ਹੁਣ ਨੰਬਰਦਾਰ ਤੋਂ ਬਿਨਾਂ ਵੀ ਹੋ ਸਕੇਗੀ ਰਜਿਸਟਰੀ

0
701

ਜਲੰਧਰ – ਜਲੰਧਰ ਅਤੇ ਮੋਗਾ ਜ਼ਿਲਿ੍ਹਆਂ ‘ਚ ਜ਼ਮੀਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦੇ ਪਾਇਲਟ ਪ੍ਰਾਜੈਕਟ ਦਾ ਨਿਰੀਖਣ ਕਰਨ ਤੋਂ ਬਾਅਦ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਮਾਲ ਤੇ ਮਕਾਨ ਉਸਾਰੀ ਵਿਭਾਗ ਵਿੰਨੀ ਮਹਾਜਨ ਨੇ ਮਾਲ ਵਿਭਾਗ ‘ਚ ਪਾਰਦਰਸ਼ਤਾ ਲਿਆਉਣ ਅਤੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਿੱਥੇ ਇਸ ਪ੍ਰਾਜੈਕਟ ਨੂੰ ਪੂਰੇ ਪੰਜਾਬ ‘ਚ ਲਾਗੂ ਕਰਨ ਦਾ ਐਲਾਨ ਕੀਤਾ ਉੱਥੇ ਰੀਅਲ ਐਸਟੇਟ ਦੇ ਕੰਮ ‘ਚ ਆਈ ਖੜੋਤ ਨੂੰ ਤੋੜਨ ਲਈ ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਸਰਕਾਰ ਵਲੋਂ ਇਸੇ ਸਾਲ ਦੇ ਅੰਤ ਤੱਕ ਲਿਆਂਦੀ ਜਾ ਰਹੀ ਨਵੀਂ ਨੀਤੀ ਦਾ ਵੀ ਖੁਲਾਸਾ ਕੀਤਾ | ਸਥਾਨਕ ਸਰਕਟ ਹਾਊਸ ਵਿਖੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਲ ਵਿਭਾਗ ‘ਚ ਵਿਆਪਕ ਸੁਧਾਰਾਂ ਅਤੇ ਰਜਿਸਟਰੇਸ਼ਨ ਦਾ ਕੰਮ ਆਨਲਾਈਨ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਇਸ ਦੇ ਨਾਲ ਹੀ ਵਿੰਨੀ ਮਹਾਜਨ ਨੇ ਇਕ ਹੋਰ ਮਹੱਤਵਪੂਰਣ ਐਲਾਨ ਕਰਦਿਆਂ ਕਿਹਾ ਕਿ ਹੁਣ ਰਜਿਸਟਰੀਆਂ ਲਈ ਨੰਬਰਦਾਰ ਦੀ ਤਸਦੀਕ ਜ਼ਰੂਰੀ ਨਹੀਂ ਹੈ ਤੇ ਵਿਸ਼ੇਸ਼ ਮਾਮਲਿਆਂ ‘ਚ ਜੇਕਰ ਨੰਬਰਦਾਰ ਉਪਲਬੱਧ ਨਹੀਂ ਹੁੰਦਾ ਤਾਂ ਸਬ-ਰਜਿਸਟਰਾਰ ਵਲੋਂ ਆਧਾਰ ਕਾਰਡ ਜਾਂ ਵੋਟਰ ਸ਼ਨਾਖਤੀ ਕਾਰਡ ਦੇ ਆਧਾਰ ‘ਤੇ ਵੀ ਸਬੰਧਿਤ ਵਿਅਕਤੀ ਦੇ ਨਾਂਅ ‘ਤੇ ਰਜਿਸਟਰੀ ਕੀਤੀ ਜਾ ਸਕਦੀ ਹੈ | ਇਸ ਮੌਕੇ ਉਨ੍ਹਾਂ ਜ਼ਮੀਨ ਦੀ ਨਿਸ਼ਾਨਦੇਹੀ ਤੇ ਪੈਮਾਇਸ਼ ਲਈ 5 ਜ਼ਿਲਿ੍ਹਆਂ ‘ਚ ਲਾਗੂ ਕੀਤੇ ਗਏ ‘ਇਲੈਕਟ੍ਰਾਨਿਕ ਟੋਟਲ ਸਟੇਸ਼ਨ’ (ਈ. ਟੀ. ਐਸ.) ਸਿਸਟਮ ਨੂੰ ਵੀ ਸਫ਼ਲ ਦੱਸਦਿਆਂ ਕਿਹਾ ਕਿ ਇਹ ਬਿਜਲਈ ਯੰਤਰ ਜਲਦ ਹੀ ‘ਜ਼ਰੀਬ’ ਦੀ ਥਾਂ ਲੈ ਲਵੇਗਾ | ਉਨ੍ਹਾਂ ਮਾਲ ਵਿਭਾਗ ਨਾਲ ਸਬੰਧਿਤ ਇਮਾਰਤਾਂ ਦੇ ਸੁਧਾਰ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਬਹੁਤ ਸਾਰੀਆਂ ਇਮਾਰਤਾਂ ਦੀ ਇਤਿਹਾਸਿਕ ਪੱਖ ਤੋਂ ਆਪਣੀ ਮਹੱਤਤਾ ਹੈ ਤੇ ਅਜਿਹੀਆਂ ਇਮਾਰਤਾਂ ਦੀ ਪੁਰਾਤਨ ਵਿਰਾਸਤ ਦਿੱਖ ਨੂੰ ਵੀ ਕਾਇਮ ਰੱਖਣ ਦਾ ਯਤਨ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਤੇ ਨਿਯਮਤ ਕਾਲੋਨੀਆਂ ਦੀ ਉਸਾਰੀ ਨੂੰ ਹੁਲਾਰਾ ਦੇਣ ਲਈ ਨਵੀਂ ਨੀਤੀ ਦਸੰਬਰ ਮਹੀਨੇ ਵਿਚ ਲਿਆਂਦੀ ਜਾ ਰਹੀ ਹੈ ਤੇ ਇਸ ਨਾਲ ਰੀਅਲ ਐਸਟੇਟ ਨੂੰ ਕਾਫ਼ੀ ਹੁਲਾਰਾ ਮਿਲੇਗਾ | ਸਰਕਾਰੀ ਜਾਇਦਾਦਾਂ ਦੀ ‘ਈ-ਆਕਸ਼ਨ’ (ਆਨਲਾਈਨ ਬੋਲੀ) ਨੂੰ ਸਫ਼ਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਰੀਅਲ ਅਸਟੇਟ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ | ਸਰਕਾਰ ਵਲੋਂ ਹੁਣ ਤੱਕ 2 ਵਾਰ ‘ਈ-ਆਕਸ਼ਨ’ ਕੀਤੀ ਗਈ ਹੈ, ਜਿਸ ਵਿਚ ਪਹਿਲੀ ਵਾਰ 250 ਕਰੋੜ ਰੁਪਏ ਅਤੇ ਦੂਜੀ ਵਾਰ 400 ਕਰੋੜ ਰੁਪਏ ਦਾ ਮਾਲੀਆ ਪੰਜਾਬ ਸਰਕਾਰ ਨੂੰ ਪ੍ਰਾਪਤ ਹੋਇਆ ਹੈ | ਇਸ ਮੌਕੇ ਉਨ੍ਹਾਂ ਨਾਲ ਸੁਨੀਲ ਭਾਟੀਆ ਸਪੈਸ਼ਲ ਸਕੱਤਰ ਮਾਲ ਵਿਭਾਗ, ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸ਼ਕ ਗਿਰੀਸ਼ ਦਿਆਲਨ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਪ੍ਰਵਿੰਦਰ ਕੋਰਪਾਲ, ਮੋਹਨ ਸਿੰਘ ਅਤੇ ਵਿਜੇਪਾਲ ਸਿੰਘ ਆਦਿ ਅਧਿਕਾਰੀ ਵੀ ਮੌਜੂਦ ਸਨ |