਕੇ 10 ਦਿਨ ਦਾ ਮੇਲਾ ਲਾਇਆ ਜਾਵੇ। ਇਸ ਮੇਲੇ ਲਈ ਮਨਜ਼ੂਰੀ ਲਾਹੌਰ ਦੇ ਗਵਰਨਰ ਨੇ ਦੇਣੀ ਸੀ। ਸਾਰਿਆਂ ਦੀ ਸਲਾਹ ਨਾਲ ਭਾਈ ਮਨੀ ਸਿੰਘ ਜੀ ਨੇ ਇਕ ਪੱਤਰ ਲਾਹੌਰ ਦੇ ਗਵਰਨਰ ਨੂੰ ਲਿਖ ਕੇ ਮੇਲੇ ਦੀ ਆਗਿਆ ਮੰਗੀ। ਗਵਰਨਰ ਨੇ ਆਗਿਆ ਤਾਂ ਦੇ ਦਿੱਤੀ ਪਰ ਸ਼ਰਤ ਇਹ ਰੱਖੀ ਕਿ ਮੇਲੇ ਤੋਂ ਬਾਅਦ ਭਾਈ ਮਨੀ ਸਿੰਘ ਜੀ ਸਰਕਾਰ ਨੂੰ 5 ਹਜ਼ਾਰ ਰੁਪਏ ਬਤੌਰ ਮੇਲਾ ਕਰ ਅਦਾ ਕਰਨਗੇ। ਆਗਿਆ ਮਿਲਣ ਮਗਰੋਂ ਸਾਰੇ ਹੀ ਸਿੱਖਾਂ ਨੂੰ ਮੇਲੇ ਵਿਚ ਪੁੱਜਣ ਲਈ ਸੁਨੇਹੇ ਭੇਜ ਦਿੱਤੇ ਗਏ। ਲੋਕ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਮਨਾਉਣ ਲਈ ਤਿਆਰ ਹੋ ਗਏ ਤੇ ਹੁੰਮ-ਹੁਮਾ ਕੇ ਘਰੋਂ ਅੰਮ੍ਰਿਤਸਰ ਲਈ ਚੱਲ ਪਏ। ਓਧਰ ਮੁਗਲਾਂ ਨੇ ਮੇਲੇ ਵਿਚ ਇਕੱਠੇ ਹੋਏ ਸਿੱਖਾਂ ਨੂੰ ਖਤਮ ਕਰਨ ਦੀ ਯੋਜਨਾ ਬਣਾ ਲਈ ਕਿ ਜਦੋਂ ਸਾਰੇ ਹੀ ਸਿੱਖ ਮੇਲੇ ਵਿਚ ਆਏ ਹੋਣਗੇ ਤਾਂ ਸਾਰਿਆਂ ‘ਤੇ ਹੀ ਤੋਪਾਂ ਤੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਭਾਈ ਮਨੀ ਸਿੰਘ ਜੀ ਨੂੰ ਵੀ ਇਸ ਚਾਲ ਦਾ ਪਤਾ ਲੱਗ ਗਿਆ। ਉਨ੍ਹਾਂ ਨੇ ਤੁਰੰਤ ਵਾਪਿਸ ਸੁਨੇਹੇ ਭੇਜੇ ਕਿ ਕੋਈ ਵੀ ਸਿੱਖ ਅੰਮ੍ਰਿਤਸਰ ਨਾ ਆਵੇ, ਨਹੀਂ ਤਾਂ ਮੁਗਲਾਂ ਨੇ ਸਿੱਖਾਂ ‘ਤੇ ਗੋਲੀਆਂ ਚਲਾ ਦੇਣੀਆਂ ਹਨ। ਬਹੁਤ ਸਾਰੇ ਸਿੱਖ ਤਾਂ ਰੁਕ ਗਏ ਪਰ ਦੂਰ-ਦੁਰਾਡੇ ਸੁਨੇਹੇ ਨਾ ਪੁੱਜਣ ਕਰਕੇ ਫਿਰ ਵੀ ਕਾਫੀ ਸਿੰਘ ਅੰਮ੍ਰਿਤਸਰ ਆ ਗਏ।
ਗਵਰਨਰ ਨੇ ਦੀਵਾਨ ਲਖਪਤ ਰਾਇ ਦੀ ਅਗਵਾਈ ਵਿਚ ਫੌਜ ਅੰਮ੍ਰਿਤਸਰ ਭੇਜ ਦਿੱਤੀ। ਭਾਈ ਮਨੀ ਸਿੰਘ ਜੀ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਇਹ ਤਾਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਭੇਜੀ ਗਈ ਹੈ। ਹੋਇਆ ਇਹ ਕਿ ਫੌਜ ਨੇ ਗੋਲੀਆਂ ਚਲਾ ਦਿੱਤੀਆਂ ਤੇ ਕਈ ਸਿੰਘ ਸ਼ਹੀਦ ਹੋ ਗਏ ਤੇ ਮੇਲਾ ਨਾ ਭਰ ਸਕਿਆ। ਹੁਣ ਗਵਰਨਰ ਨੇ 5 ਹਜ਼ਾਰ ਰੁਪਏ ਕਰ ਦੀ ਮੰਗ ਕੀਤੀ। ਭਾਈ ਸਾਹਿਬ ਨੇ ਕਿਹਾ ਕਿ ਜਦੋਂ ਮੇਲਾ ਹੀ ਨਹੀਂ ਭਰਨ ਦਿੱਤਾ ਗਿਆ ਤਾਂ ਕਰ ਕਿਹੜੀ ਗੱਲ ਦਾ। ਮੁੱਕਦੀ ਗੱਲ ਇਹ ਕਿ ਇਸੇ ਦੋਸ਼ ਵਿਚ ਭਾਈ ਸਾਹਿਬ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ ਗਿਆ। ਭਾਈ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ ਦੌੜ ਗਈ। ਇਸੇ ਲਈ ਸਿੱਖ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦੀਵਾਲੀ ਦੇ ਦਿਨ ਹੀ ਭੇਟ ਕਰਦੇ ਹਨ।