ਨਵੀਂ ਦਿੱਲੀ : ਉੱਤਰ ਭਾਰਤ ’ਚ ਵੀਰਵਾਰ ਨੂੰ ਵੀ ਸੀਤ ਲਹਿਰ ਕਾਰਨ ਪੰਜਾਬ ਤੇ ਦਿੱਲੀ ਸਮੇਤ ਆਸ-ਪਾਸ ਦੇ ਸਾਰੇ ਪ੍ਰਮੁੱਖ ਸ਼ਹਿਰਾਂ ’ਚ ਠੰਢ ਕਾਇਮ ਰਹੀ। ਉੱਥੇ ਹੀ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਘੱਟ ਹੋਣ ਨਾਲ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਵਾਸੀਆਂ ਦੀ ਇਕ ਹੋਰ ਸਵੇਰ ਠੰਢੀ ਤੇ ਧੁੰਦ ਭਰੀ ਰਹੀ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 5.8 ਡਿਗਰੀ ਰਿਕਾਰਡ ਕੀਤਾ ਗਿਆ, ਜਿਹੜਾ ਆਮ ਨਾਲੋਂ ਦੋ ਡਿਗਰੀ ਘੱਟ ਹੈ। ਵੱਧ ਤੋਂ ਵੱਧ ਤਾਪਮਾਨ 18.1 ਡਿਗਰੀ ਸੈਲਸੀਅਸ ਰਿਹਾ, ਜਿਹੜਾ ਆਮ ਨਾਲੋਂ ਦੋ ਡਿਗਰੀ ਘੱਟ ਹੈ। ਉੱਥੇ ਹੀ ਪਹਾੜਾਂ ’ਚ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੱਕ ਲੋਕਾਂ ਨੂੰ ਜ਼ਬਰਦਸਤ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਾਜਸਥਾਨ ’ਚ ਇਸ ਸਰਦੀ ਦੇ ਮੌਸਮ ’ਚ ਇਸ ਸਾਲ ਪਹਿਲੀ ਵਾਰ ਖੁੱਲ੍ਹੇ ਖੇਤਾਂ ’ਚ ਬਰਫ਼ ਜੰਮੀ ਹੋਈ ਨਜ਼ਰ ਆਈ। ਚੁਰੂ, ਸੀਕਰ ਤੇ ਬੀਕਾਨੇਰ ਜ਼ਿਲ੍ਹਿਆਂ ’ਚ ਖੇਤਾਂ ’ਚ ਬਰਫ਼ ਜੰਮੀ ਦਿਸੀ। ਮਾਊਂਟ ਆਬੂ ’ਚ ਦੋ ਦਿਨ ’ਚ ਹੀ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਇੱਥੇ ਤਾਪਮਾਨ ਚਾਰ ਡਿਗਰੀ ਸੈਲਸੀਅਸ ਸੀ। ਵੀਰਵਾਰ ਸਵੇਰੇ ਇਹ ਮਾਈਨਸ ਤਿੰਨ ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਇਸ ਨਾਲ ਪੂਰੇ ਇਲਾਕੇ ’ਚ ਠੰਢ ਵਧ ਗਈ। ਉੱਥੇ ਹੀ ਸੀਕਰ ਜ਼ਿਲ੍ਹੇ ’ਚ ਵੀ ਤਾਪਮਾਨ ਸਿਫਰ ਬਿੰਦੂ ਦੇ ਕਰੀਬ 9.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਸਥਾਨ ’ਚ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ’ਚ ਹੋਰ ਗੰਭੀਰ ਸਥਿਤੀ ਦੀ ਚਿਤਾਵਨੀ ਦਿੱਤੀ ਹੈ।
ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਰਟਰ ਵਿਕਰਮ ਸਿੰਘ ਮੁਤਾਬਕ, ਅਗਲੇ ਦੋ ਦਿਨ ਉੱਤਰਾਖੰਡ ’ਚ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ। ਇਸ ਹਾਲਤ ’ਚ ਮੈਦਾਨੀ ਖੇਤਰਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਹਾੜੀ ਖੇਤਰਾਂ ’ਚ ਪਾਰਾ ਪਰੇਸ਼ਾਨੀ ਵਧਾ ਸਕਦਾ ਹੈ। ਧੁੰਦ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।