ਬੁਨਿਆਦੀ ਢਾਂਚੇ, ਸਮਾਜਿਕ ਸੁਰੱਖਿਆ ‘ਚ ਪੰਜਾਬ ਮੋਹਰੀ ਰਾਜਾਂ ‘ਚ ਸ਼ਾਮਿਲ

0
278

ਨਵੀਂ ਦਿੱਲੀ, 22 ਜੁਲਾਈ-ਪ੍ਰਸ਼ਾਸਨ ਪੱਖੋਂ ਦੇਸ਼ ‘ਚ ਬਿਹਤਰੀਨ ਸ਼ਾਸਿਤ ਰਾਜਾਂ ਦੀ ਸੂਚੀ ‘ਚ ਕੇਰਲ ਦਾ ਨਾਂਅ ਸਭ ਤੋਂ ਉੱਪਰ ਹੈ ਜਦਕਿ ਇਸ 30 ਰਾਜਾਂ ਦੀ ਸੂਚੀ ‘ਚ ਪੰਜਾਬ ਨੇ 7ਵੇਂ ਨੰਬਰ ‘ਤੇ ਆਪਣੀ ਥਾਂਅ ਬਣਾਈ ਹੈ | ਉਕਤ ਅੰਕੜੇ ਪਬਲਿਕ ਅਫ਼ੇਅਰਜ਼ ਸੈਂਟਰ ਵਲੋਂ ਜਾਰੀ ਕੀਤੇ ਗਏ ਪਬਲਿਕ ਅਫ਼ੇਅਰਜ਼ ਸੂਚਕ ਅੰਕ 2018 ਰਾਹੀਂ ਜਨਤਕ ਕੀਤੇ ਗਏ | ਸੂਚੀ ਮੁਤਾਬਕ ਤਾਮਿਲਨਾਡੂ ਦੂਜੇ ਤੇਲੰਗਾਨਾ ਤੀਜੇ, ਕਰਨਾਟਕ ਚੌਥੇ ਅਤੇ ਗੁਜਰਾਤ ਪੰਜਵੇਂ ਨੰਬਰ ‘ਤੇ ਹੈ | ਸੰਨ 2016 ਤੋਂ ਜਾਰੀ ਕੀਤੇ ਜਾਣ ਵਾਲੇ ਇਸ ਸੂਚਕ ‘ਚ ਪ੍ਰਸ਼ਾਸਨ ਦੇ ਪੱਧਰ ਨੂੰ 10 ਮੁੱਖ ਆਧਾਰਾਂ ‘ਤੇ ਨਾਪਿਆ ਜਾਂਦਾ ਹੈ | ਸਮਾਜਿਕ ਅਤੇ ਆਰਥਿਕ ਨੁਕਤਿਆਂ ਦੇ ਆਧਾਰ ‘ਤੇ ਤਕਸੀਮ ਕੀਤੇ 10 ਆਧਾਰਾਂ ਨੂੰ ਹੋਰ ਵਿਆਪਕ ਕਰਦਿਆਂ ਕੁੱਲ 30 ਨੁਕਤੇ ਇਸ ਸੂਚੀ ‘ਚ ਸ਼ਾਮਿਲ ਕੀਤੇ ਗਏ ਹਨ | ਆਰਥਿਕ ਸੁਤੰਤਰਤਾ, ਬੁਨਿਆਦੀ ਢਾਂਚਾ, ਮਨੁੱਖੀ ਵਸੀਲੇ, ਪਾਰਦਰਸ਼ਤਾ ਅਤੇ ਜਵਾਬਦੇਹੀ, ਸਮਾਜਿਕ ਸੁਰੱਖਿਆ, ਵਾਤਾਵਰਨ,ਔਰਤਾਂ ਅਤੇ ਬੱਚਿਆਂ ਨਿਆਂ ਅਮਲ, ਜੁਰਮ ਅਤੇ ਬੱਚਿਆਂ ਦੇ ਵਿਕਾਸ ਦੇ 10 ਮੁੱਖ ਆਧਾਰਾਂ ‘ਤੇ ਇਹ ਸੂਚੀ ਤਿਆਰ ਕੀਤੀ ਗਈ ਹੈ | ਜਿਸ ‘ਚ ਬੁਨਿਆਦੀ ਢਾਂਚੇ ਸਮਾਜ ਸੁਰੱਖਿਆ, ਬੱਚਿਆਂ ਦੇ ਵਿਕਾਸ ਅਤੇ ਨਿਆਂ ਦੇ ਅਮਲ ‘ਚ ਪੰਜਾਬ ਦਾ ਪ੍ਰਦਰਸ਼ਨ ਕਾਫ਼ੀ ‘ਸੰਤੋਖਜਨਕ’ ਕਰਾਰ ਦਿੱਤਾ ਗਿਆ ਹਨ |
ਬੁਨਿਆਦੀ ਢਾਂਚੇ ‘ਚ ਚੌਥੇ ਨੰਬਰ ‘ਤੇ ਪੰਜਾਬ
ਬਿਜਲੀ, ਪਾਣੀ, ਸੜਕਾਂ ਅਤੇ ਮਕਾਨਾਂ ਜਿਹੇ ਸੂਚਕਾਂ ਦੇ ਆਧਾਰ ‘ਤੇ ਤਿਆਰ ਕੀਤੇ ਬੁਨਿਆਦੀ ਢਾਂਚੇ ‘ਚ ਪੰਜਾਬ ਦੇਸ਼ ‘ਚੋਂ ਚੌਥੇ ਸਥਾਨ ‘ਤੇ ਹੈ ਜਦਕਿ ਗੋਆ, ਕੇਰਲ ਅਤੇ ਦਿੱਲੀ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਹੈ |